ਰਾਜੌਰੀ/ਜੰਮੂ, (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਰਾਜੌਰੀ ਜ਼ਿਲੇ ’ਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵੋਟਾਂ ਮੰਗਣ ਲਈ ਇਕ ਬੱਚੀ ਦੀ ਵਰਤੋਂ ਕਰਨ ਦੇ ਦੋਸ਼ ’ਚ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਰਾਜੌਰੀ ਅਨੰਤਨਾਗ ਲੋਕ ਸਭਾ ਸੀਟ ਦਾ ਹਿੱਸਾ ਹੈ। ਇੱਥੇ 25 ਮਈ ਨੂੰ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਵੋਟਿੰਗ ਹੋਵੇਗੀ।
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਨੇ ਇਸ ਸੀਟ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਸਮੇਤ ਕੁੱਲ 20 ਉਮੀਦਵਾਰ ਇੱਥੋਂ ਚੋਣ ਮੈਦਾਨ ਵਿਚ ਹਨ। ਰਾਜੌਰੀ ਦੇ ਵਧੀਕ ਜ਼ਿਲਾ ਮੈਜਿਸਟ੍ਰੇਟ ਅਤੇ ਆਦਰਸ਼ ਚੋਣ ਜ਼ਾਬਤਾ ਨੋਡਲ ਅਫ਼ਸਰ ਰਾਜੀਵ ਕੁਮਾਰ ਖਜੂਰੀਆ ਨੇ ਮਹਿਬੂਬਾ ਨੂੰ 1 ਮਈ ਨੂੰ ਜ਼ਿਲੇ ਦੇ ਸ਼ਾਹਦਰਾ ਸ਼ਰੀਫ਼ ਇਲਾਕੇ ਵਿਚ ਆਯੋਜਿਤ ਇਕ ਚੋਣ ਰੈਲੀ ਦੇ ਸਬੰਧ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਖਜੂਰੀਆ ਨੇ ਮਹਿਬੂਬਾ ਨੂੰ ਦਿੱਤੇ ਗਏ ਨੋਟਿਸ ’ਚ ਕਿਹਾ, ‘ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਤੁਸੀਂ ਪੀ. ਡੀ. ਪੀ. ਲਈ ਵੋਟਾਂ ਮੰਗਣ ਦੇ ਮਕਸਦ ਨਾਲ ਨਾਬਾਲਿਗ ਬੱਚੀ ਦੀ ਵਰਤੋਂ ਕਰ ਰਹੇ ਹੋ, ਬੱਚੀ ਵੱਲੋਂ ਅਪੀਲ ਕੀਤੇ ਜਾਣ ਤੋਂ ਬਾਅਦ ਤੁਸੀਂ ਉਸ ਦੀ ਤਾਰੀਫ਼ ਵੀ ਕਰ ਰਹੇ ਹੋ। ਚੋਣ ਕਮਿਸ਼ਨ ਅਤੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਪੀ. ਡੀ. ਪੀ. ਨੇਤਾ ਨੂੰ 24 ਘੰਟਿਆਂ ਦੇ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ।
ਨੋਟਿਸ ਵਿਚ ਉਨ੍ਹਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਜਵਾਬ ਨਹੀਂ ਦਿੰਦੀ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਅਤੇ ਰਾਜੌਰੀ ਵਿਚ ਰੈਲੀ ਜਾਂ ਜਨਤਕ ਮੀਟਿੰਗ ਕਰਨ ’ਤੇ ਵੀ ਪਾਬੰਦੀ ਲਾ ਦਿੱਤੀ ਜਾਵੇਗੀ।
ਸਿਆਸਤ 'ਚ ਜਾਂਦੇ ਹੀ ਕੰਗਨਾ ਰਣੌਤ ਨੇ ਫ਼ਿਲਮੀ ਕਰੀਅਰ ਨੂੰ ਲੈ ਕੇ ਕੀਤਾ ਵੱਡਾ ਐਲਾਨ
NEXT STORY