ਜੈਤੋ (ਰਘੂਨੰਦਨ ਪਰਾਸ਼ਰ)- ਭਾਰਤੀ ਕਿਸਾਨ ਏਕਤਾ (ਬੀਕੇਈ) ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਸਿਰਸਾ ਨੇ ਐਤਵਾਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਕਿਸਾਨ ਭਵਨ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਦੀ ਮੀਟਿੰਗ ਹੋਈ। ਇਸ ਵਿੱਚ ਕਿਸਾਨਾਂ-ਮਜ਼ਦੂਰਾਂ ਦੀਆਂ ਲੰਬਿਤ ਮੰਗਾਂ ਅਤੇ ਮੌਜੂਦਾ ਸਮੇਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੜੀਵਾਰ ਟੋਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਗਿਆ। ਇਸ ਤਹਿਤ 11 ਮਈ ਨੂੰ ਫਿਰੋਜ਼ਸ਼ਾਹ ਟੋਲ ਪਲਾਜ਼ਾ ਫਿਰੋਜ਼ਪੁਰ, 18 ਮਈ ਨੂੰ ਸੋਲਖੀਆਂ ਟੋਲ ਪਲਾਜ਼ਾ ਰੋਪੜ ਅਤੇ 29 ਮਈ ਨੂੰ ਖੁਈਆਂ ਟੋਲ ਪਲਾਜ਼ਾ ਡਬਵਾਲੀ (ਸਿਰਸਾ) ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ।
ਮੀਟਿੰਗ ਵਿਚ ਔਲਖ ਨੇ ਪਸ਼ੂਪਾਲਕ ਕਿਸਾਨਾਂ ਦਾ ਪ੍ਰਾਈਵੇਟ ਦੁੱਧ ਖਰੀਦ ਕੰਪਨੀਆਂ ਵੱਲੋਂ ਹੋ ਰਹੇ ਸ਼ੋਸ਼ਣ ਦਾ ਮਾਮਲਾ ਵੀ ਰੱਖਿਆ। ਔਲਖ ਨੇ ਕਿਹਾ ਕਿ ਨੇਸਲੇ ਇੰਡੀਆ ਲਿਮਿਟੇਡ ਕੰਪਨੀ ਦੇ ਕਹਿਣ ’ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਪਸ਼ੂਪਾਲਕ ਕਿਸਾਨਾਂ ਨੇ ਕਰੋੜਾਂ ਰੁਪਏ ਦੇ ਪਸ਼ੂ ਖਰੀਦੇ ਅਤੇ ਸ਼ੈੱਡ ਬਣਾਏ, ਪਰ ਹੁਣ ਕੰਪਨੀ ਵਿਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਛੋਟੇ ਅਤੇ ਵੱਡੇ ਕਿਸਾਨਾਂ ਤੋਂ ਦੁੱਧ ਨਾ ਖਰੀਦ ਕੇ ਠੇਕੇਦਾਰਾਂ ਤੋਂ ਕਮਿਸ਼ਨ ਦੇ ਚੱਕਰ ਵਿਚ ਲੱਖਾਂ ਲੀਟਰ ਦੁੱਧ ਖਰੀਦਿਆ ਜਾ ਰਿਹਾ ਹੈ। ਜਿਨ੍ਹਾਂ ਕਿਸਾਨਾਂ ਨੇ ਕੰਪਨੀ ਦੇ ਭਰੋਸੇ ’ਤੇ ਕਰੋੜਾਂ ਰੁਪਏ ਲਗਾ ਕੇ ਫਾਰਮ ਸ਼ੁਰੂ ਕੀਤੇ ਸਨ, ਉਹ ਅੱਜ ਕਰਜ਼ੇ ਵਿਚ ਡੁੱਬ ਚੁੱਕੇ ਹਨ ਅਤੇ ਕੰਪਨੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਇਸ ਮਾਮਲੇ ਸਬੰਧੀ ਭਾਰਤੀ ਕਿਸਾਨ ਏਕਤਾ ਵੱਲੋਂ ਕੰਪਨੀ ਦੇ ਦੇਸ਼-ਵਿਦੇਸ਼ ਦੇ ਉੱਚ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸ਼ਿਕਾਇਤਾਂ ਭੇਜੀਆਂ ਗਈਆਂ ਹਨ, ਪਰ ਅੱਜ ਤੱਕ ਨਾ ਕੋਈ ਜਵਾਬ ਆਇਆ ਹੈ ਅਤੇ ਨਾ ਹੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਇਆ ਹੈ। ਮੌਜੂਦਾ ਨੇਸਲੇ ਪਲਾਂਟ ਮੋਗਾ ਵਿਚ ਉੱਚ ਅਹੁਦਿਆਂ ’ਤੇ ਬੈਠੇ ਡਾ. ਸੁਮਿਤ ਧੀਮਾਨ, ਡਾ. ਚੇਤਨ ਸ਼ਰਮਾ, ਡਾ. ਅਰਵਿੰਦ ਮਲਿਕ ਸਮੇਤ ਕਈ ਹੋਰ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਸਬੰਧੀ ਸਬੂਤ ਵੀ ਈ-ਮੇਲ ਰਾਹੀਂ ਕੰਪਨੀ ਨੂੰ ਭੇਜੇ ਗਏ ਹਨ ਕਿ ਕਿਸ ਤਰ੍ਹਾਂ ਠੇਕੇਦਾਰਾਂ ਤੋਂ ਕਮਿਸ਼ਨ ਲੈ ਕੇ ਦੁੱਧ ਖਰੀਦਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਨੇਸਲੇ ਇੰਡੀਆ ਕੰਪਨੀ ਕਦੇ ਕੁਆਲਟੀ ਉਤਪਾਦਨ ਲਈ ਜਾਣੀ ਜਾਂਦੀ ਸੀ, ਅੱਜ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਕਾਰਨ ਉਸਦੀ ਹਾਲਤ ਇਹ ਹੋ ਗਈ ਹੈ ਕਿ ਮੋਗਾ ਪਲਾਂਟ ਵਿੱਚ ਰੋਜ਼ਾਨਾ 15 ਤੋਂ 20 ਲੱਖ ਲੀਟਰ ਦੁੱਧ ਖਰੀਦਣ ਵਾਲੀ ਕੰਪਨੀ ਹੁਣ 4 ਤੋਂ 5 ਲੱਖ ਲੀਟਰ ਤੱਕ ਸਿਮਟ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਅਧਿਕਾਰੀ ਪ੍ਰਾਈਵੇਟ ਪਲਾਂਟਾਂ ਤੋਂ ਪਾਊਡਰ ਖਰੀਦ ਕੇ ਨੇਸਲੇ ਦਾ ਮਾਰਕਾ ਲਗਾ ਕੇ ਵੇਚ ਰਹੇ ਹਨ। ਔਲਖ ਨੇ ਕਿਹਾ ਕਿ ਹਰਿਆਣਾ ਦੇ ਸਿਰਸਾ ਖੇਤਰ ਦੇ ਕਿਸਾਨਾਂ ਅਤੇ ਚਿਲਿੰਗ ਪਲਾਂਟ ਮਾਲਕਾਂ ਦੇ ਲੱਖਾਂ ਰੁਪਏ ਲਗਵਾ ਕੇ ਉਨ੍ਹਾਂ ਤੋਂ ਦੁੱਧ ਲੈਣਾ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਵਿੱਚ ਰੰਧਾਵਾ ਡੇਅਰੀ ਫਾਰਮ ਐਲਨਾਬਾਦ ਵੀ ਸ਼ਾਮਲ ਹੈ। ਉਨ੍ਹਾਂ ਪੰਜਾਬ ਦੇ ਕਿਸਾਨ ਆਗੂਆਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਨੇਸਲੇ ਇੰਡੀਆ ਲਿਮਿਟੇਡ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ, ਤਾਂ ਜੋ ਪਸ਼ੂਪਾਲਕ ਕਿਸਾਨਾਂ ਨੂੰ ਬਚਾਇਆ ਜਾ ਸਕੇ ਅਤੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋ ਸਕੇ। ਇਸ ’ਤੇ ਸਭ ਨੇ ਸਹਿਮਤੀ ਜਤਾਈ।
ਲੋਹਗੜ੍ਹ ਯਾਦਗਾਰ ਵਿਰਾਸਤ ਤੇ ਪ੍ਰੇਰਨਾ ਕੇਂਦਰ ਬਣੇਗੀ: ਮਨੋਹਰ ਲਾਲ
NEXT STORY