ਨਵੀਂ ਦਿੱਲੀ/ਜਲੰਧਰ— ਦੋ ਸਾਲਾਂ ਤੋਂ ਮੌਸੂਲ 'ਚ ਲਾਪਤਾ ਹੋਏ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਤਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਿਲਣ ਲਈ ਦਿੱਲੀ ਸੱਦਿਆ ਹੈ, ਜਿਸ ਨਾਲ ਇਹ ਸੰਭਾਵਨਾ ਬਣ ਗਈ ਹੈ ਕਿ ਐਤਵਾਰ ਨੂੰ ਇਨ੍ਹਾਂ ਲਾਪਤਾ ਭਾਰਤੀਆਂ ਬਾਰੇ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ।
ਬੀਤੇ ਹਫਤੇ ਇਰਾਕ ਦੇ ਮੌਸੂਲ ਜ਼ਿਲੇ ਦੇ ਇਸਲਾਮਿਕ ਸਟੇਟ ਦੇ ਕਬਜ਼ੇ 'ਚੋਂ ਆਜ਼ਾਦ ਹੁੰਦੇ ਹੀ ਉਨ੍ਹਾਂ 39 ਭਾਰਤੀਆਂ ਦੇ ਪਰਿਵਾਰਾਂ 'ਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਸੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮੌਸੂਲ 'ਚ ਲਾਪਤਾ ਸਨ। ਮੌਸੂਲ 'ਚ ਬਗਦਾਦੀ ਮੂਲ ਦੀ ਤਾਰਿਕ ਨੂਰ ਅਲ ਹੁੱਡਾ ਕੰਪਨੀ 'ਚ ਕੰਮ ਕਰਦੇ 24 ਪੰਜਾਬੀਆਂ ਸਣੇ 39 ਭਾਰਤੀ ਜੂਨ 2014 ਤੋਂ ਲਾਪਤਾ ਹਨ। ਮੌਸੂਲ ਦੇ ਆਜ਼ਾਦ ਹੁੰਦਿਆਂ ਹੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਮੰਤਰੀ ਵੀਕੇ ਸਿੰਘ ਨੂੰ ਮੌਸੂਲ ਭੇਜਿਆ ਗਿਆ, ਜਿਥੇ ਉਨ੍ਹਾਂ ਵਲੋਂ 39 ਭਾਰਤੀਆਂ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਦੇ ਵਿਚਕਾਰ ਲਾਪਤਾ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਚਹਿਰਿਆਂ 'ਤੇ ਮੁੜ ਖੁਸ਼ੀ ਚਿਹਕਦੀ ਨਜ਼ਰ ਆਈ ਜਦੋਂ ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਐਤਵਾਰ ਨੂੰ ਦਿੱਲੀ ਆਉਣ ਦਾ ਸੱਦਾ ਮਿਲਿਆ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਇਕ ਸੱਦੇ ਨਾਲ ਉਨ੍ਹਾਂ ਨੂੰ ਮੁੜ ਆਸ ਬੱਜ ਗਈ ਹੈ ਕਿ ਐਤਵਾਰ ਨੂੰ ਜ਼ਰੂਰ ਕੁਝ ਚੰਗਾ ਹੋਵੇਗਾ।
ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਪੀੜਤ ਪਰਿਵਾਰਾਂ ਨੂੰ ਸੱਦਣਾ ਸਪੱਸ਼ਟ ਬਿਆਨੀ ਕਰਦਾ ਹੈ ਕਿ ਵਿਦੇਸ਼ ਮੰਤਰਾਲੇ ਹੱਥ ਕੋਈ ਵੱਡੀ ਸਫਲਤਾ ਲੱਗ ਗਈ ਹੈ ਤੇ ਇਨ੍ਹਾਂ ਲਾਪਤਾ ਭਾਰਤੀਆਂ ਬਾਰੇ ਐਤਵਾਰ ਨੂੰ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ। ਮੌਸੂਲ ਗਏ ਮੰਤਰੀ ਵੀਕੇ ਸਿੰਘ ਵਲੋਂ ਇਸ ਦੌਰੇ ਸਬੰਧੀ ਆਪਣੇ ਟਵਿੱਟਰ ਅਕਾਉਂਟ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚ ਉਹ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਦੇ ਨਜ਼ਰ ਆ ਰਹੇ ਹਨ, ਜਿਥੇ ਕਦੇ ਲਾਪਤਾ ਭਾਰਤੀ ਰਹਿੰਦੇ ਸਨ।
ਗੁੜਗਾਓਂ ਦੇ ਸ਼ੀਤਲਾ ਹਸਪਤਾਲ 'ਚ ਲੱਗੀ ਅੱਗ
NEXT STORY