ਕੈਲੀਫੋਰਨੀਆ,(ਰਾਜ ਗੋਗਨਾ)— ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਸਿੱਖ ਬਜ਼ੁਰਗ 'ਤੇ ਨਸਲੀ ਹਮਲਾ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ। 71 ਸਾਲਾ ਬਜ਼ੁਰਗ ਨੂੰ ਸ਼ਹਿਰ ਮੈਨਟਿਕਾ 'ਚ ਦੋ ਮੁੰਡਿਆਂ ਨੇ ਘੇਰਿਆ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਹ ਬਜ਼ੁਰਗ ਸਵੇਰ ਦੀ ਸੈਰ ਕਰਨ ਲਈ ਨਿਕਲਿਆ ਸੀ ਅਤੇ ਉਸ ਦੀ ਦਿੱਖ ਕਾਰਨ ਦੋ ਨੌਜਵਾਨਾਂ ਨੇ ਉਸ 'ਤੇ ਨਸਲੀ ਟਿੱਪਣੀਆਂ ਕੀਤੀਆਂ। ਬਜ਼ੁਰਗ ਵਿਅਕਤੀ ਤੇਜ਼ੀ ਨਾਲ ਅੱਗੇ ਚਲਾ ਗਿਆ ਪਰ ਫਿਰ ਵੀ ਉਨ੍ਹਾਂ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਮਾਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਬਜ਼ੁਰਗ ਜ਼ਮੀਨ 'ਤੇ ਡਿੱਗ ਗਿਆ ਪਰ ਫਿਰ ਵੀ ਉਨ੍ਹਾਂ ਦਾ ਦਿਲ ਨਾ ਪਿਘਲਿਆ। ਇਸ ਦੇ ਕੁੱਝ ਹੀ ਮਿੰਟਾਂ ਮਗਰੋਂ ਇਕ ਹਮਲਾਵਰ ਮੁੜ ਕੇ ਫਿਰ ਆਇਆ ਅਤੇ ਉਸ ਨੇ ਇਕ ਵਾਰ ਫਿਰ ਬਜ਼ੁਰਗ ਦੇ ਢਿੱਡ 'ਚ ਲੱਤਾਂ ਮਾਰੀਆਂ। ਹਮਲੇ ਦੇ ਬਾਅਦ ਇਹ ਸਾਰੀ ਵੀਡੀਓ ਇਕ ਘਰ ਦੇ ਬਾਹਰ ਲੱਗੇ ਕੈਮਰੇ 'ਚ ਕੈਦ ਹੋ ਗਈ, ਜਿਸ ਨੂੰ ਪੁਲਸ ਸਬੂਤ ਵਜੋਂ ਵਰਤ ਕੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ।

ਇਸ ਘਟਨਾ ਦੀ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਹੈ ਕਿ ਇਸ ਮਾਮਲੇ ਨੂੰ ਅਮਰੀਕਾ ਦੀ ਸੰਸਦ 'ਚ ਚੁੱਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਬਜ਼ੁਰਗ ਵਿਅਕਤੀ ਨਾਲ ਅਜਿਹਾ ਗਲਤ ਵਿਵਹਾਰ ਕਰਨ ਵਾਲੀ ਇਸ ਘਟਨਾ ਨੂੰ ਦੇਖ ਕੇ ਲੱਗਦਾ ਹੈ ਕਿ ਅਮਰੀਕਾ 'ਚ ਅਜੇ ਵੀ ਸਿੱਖ ਸੁਰੱਖਿਅਤ ਨਹੀਂ ਹਨ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਨਸਲੀ ਹਿੰਸਾ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਸੁਰਜੀਤ ਸਿੰਘ ਮੱਲ੍ਹੀ ਨਾਂ ਦੇ 50 ਸਾਲਾ ਸਿੱਖ ਨਾਲ ਕੁੱਟ-ਮਾਰ ਕੀਤੀ ਗਈ ਸੀ ਅਤੇ ਉਸ ਨੂੰ ਵਾਪਸ ਆਪਣੇ ਦੇਸ਼ ਚਲੇ ਜਾਣ ਦੀ ਧਮਕੀ ਵੀ ਦਿੱਤੀ ਗਈ ਸੀ।
ਜਾਰੀ ਹੋਏ ਅੰਕੜੇ, 7 ਲੱਖ ਤੋਂ ਵਧੇਰੇ ਲੋਕ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਅਮਰੀਕਾ 'ਚ ਰੁਕੇ
NEXT STORY