ਨਵੀਂ ਦਿੱਲੀ— ਕਾਂਗਰਸ ਪਾਰਟੀ ਗੁਜਰਾਤ 'ਚ ਹਾਰਨ ਦੇ ਬਾਵਜੂਦ ਭਾਵੇਂ ਆਪਣੇ-ਆਪ ਨੂੰ ਜੇਤੂ ਮਹਿਸੂਸ ਕਰ ਰਹੀ ਹੋਵੇ ਪਰ ਇਹ ਪੁਰਾਣੀ ਪਾਰਟੀ ਭਵਿੱਖ 'ਚ ਆਉਣ ਵਾਲੀਆਂ ਚੁਣੌਤੀਆਂ ਦਾ ਵੀ ਨਾਲੋ-ਨਾਲ ਸਾਹਮਣਾ ਕਰ ਰਹੀ ਹੈ। ਰਿਪੋਰਟਾਂ ਦੇ ਉਲਟ, ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਸੋਨੀਆ ਗਾਂਧੀ ਸਿਆਸਤ ਤੋਂ ਰਿਟਾਇਰ ਹੋ ਰਹੀ ਹੈ। ਉਲਟਾ ਉਹ ਹੁਣ ਪਾਰਟੀ 'ਚ ਹੋਰ ਵੀ ਸਰਗਰਮ ਭੂਮਿਕਾ ਨਿਭਾਏਗੀ। ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ (ਯੂ. ਪੀ. ਏ.) ਨੂੰ ਇਕ ਨਵਾਂ ਰੂਪ ਦਿੱਤਾ ਜਾਵੇਗਾ। ਸੋਨੀਆ ਗਾਂਧੀ ਯੂ. ਪੀ. ਏ. ਦੀ ਚੇਅਰਪਰਸਨ ਬਣੀ ਰਹੇਗੀ। ਪਤਾ ਲੱਗਾ ਹੈ ਕਿ ਕਿਸੇ ਹੋਰ ਸਹਿਯੋਗੀ ਪਾਰਟੀ ਦੇ ਆਗੂ ਨੂੰ ਯੂ. ਪੀ. ਏ. ਦਾ ਕਨਵੀਨਰ ਬਣਾਇਆ ਜਾਵੇਗਾ ਜੋ ਪਾਰਟੀ 'ਚ ਇਕ ਪ੍ਰਮੁੱਖ ਭੂਮਿਕਾ ਅਦਾ ਕਰੇਗਾ।
ਵਿਰੋਧੀ ਧਿਰ ਦੇ ਇਕ ਬਜ਼ੁਰਗ ਆਗੂ ਸ਼ਰਦ ਯਾਦਵ ਦਾ ਨਾਂ ਯੂ. ਪੀ. ਏ. ਦੇ ਨਵੇਂ ਕਨਵੀਨਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਯੂ. ਪੀ. ਏ.-1 ਅਤੇ ਯੂ. ਪੀ.ਏ-2 'ਚ ਕੋਈ ਵੀ ਕਨਵੀਨਰ ਨਹੀਂ ਸੀ। ਹੁਣ ਇਹ ਮਹਿਸੂਸ ਕੀਤਾ ਗਿਆ ਹੈ ਕਿ ਵਿਰੋਧੀ ਰੈਂਕ ਵਿਚੋਂ ਇਕ ਕਨਵੀਨਰ ਬਣਾਇਆ ਜਾਣਾ ਜ਼ਰੂਰੀ ਹੈ ਜੋ ਉਨ੍ਹਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਦਾ ਹੈ। ਸ਼ਰਦ ਯਾਦਵ ਨੂੰ ਸੋਨੀਆ ਗਾਂਧੀ ਦੇ ਕੈਂਪ 'ਚ ਇਸ ਮੰਤਵ ਲਈ ਸਭ ਤੋਂ ਉੱਪਰ ਸਮਝਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਮੋਦੀ ਸਰਕਾਰ 'ਚ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਆਪਣੇ ਸਿਧਾਂਤਾਂ 'ਤੇ ਟਿਕੇ ਰਹੇ ਸਨ। ਕਾਂਗਰਸ ਇਸ ਗੱਲ ਦੀ ਇੱਛੁਕ ਹੈ ਕਿ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਕਲ ਭਾਰਤ 'ਚ ਜਾਤੀ ਸਿਆਸਤ ਦੇ ਦਬਾਅ ਹੇਠ ਹਨ। ਸ਼ਰਦ ਯਾਦਵ ਤੋਂ ਵੱਧ ਹੋਰ ਕਿਸ ਨੂੰ ਇਸ ਗੱਲ ਦਾ ਪਤਾ ਹੈ ਕਿ ਮੰਡਲ ਕਮਿਸ਼ਨ ਦੀ ਸਿਆਸਤ ਪਿੱਛੇ ਕੌਣ ਸੀ?
ਔਰਤ ਨੂੰ ਅਗਵਾ ਕਰਕੇ ਕੀਤਾ ਗੈਂਗਰੇਪ, ਜਾਂਚ 'ਚ ਜੁੱਟੀ ਪੁਲਸ
NEXT STORY