Fact Check By Vishvas News
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)- ਸੋਸ਼ਲ ਮੀਡੀਆ 'ਤੇ ਬਾਈਕ 'ਤੇ ਬੱਚੇ ਦੀ ਲਾਸ਼ ਲਿਜਾਂਦੇ ਇਕ ਸ਼ਖ਼ਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿਰੂਪਤੀ ਹਾਦਸੇ ਵਿੱਚ ਬੱਚੇ ਦੀ ਜਾਨ ਚਲੀ ਗਈ। ਪਿਤਾ ਐਂਬੂਲੈਂਸ ਦੀ ਉਡੀਕ ਕਰਦੇ ਰਹੇ ਪਰ ਉਹ ਨਹੀਂ ਆਈ। ਫਿਰ, ਉਨ੍ਹਾਂ ਨੂੰ ਬੱਚੇ ਦੀ ਲਾਸ਼ ਨੂੰ ਬਾਈਕ 'ਤੇ ਲਿਜਾਣਾ ਪਿਆ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਅਸਲ 'ਚ ਵਾਇਰਲ ਵੀਡੀਓ ਲਗਭਗ ਤਿੰਨ ਸਾਲ ਪੁਰਾਣਾ ਹੈ। ਜਦੋਂ ਕਿਡਨੀ ਅਤੇ ਲੀਵਰ 'ਚ ਪਰੇਸ਼ਾਨੀ ਹੋਣ ਕਾਰਨ ਬੱਚੇ ਦੀ ਮੌਤ ਹੋ ਗਈ ਸੀ। ਬੱਚੇ ਦੀ ਮੌਤ ਤੋਂ ਬਾਅਦ ਪਿਤਾ ਨੂੰ ਐਂਬੂਲੈਂਸ ਨਹੀਂ ਮਿਲ ਸਕੀ ਅਤੇ ਉਹ ਆਪਣੀ ਬਾਈਕ 'ਤੇ ਲਾਸ਼ ਲੈ ਗਿਆ। ਹਾਲਾਂਕਿ ਬਹੁਤ ਸਾਰੇ ਯੂਜ਼ਰ ਇਸ ਵੀਡੀਓ ਨੂੰ ਤਿਰੂਪਤੀ ਮੰਦਰ ਹਾਦਸੇ ਨਾਲ ਜੋੜਦੇ ਹੋਏ ਵੀ ਸਾਂਝਾ ਕਰ ਰਹੇ ਹਨ। ਇਸ ਵੀਡੀਓ ਦਾ ਤਿਰੂਪਤੀ ਮੰਦਰ ਹਾਦਸੇ ਨਾਲ ਕੋਈ ਸਬੰਧ ਨਹੀਂ ਹੈ।
ਕੀ ਵਾਇਰਲ ਹੋ ਰਿਹਾ ਹੈ?
ਫੇਸਬੁੱਕ ਯੂਜ਼ਰ 'TZ Humanity' ਨੇ 9 ਜਨਵਰੀ 2025 ਨੂੰ ਵਾਇਰਲ ਪੋਸਟ ਸਾਂਝੀ ਕੀਤੀ ਅਤੇ ਕੈਪਸ਼ਨ 'ਚ ਲਿਖਿਆ,''ਇਹ ਸੱਚਮੁੱਚ ਦਿਲ ਤੋੜਨ ਵਾਲੀ ਘਟਨਾ ਹੈ। ਤਿਰੂਪਤੀ ਹਾਦਸੇ 'ਚ ਇਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਅਤੇ ਉਸ ਦੇ ਪਿਤਾ ਨੂੰ ਆਪਣੇ ਪੁੱਤਰ ਦੀ ਲਾਸ਼ ਲਈ ਐਂਬੂਲੈਂਸ ਵੀ ਨਹੀਂ ਮਿਲੀ। ਅਜਿਹੀ ਸਥਿਤੀ 'ਚ ਕਿਸੇ ਦੇ ਦਰਦ ਅਤੇ ਦੁੱਖ ਦੀ ਕਲਪਨਾ ਵੀ ਕਰਨਾ ਮੁਸ਼ਕਲ ਹੈ। ਇਹ ਹਾਦਸਾ ਅਤੇ ਉਸ ਤੋਂ ਬਾਅਦ ਦੇ ਹਾਲਾਤ ਸਾਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਸਾਨੂੰ ਅਜਿਹੀਆਂ ਘਟਨਾਵਾਂ 'ਚ ਸੁਧਾਰ ਲਈ ਹੋਰ ਯਤਨ ਕਰਨ ਦੀ ਲੋੜ ਹੈ।''
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ InVid ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ ਇਸ ਦਾਅਵੇ ਨਾਲ ਸਬੰਧਤ ਰਿਪੋਰਟ ਟਾਈਮਜ਼ ਆਫ਼ ਇੰਡੀਆ ਦੀ ਵੈੱਬਸਾਈਟ 'ਤੇ ਮਿਲੀ। ਰਿਪੋਰਟ ਨੂੰ 26 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟਾਂ ਦੇ ਅਨੁਸਾਰ, 10 ਸਾਲਾ ਬੱਚਾ ਕਿਡਨੀ ਅਤੇ ਲੀਵਰ ਦੀ ਸਮੱਸਿਆ ਕਾਰਨ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਦੇ ਸ਼੍ਰੀ ਵੈਂਕਟੇਸ਼ਵਰ ਰਾਮਨਾਰਾਇਣ ਰੁਈਆ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਬੱਚੇ ਦਾ ਉੱਥੇ ਇਲਾਜ ਚੱਲ ਰਿਹਾ ਸੀ ਪਰ ਕਿਡਨੀ ਅਤੇ ਲੀਵਰ 'ਚ ਸਮੱਸਿਆ ਕਾਰਨ ਬੱਚੇ ਦੀ ਮੌਤ ਹੋ ਗਈ।
ਡੇਕੱਨ ਹੈਰਾਲਡ (Deccan Herald) ਦੀ ਵੈੱਬਸਾਈਟ 'ਤੇ 26 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ, ਬੱਚੇ ਦੀ ਮੌਤ ਤੋਂ ਬਾਅਦ ਪਿਤਾ ਨੇ ਹਸਪਤਾਲ ਦੀ ਐਂਬੂਲੈਂਸ ਦੀ ਉਡੀਕ ਕੀਤੀ ਪਰ ਉਹ ਨਹੀਂ ਪਹੁੰਚੀ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਉੱਥੇ ਮੌਜੂਦ ਨਿੱਜੀ ਐਂਬੂਲੈਂਸ ਦੇ ਡਰਾਈਵਰ ਨਾਲ ਗੱਲ ਕੀਤੀ ਪਰ ਡਰਾਈਵਰ ਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਪਿਤਾ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ। ਉਹ ਅੰਬਾਂ ਦੇ ਬਾਗ਼ 'ਚ ਕੰਮ ਕਰਦਾ ਹੈ। ਉਸ ਕੋਲ ਇੰਨੇ ਪੈਸੇ ਨਹੀਂ ਹਨ। ਇਸ 'ਤੇ ਡਰਾਈਵਰ ਨੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਪਿਤਾ ਨੂੰ ਬਾਈਕ 'ਤੇ ਲਾਸ਼ ਲਿਜਾਉਣੀ ਪਈ।
ਦਿ ਹਿੰਦੂ ਦੀ ਵੈੱਬਸਾਈਟ 'ਤੇ 26 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ, ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕਰਦੇ ਹੋਏ 4 ਦੋਸ਼ੀ ਐਂਬੂਲੈਂਸ ਡਰਾਈਵਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਨਾਲ ਹੀ ਹਸਪਤਾਲ ਦੇ ਰੇਜ਼ੀਡੈਂਟ ਮੈਡੀਕਲ ਅਫ਼ਸਰ ਨੂੰ ਸਸਪੈਂਡ ਕੀਤਾ ਗਿਆ ਸੀ।
ਜਾਂਚ ਦੌਰਾਨ, ਸਾਨੂੰ ਵਾਇਰਲ ਵੀਡੀਓ INN Channel ਨਾਮੀ ਯੂਟਿਊਬ ਚੈਨਲ 'ਤੇ ਮਿਲਿਆ। ਇਹ ਵੀਡੀਓ 26 ਅਪ੍ਰੈਲ 2022 ਨੂੰ ਇਸੇ ਜਾਣਕਾਰੀ ਨਾਲ ਅਪਲੋਡ ਕੀਤਾ ਗਿਆ ਸੀ।
ਸਾਨੂੰ ਦਾਅਵੇ ਨਾਲ ਜੁੜੀ ਇਕ ਪੋਸਟ ਆਂਧਰਾ ਪ੍ਰਦੇਸ਼ ਪੁਲਸ ਦੇ ਅਧਿਕਾਰਤ 'ਐਕਸ' ਅਕਾਊਂਟ 'ਤੇ ਮਿਲੀ। ਪੋਸਟ 9 ਜਨਵਰੀ 2025 ਨੂੰ ਪੋਸਟ ਕੀਤੀ ਗਈ ਸੀ। ਪੋਸਟ 'ਚ ਵਾਇਰਲ ਦਾਅਵੇ ਨੂੰ ਝੂਠਾ ਦੱਸਿਆ ਗਿਆ ਹੈ। ਨਾਲ ਹੀ, ਨਕਲੀ ਪੋਸਟਾਂ ਨੂੰ ਸਾਂਝਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਵੱਧ ਜਾਣਕਾਰੀ ਲਈ ਅਸੀਂ ਆਂਧਰਾ ਪ੍ਰਦੇਸ਼ ਦੇ ਇਕ ਸਥਾਨਕ ਪੱਤਰਕਾਰ ਸ਼੍ਰੀ ਹਰਸ਼ਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦਾਅਵੇ ਨੂੰ ਗਲਤ ਦੱਸਿਆ ਹੈ।
ਦੱਸਣਯੋਗ ਹੈ ਕਿ ਨਵਭਾਰਤ ਟਾਈਮਜ਼ ਦੀ ਵੈੱਬਸਾਈਟ 'ਤੇ 9 ਜਨਵਰੀ, 2025 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ, ਤਿਰੂਪਤੀ ਦੇ ਤਿਰੂਮਲਾ ਸ਼੍ਰੀਵਰੀ ਵੈਕੁੰਠ 'ਚ ਟਿਕਟ ਵੰਡ ਨੂੰ ਲੈ ਕੇ ਭਾਜੜ ਪੈ ਗਈ ਸੀ। ਇਸ ਭਾਜੜ 'ਚ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋਏ ਹਨ।
ਅੰਤ 'ਚ ਅਸੀਂ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ ਕਰੀਬ 300 ਲੋਕ ਫੋਲੋ ਕਰਦੇ ਹਨ।
ਨਤੀਜਾ : ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਬਾਈਕ 'ਤੇ ਬੱਚੇ ਦੀ ਲਾਸ਼ ਲਿਜਾਣ ਦੀ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗਲਤ ਹੈ। ਇਹ ਵੀਡੀਓ ਹਾਲੀਆ ਨਹੀਂ ਹੈ, ਸਗੋਂ ਲਗਭਗ ਤਿੰਨ ਸਾਲ ਪੁਰਾਣਾ ਹੈ। ਜਦੋਂ ਬੱਚੇ ਦੀ ਮੌਤ ਕਿਡਨੀ ਅਤੇ ਲੀਵਰ ਦੀ ਸਮੱਸਿਆ ਕਾਰਨ ਹੋਈ ਸੀ। ਬੱਚੇ ਦੀ ਮੌਤ ਤੋਂ ਬਾਅਦ, ਪਿਤਾ ਨੂੰ ਐਂਬੂਲੈਂਸ ਨਹੀਂ ਮਿਲ ਸਕੀ ਅਤੇ ਉਹ ਆਪਣੀ ਬਾਈਕ 'ਤੇ ਲਾਸ਼ ਲੈ ਗਿਆ ਸੀ। ਹਾਲਾਂਕਿ, ਬਹੁਤ ਸਾਰੇ ਯੂਜ਼ਰ ਇਸ ਵੀਡੀਓ ਨੂੰ ਤਿਰੂਪਤੀ ਮੰਦਰ ਹਾਦਸੇ ਨਾਲ ਜੋੜਦੇ ਹੋਏ ਵੀ ਸਾਂਝਾ ਕਰ ਰਹੇ ਹਨ। ਇਸ ਵੀਡੀਓ ਦਾ ਤਿਰੂਪਤੀ ਮੰਦਰ ਹਾਦਸੇ ਨਾਲ ਕੋਈ ਸਬੰਧ ਨਹੀਂ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
HMPV ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, 10 ਮਹੀਨੇ ਦਾ ਬੱਚਾ ਮਿਲਿਆ ਪਾਜ਼ੇਟਿਵ
NEXT STORY