ਜੰਮੂ-ਕਸ਼ਮੀਰ (ਜੁਗਿੰਦਰ ਸੰਧੂ) : ਹੱਥਾਂ ਦੀ ਖੇਡ ਚੰਗੀ ਵੀ ਹੋ ਸਕਦੀ ਹੈ ਅਤੇ ਮਾੜੀ ਵੀ। ਹੱਥ ਉਸਾਰੂ ਕਾਰਜਾਂ ਵਿਚ ਵੀ ਸ਼ਾਮਿਲ ਹੁੰਦੇ ਹਨ ਅਤੇ ਤਬਾਹੀ ਭਰੀ ਭੂਮਿਕਾ ਵੀ ਨਿਭਾਉਂਦੇ ਹਨ। ਇਕ ਪਾਸੇ ਮਾਰਨ, ਉਜਾੜਣ, ਬਰਬਾਦ ਕਰਨ ਵਾਲੇ ਹੱਥ ਅਤੇ ਦੂਜੇ ਪਾਸੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ, ਭੁੱਖਿਆਂ ਨੂੰ ਰੋਟੀ ਖੁਆਉਣ ਅਤੇ ਰੋਂਦਿਆਂ ਨੂੰ ਚੁੱਪ ਕਰਾਉਣ ਲਈ ਯਤਨਸ਼ੀਲ ਹੱਥ। ਜੰਮੂ-ਕਸ਼ਮੀਰ ਵਿਚ ਅੱਜ ਕੁਝ ਅਜਿਹਾ ਹੀ ਹੋ ਰਿਹਾ ਹੈ। ਪਾਕਿਸਤਾਨ ਤੋਂ ਸਿਖਲਾਈ ਲੈ ਕੇ ਅਤੇ ਬੰਦੂਕਾਂ ਫੜ ਕੇ ਕੁਝ ਹੱਥ ਧਰਤੀ ਦੇ ਇਸ ਸਵਰਗ ਨੂੰ ਖੂਨ ਨਾਲ ਰੰਗ ਰਹੇ ਹਨ। ਮਾਸੂਮ ਲੋਕਾਂ ਦੇ ਕਤਲਾਂ 'ਤੇ ਪਾਕਿਸਤਾਨ ਦੀ ਜ਼ੁਬਾਨ ਅਤੇ ਪ੍ਰਤੀਕਿਰਿਆ ਉਸੇ ਤਰ੍ਹਾਂ ਹੁੰਦੀ ਹੈ, ਜਿਵੇਂ ਇਕ ਮੁਹਾਵਰੇ 'ਚ ਕਿਹਾ ਗਿਆ ਹੈ ਕਿ 'ਚਿੜੀਆਂ ਦੀ ਮੌਤ 'ਤੇ ਗੰਵਾਰਾਂ ਦਾ ਹਾਸਾ'। ਤਿੰਨ ਦਹਾਕੇ ਪਹਿਲਾਂ ਜੰਮੂ-ਕਸ਼ਮੀਰ ਵਿਚ ਸ਼ੁਰੂ ਹੋਇਆ ਅੱਤਵਾਦ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਨਿੱਤ-ਦਿਨ ਹੋਰ ਤਿੱਖਾ ਹੋ ਰਿਹਾ ਹੈ। ਸਰਹੱਦ ਪਾਰ ਤੋਂ ਪਾਕਿਸਤਾਨੀ ਹੱਥ ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਦੇ ਛੱਰਾਟੇ ਵਰ੍ਹਾ ਰਹੇ ਹਨ। ਇਹ ਕਹਿਰ ਦੀ ਨਿਰੰਤਰ ਜਾਰੀ ਅਜਿਹੀ ਲਹੂ-ਭਿੱਜੀ ਦਾਸਤਾਨ ਹੈ, ਜਿਸ ਨੇ ਕੇਸਰ-ਕਿਆਰੀ ਦੇ ਅਣਗਿਣਤ ਘਰਾਂ 'ਚ ਸੱਥਰ ਵਿਛਾ ਦਿੱਤੇ ਅਤੇ ਹੁਣ ਵੀ ਨਿੱਤ-ਦਿਨ ਬੇਦੋਸ਼ਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।
ਇਸ ਕਹਿਰ ਵਿਰੁੱਧ ਅਸਰਦਾਰ ਕਦਮ ਚੁੱਕਣ ਲਈ ਜਦੋਂ ਸਰਕਾਰਾਂ ਨੇ ਆਪਣੇ ਹੱਥ ਖੋਲ੍ਹਣ ਅਤੇ ਸੋਚਣ ਵਿਚ ਹੀ ਕਈ ਸਾਲਾਂ ਦਾ ਸਮਾਂ ਗੁਜ਼ਾਰ ਦਿੱਤਾ ਤਾਂ ਪੰਜਾਬ ਦੀ ਧਰਤੀ ਤੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਇਕ ਅਜਿਹਾ ਹੱਥ ਉੱਠਿਆ, ਜਿਸ ਦਾ ਹੁੰਗਾਰਾ ਭਰਨ ਲਈ ਉੱਤਰੀ ਭਾਰਤ ਦੇ ਹਜ਼ਾਰਾਂ ਹੱਥ ਮੈਦਾਨ 'ਚ ਆਣ ਨਿੱਤਰੇ। ਜਦੋਂ 1999 'ਚ ਲੱਗੀ ਕਾਰਗਿਲ ਦੀ ਜੰਗ ਨੇ ਜੰਮੂ-ਕਸ਼ਮੀਰ ਦੇ ਕਈ ਪਿੰਡਾਂ ਵਿਚ ਸਿਵਿਆਂ ਦੇ ਭਾਂਬੜ ਮਚਾਏ ਸਨ ਤਾਂ ਇਸ ਸੇਕ ਤੋਂ ਪੀੜਤ ਲੋਕਾਂ ਨੂੰ ਸਹਾਰਾ ਦੇਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ 'ਸੇਵਾ ਦੇ ਕੁੰਭ' ਦਾ ਅਜਿਹਾ ਨਗਾਰਾ ਵਜਾਇਆ, ਜਿਸ ਨੂੰ ਇੰਨਾ ਭਰਪੂਰ ਹੁੰਗਾਰਾ ਮਿਲਿਆ ਕਿ ਸਹਾਇਤਾ ਸਮੱਗਰੀ ਦੇ ਅੰਬਾਰ ਲੱਗ ਗਏ। ਇਸ ਸਮੱਗਰੀ ਨੂੰ ਵੰਡਣ ਦੀ ਕਮਾਨ ਇਕ ਅਜਿਹੇ ਹੱਥ ਵਿਚ ਸੰਭਾਲੀ ਗਈ, ਜਿਸ ਨੇ ਨਾ ਦਿਨ ਵੇਖਿਆ ਅਤੇ ਨਾ ਰਾਤ, ਪੀੜਤ ਪਰਿਵਾਰਾਂ ਦੇ ਠੰਡੇ ਪੈਂਦੇ ਚੁੱਲ੍ਹਿਆਂ ਵਿਚ ਅੱਗ ਬਾਲ ਦਿੱਤੀ। ਇਹ ਹੱਥ ਸੀ ਲਾਇਨ ਜੇ. ਬੀ. ਸਿੰਘ ਚੌਧਰੀ ਦਾ, ਜਿਸ ਦੀ ਮਿਹਨਤ ਅਤੇ ਸਿਰੜ੍ਹ ਨੇ ਰਾਹਤ ਸਮੱਗਰੀ ਦੇ ਸੈਂਕੜੇ ਟਰੱਕ ਪੀੜਤ ਖੇਤਰਾਂ ਤਕ ਪਹੁੰਚਾ ਦਿੱਤੇ।
ਸੇਵਾ ਦਾ ਇਹ ਕੁੰਭ ਅੱਜ ਵੀ ਜਾਰੀ ਹੈ, ਜਿਸ ਅਧੀਨ 466ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਪਿੰਡੀ ਕੈਂਪ ਵਿਚ ਵੰਡੀ ਗਈ। ਇਸ ਮੌਕੇ ਰਾਤਾਂ ਦੀ ਠੰਡ ਤੋਂ ਬਚਾਅ ਲਈ 300 ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ। ਲਾਇਨਜ਼ ਕਲੱਬ ਬਿਸ਼ਨਾਹ ਦੇ ਪ੍ਰਧਾਨ ਅਤੇ ਸਮਾਜ ਸੇਵੀ ਸ਼੍ਰੀ ਕੁਲਦੀਪ ਗੁਪਤਾ (ਕਾਲੇ ਸ਼ਾਹ) ਦੀ ਦੇਖ-ਰੇਖ ਹੇਠ ਹੋਏ ਇਸ ਆਯੋਜਨ ਨੂੰ ਸੰਬੋਧਨ ਕਰਦਿਆਂ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਦਿਨ-ਰਾਤ ਗੋਲੀਆਂ ਦੀ ਵਾਛੜ ਸਹਿਣ ਕਰ ਰਹੇ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਦੀ ਸਹਾਇਤਾ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਚਲਾਇਆ ਜਾ ਰਿਹਾ ਸੇਵਾ ਦਾ ਇਹ ਕੁੰਭ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਆਪਣੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਜਾਂਦਾ, ਉਦੋਂ ਤਕ ਸਰਹੱਦੀ ਖੇਤਰਾਂ ਦੇ ਲੋਕ ਅਮਨ-ਚੈਨ ਨਾਲ ਜੀਵਨ ਨਹੀਂ ਗੁਜ਼ਾਰ ਸਕਦੇ। ਜਲੰਧਰ ਤੋਂ ਰਾਹਤ ਸਮੱਗਰੀ ਲੈ ਕੇ ਪੁੱਜੇ ਸ. ਅਮਰਜੀਤ ਸਿੰਘ ਧਮੀਜਾ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਇਸ ਰਾਹਤ-ਮੁਹਿੰਮ ਵਿਚ ਭਵਿੱਖ 'ਚ ਵੀ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ। ਇਸ ਕਾਰਜ ਲਈ ਹੋਰ ਵੀ ਦਾਨੀ ਸੱਜਣਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਰਾਹਤ ਮੁਹਿੰਮ ਦੇ ਝੰਡਾਬਰਦਾਰ ਸ. ਜੇ ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿਲ ਨੇ ਆਪਣੇ ਸੰਬੋਧਨ 'ਚ ਪੀੜਤ ਪਰਿਵਾਰਾਂ ਨੂੰ ਧਰਵਾਸ ਦਿੰਦਿਆਂ ਕਿਹਾ ਹੈ ਕਿ ਜੇ ਜ਼ੁਲਮ ਕਰਨ ਵਾਲਿਆਂ ਦੇ ਹੱਥ ਉਨ੍ਹਾਂ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ ਤਾਂ ਸਹਾਇਤਾ ਪਹੁੰਚਾਉਣ ਵਾਲੇ ਹੱਥ ਵੀ ਪਿੱਛੇ ਨਹੀਂ ਰਹਿਣਗੇ। ਪੰਜਾਬ ਕੇਸਰੀ ਪੱਤਰ ਸਮੂਹ ਦਾ ਕਾਫਲਾ ਉਨ੍ਹਾਂ ਦੀ ਮਦਦ ਲਈ ਯਤਨਸ਼ੀਲ ਰਹੇਗਾ। ਇਸ ਮੌਕੇ ਜਲੰਧਰ ਦੇ ਸਮਾਜ ਸੇਵੀ ਸ. ਇਕਬਾਲ ਸਿੰਘ ਅਰਨੇਜਾ ਨੇ ਵੀ ਸੰਬੋਧਨ ਕੀਤਾ ਅਤੇ ਲੋੜਵੰਦਾਂ ਨੂੰ ਮਦਦ ਦਾ ਭਰੋਸਾ ਦਿਵਾਇਆ। ਲੁਧਿਆਣਾ ਦੇ ਸ. ਹਰਦਿਆਲ ਸਿੰਘ ਅਮਨ ਲੋੜਵੰਦ ਪਰਿਵਾਰਾਂ ਲਈ ਪ੍ਰਸਾਦਿ ਵਜੋਂ ਮਠਿਆਈ ਲੈ ਕੇ ਪਹੁੰਚੇ ਹੋਏ ਸਨ। ਇਸ ਮੌਕੇ ਰਜਾਈਆਂ ਵੰਡਣ ਵਿਚ ਬਿਸ਼ਨਾਹ ਦੇ ਸ਼੍ਰੀ ਰੁਪੇਸ਼ ਮਹਾਜਨ, ਵਿਜੇ ਸ਼ਰਮਾ, ਡਿੰਪਲ ਸ਼ਰਮਾ, ਸੁਸ਼ਾਂਤ ਗੁਪਤਾ ਅਤੇ ਤਰੁਣ ਮਹਾਜਨ ਨੇ ਵਡਮੁੱਲਾ ਸਹਿਯੋਗ ਦਿੱਤਾ।
ਸੂਲੀ 'ਤੇ ਟੰਗੀ ਰਹਿੰਦੀ ਹੈ ਜਾਨ : ਸ਼ਸ਼ੀ ਬਾਲਾ
ਰਾਹਤ ਸਮੱਗਰੀ ਲੈਣ ਆਈ ਪਿੰਡੀ ਦੀ ਸ਼ਸ਼ੀ ਬਾਲਾ ਨੇ ਕਿਹਾ ਕਿ ਪਾਕਿਸਤਾਨ ਵਲੋਂ ਆਉਂਦੀਆਂ ਗੋਲੀਆਂ ਕਾਰਨ ਉਨ੍ਹਾਂ ਦੀ ਜਾਨ ਦਿਨ-ਰਾਤ ਸੂਲੀ 'ਤੇ ਟੰਗੀ ਰਹਿੰਦੀ ਹੈ। ਡੇਢ ਮਹੀਨਾ ਪਹਿਲਾਂ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੀ ਇਕ ਲੜਕੀ ਗੋਲੀ ਲੱਗਣ ਨਾਲ ਮਰ ਗਈ ਸੀ ਤਾਂ ਸਾਰਾ ਪਿੰਡ ਦਹਿਸ਼ਤ 'ਚ ਡੁੱਬ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਸ ਦੇ ਪਰਿਵਾਰ ਵਿਚ ਚਾਰ ਜੀਅ ਹਨ ਪਰ ਰੋਜ਼ੀ ਦਾ ਕੋਈ ਪੱਕਾ ਸਾਧਨ ਨਹੀਂ। ਹਰ ਵੇਲੇ ਰੋਟੀ ਦੀ ਚਿੰਤਾ ਬਣੀ ਰਹਿੰਦੀ ਹੈ।
GST ਨੂੰ ਲੈ ਕੇ ਗੁਜਰਾਤ ਵਿਧਾਨਸਭਾ 'ਚ ਹੰਗਾਮਾ, ਕਾਂਗਰਸ ਦੇ ਵਿਧਾਇਕ ਮੁਅੱਤਲ
NEXT STORY