ਬੈਂਗਲੁਰੂ, (ਭਾਸ਼ਾ)- ਕਰਨਾਟਕ ਦੀ ਮੁੱਖ ਵਿਰੋਧੀ ਧਿਰ ਭਾਜਪਾ ਨੇ ਮੁੱਖ ਮੰਤਰੀ ਸਿੱਧਰਮਈਆ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਹਵਾਈ ਯਾਤਰਾ ’ਤੇ ਸੂਬੇ ਦੇ ਫੰਡਾਂ ਵਿਚੋਂ 47 ਕਰੋੜ ਰੁਪਏ ਖਰਚ ਕਰਨ ਦੀ ਨਿੰਦਾ ਕੀਤੀ। ਭਾਜਪਾ ਦੇ ਵਿਧਾਨ ਪ੍ਰੀਸ਼ਦ (ਐੱਮ. ਐੱਲ. ਸੀ.) ਮੈਂਬਰ ਐੱਨ. ਰਵੀ ਕੁਮਾਰ ਨੂੰ ਲਿਖੇ ਲਿਖਤੀ ਜਵਾਬ ਦੇ ਅਨੁਸਾਰ, ਇਹ ਰਕਮ ਮਈ 2023 ਅਤੇ ਨਵੰਬਰ 2025 ਦੇ ਵਿਚਕਾਰ ਵਿਸ਼ੇਸ਼ ਉਡਾਣਾਂ, ਜਹਾਜ਼ਾਂ ਅਤੇ ਹੈਲੀਕਾਪਟਰਾਂ ’ਤੇ ਖਰਚ ਕੀਤੀ ਗਈ। ਮੁੱਖ ਮੰਤਰੀ ਦਫਤਰ (ਸੀ. ਐੱਮ. ਓ.) ਨੇ ਸਪੱਸ਼ਟ ਕੀਤਾ ਕਿ ਉਕਤ ਰਕਮ ਸਿਰਫ ਸਰਕਾਰੀ ਦੌਰਿਆਂ ਲਈ ਖਰਚ ਕੀਤੀ ਗਈ।
ਭਾਜਪਾ ਆਈ. ਟੀ. ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਮੁੱਖ ਮੰਤਰੀ ਦੀਆਂ ਨਿਯਮਤ ਹੈਲੀਕਾਪਟਰ ਯਾਤਰਾਵਾਂ ’ਤੇ ਸਵਾਲ ਉਠਾਏ।
ਉਨ੍ਹਾਂ ਕਿਹਾ ਕਿ ਪਿਛਲੇ 30 ਮਹੀਨਿਆਂ ਵਿਚ ਮੁੱਖ ਮੰਤਰੀ ਸਿੱਧਰਮਈਆ ਦੀ ਵਿਸ਼ੇਸ਼ ਜਹਾਜ਼ ਅਤੇ ਹੈਲੀਕਾਪਟਰ ਰਾਹੀਂ ਯਾਤਰਾ ਕਰਨ ਨਾਲ ਟੈਕਸਦਾਤਾਵਾਂ ਦੇ 47 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਅਜਿਹੇ ਸਮੇਂ ਜਦੋਂ ਕਰਨਾਟਕ ਅਜੇ ਵੀ ਬੁਨਿਆਦੀ ਢਾਂਚਾ, ਪੇਂਡੂ ਵਿਕਾਸ, ਸਿਹਤ ਸੰਭਾਲ ਅਤੇ ਸਿੱਖਿਆ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਵੀ. ਆਈ. ਪੀ. ਹਵਾਈ ਯਾਤਰਾ ’ਤੇ ਇੰਨਾ ਵੱਡਾ ਖਰਚ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਮਾਲਵੀਆ ਨੇ ਜਾਣਨਾ ਚਾਹਿਆ ਕਿ ਕੀ ਇਹ ਜਨਤਕ ਫੰਡਾਂ ਦੀ ਸਭ ਤੋਂ ਵਧੀਆ ਵਰਤੋਂ ਹੈ? ਕੀ ਘੱਟ ਦੂਰੀ ਦੇ ਮਾਰਗਾਂ ਸਮੇਤ ਵਾਰ-ਵਾਰ ਹੈਲੀਕਾਪਟਰ ਯਾਤਰਾਵਾਂ ਜ਼ਿੰਮੇਵਾਰ ਸਰਕਾਰ ਨੂੰ ਦਰਸਾਉਂਦੀਆਂ ਹਨ?
ਮੋਦੀ ਮੰਤਰੀ ਮੰਡਲ ’ਚ ਔਰਤਾਂ ਦੀ ਵਧੇਗੀ ਭੂਮਿਕਾ
NEXT STORY