ਖਰੜ (ਅਮਰਦੀਪ ਸਿੰਘ ਸੈਣੀ) : ਖਰੜ ਦੇ ਸੈਕਟਰ 125 ਸੰਨੀ ਇਨਕਲੇਵ ਵਿਖੇ ਇਕ ਡਾਕਟਰ ਦੀ ਕੋਠੀ ਵਿਚੋਂ 11 ਸਾਲ ਦੀ ਪ੍ਰਵਾਸੀ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਕੋਠੀ ਮਾਲਕ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਬੱਚੀ ਦੇ ਪਿਤਾ ਧਰਮਿੰਦਰ ਕੁਮਾਰ ਅਤੇ ਮਾਤਾ ਮੋਹਰਵਤੀ ਨੇ ਦੱਸਿਆ ਕਿ ਉਹ ਕਰੀਬ ਤਿੰਨ ਮਹੀਨੇ ਪਹਿਲਾਂ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿਚ ਦਿਹਾੜੀ ਮਜ਼ਦੂਰੀ ਲਈ ਆਏ ਸਨ। ਉਨ੍ਹਾਂ ਅਨੁਸਾਰ ਇਕ ਡਾਕਟਰ ਦੇ ਘਰ ਰਹਿੰਦੀ ਮਹਿਲਾ ਨੇ ਉਨ੍ਹਾਂ ਦੀ 11 ਸਾਲਾ ਧੀ ਸੋਨੀਕਾ ਨੂੰ ਪਾਲਣ-ਪੋਸ਼ਣ ਲਈ ਆਪਣੇ ਕੋਲ ਰੱਖਣ ਦੀ ਗੱਲ ਕੀਤੀ ਅਤੇ ਭਰੋਸਾ ਦਿੱਤਾ ਕਿ ਉਸਨੂੰ ਆਪਣੇ ਬੱਚਿਆਂ ਵਾਂਗ ਸੰਭਾਲਿਆ ਜਾਵੇਗਾ। ਇਸ ਭਰੋਸੇ 'ਤੇ ਉਨ੍ਹਾਂ ਆਪਣੀ ਬੱਚੀ ਨੂੰ ਉਸ ਘਰ ਵਿਚ ਛੱਡ ਦਿੱਤਾ। ਪਰਿਵਾਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਮਹਿਲਾ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਬੱਚੀ ਘਰ ਵਿਚ ਨਹੀਂ ਹੈ। ਇਸ ਤੋਂ ਬਾਅਦ ਖੋਜ ਦੌਰਾਨ ਉਨ੍ਹਾਂ ਨੂੰ ਉਸੇ ਕੋਠੀ ਦੇ ਉੱਪਰਲੇ ਕਮਰੇ ਵਿਚ ਉਸ ਦੀ ਲਟਕਦੀ ਲਾਸ਼ ਮਿਲੀ।
ਪਰਿਵਾਰ ਦਾ ਦਾਅਵਾ ਹੈ ਕਿ ਇਹ ਆਤਮਹੱਤਿਆ ਨਹੀਂ, ਸਗੋਂ ਕਥਿਤ ਤੌਰ 'ਤੇ ਕਤਲ ਹੈ। ਉਨ੍ਹਾਂ ਕਿਹਾ ਕਿ ਉਸਦੀ 11 ਬੱਚੀ ਦੇ ਗੱਲ ਵਿਚ ਚੁੰਨੀ ਪਾ ਕੇ ਲਾਸ਼ ਨੂੰ ਅੱਧ ਲਮਕਾਇਆ ਹੋਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਪੁਲਸ ਨੇ ਲਾਸ਼ ਬਰਾਮਦ ਕੀਤੀ, ਉਸ ਸਮੇਂ ਹੀ ਡਾਕਟਰ ਅਤੇ ਮਹਿਲਾ ਨੂੰ ਹਿਰਾਸਤ ਵਿਚ ਲੈਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਪੀੜਤ ਪਰਿਵਾਰ ਨੇ ਜ਼ਿਲ੍ਹੇ ਦੇ ਐੱਸ.ਐੱਸ.ਪੀ. ਤੋਂ ਗੁਹਾਰ ਲਗਾਈ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪੀੜਤ ਪ੍ਰੀਵਾਰ ਦੀ ਸੀਨੀਅਰ ਐਡਵੋਕੇਟ ਦੀ ਫੜੀ ਬਾਂਹ
ਇਸ ਮੌਕੇ ਹਾਈਕੋਰਟ ਸੀਨੀਅਰ ਐਡਵੋਕੇਟ ਸਮਜੋਤ ਸਿੰਘ ਥਿੰਦ ਨੇ ਵੀ ਕਿਹਾ ਕਿ ਜੇਕਰ ਪ੍ਰਵਾਸੀ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਇਹ ਮਾਮਲਾ ਹਾਈਕੋਰਟ ਵਿਚ ਲਿਜਾਇਆ ਜਾਵੇਗਾ ਅਤੇ ਪੀੜਤ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ।
ਐਸ.ਐਚ.ਓ . ਨੇ ਕਿਹਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ ਕਾਰਵਾਈ
ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਕਹੀ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸਦਰ ਖਰੜ ਦੇ ਐਸ.ਐਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਠੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਘਟਨਾ ਦੀ ਅਸਲ ਸੱਚਾਈ ਸਾਹਮਣੇ ਆ ਸਕੇ। ਬੱਚੀ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਅਧਿਕਾਰੀਆਂ ਮੁਤਾਬਕ, ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਅੱਗੇ ਵਧਾਈ ਜਾ ਰਹੀ ਹੈ।
ਪੰਜਾਬ ਦੀ ਜਵਾਨੀ ਨਾਲ ਹੁਣ ਨਾਬਾਲਗ ਬੱਚੇ ਵੀ ਨਸ਼ਿਆਂ ਦੀ ਦਲਦਲ ਵਿਚ ਧਸਣ ਲੱਗੇ
NEXT STORY