ਮੁੰਬਈ (ਭਾਸ਼ਾ)- ਮੁੰਬਈ ਦੀ ਇਕ ਅਦਾਲਤ ਨੇ ਇਕ ਵਿਦਿਆਰਥਣ ਦੇ 2021 'ਚ ਹੋਏ ਕਤਲ ਦੇ ਇਕ ਦੋਸ਼ੀ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਮ੍ਰਿਤਕਾ ਦੀ ਲਾਸ਼ ਬਰਾਮਦ ਕਰਨ ਲਈ ਪੁਲਸ ਦੀ ਜਾਂਚ ਅਜੇ ਵੀ ਜਾਰੀ ਹੈ। ਐਡੀਸ਼ਨਲ ਸੈਸ਼ਨ ਜੱਜ ਪ੍ਰਿਯਾ ਬਾਂਕਰ ਨੇ ਤਿੰਨ ਅਕਤੂਬਰ ਨੂੰ ਦੋਸ਼ੀ ਅਬਦੁੱਲ ਅੰਸਾਰੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨੂੰ ਕਤਲ ਅਤੇ ਸਬੂਤ ਨਸ਼ਟ ਕਰਨ ਨੂੰ ਲੈ ਕੇ ਭਾਰਤੀ ਦੰਡਾਵਲੀ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਵਿਦਿਆਰਥਣ ਦੀ ਮੌਤ ਦੇ ਸਿਲਸਿਲੇ 'ਚ ਅੰਸਾਰੀ ਨੂੰ ਮੁੱਖ ਦੋਸ਼ੀ ਮਿੱਠੂ ਸਿੰਘ ਨਾਲ ਗ੍ਰਿਫ਼ਤਾਰ ਕੀਤਾ ਸੀ। ਪੁਲਸ ਅਨੁਸਾਰ ਵਿਦਿਆਰਥਣ 29 ਨਵੰਬਰ 2021 ਨੂੰ ਇਕ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਰੇਲ ਗੱਡੀ 'ਤੇ ਯਾਤਰਾ ਕਰ ਰਹੀ ਸੀ ਪਰ ਉਹ ਬਾਂਦਰਾ ਰੇਲਵੇ ਸਟੇਸ਼ਨ 'ਤੇ ਉਤਰ ਗਈ। ਉਨ੍ਹਾਂ ਦੱਸਿਆ ਕਿ ਉਹ ਪ੍ਰੀਖਿਆ 'ਚ ਸ਼ਾਮਲ ਨਹੀਂ ਹੋਈ ਅਤੇ ਉਸ ਨੂੰ ਆਖ਼ਰੀ ਵਾਰ ਬਾਂਦਰਾ ਬੈਂਡਸਟੈਂਡ ਇਲਾਕੇ 'ਚ ਦੇਖਿਆ ਗਿਆ ਸੀ। ਉਹ ਜਦੋਂ ਘਰ ਨਹੀਂ ਆਈ ਅਤੇ ਉਸ ਦੇ ਮੋਬਾਇਲ ਫ਼ੋਨ 'ਤੇ ਉਸ ਨਾਲ ਸੰਪਰਕ ਨਹੀਂ ਹੋ ਸਕਿਆ, ਉਦੋਂ ਉਸ ਦੇ ਮਾਤਾ-ਪਿਤਾ ਨੇ ਸੰਬੰਧਤ ਪੁਲਸ ਥਾਣੇ 'ਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਸ ਨੂੰ ਜਾਂਚ 'ਚ ਪਤਾ ਲੱਗਾ ਕਿ ਵਿਦਿਆਰਥਣ ਨੂੰ ਆਖ਼ਰੀ ਵਾਰ ਬਾਂਦਰਾ ਬੈਂਡਸਟੈਂਡ 'ਤੇ ਦੇਖਿਆ ਗਿਆ ਸੀ, ਜਿੱਥੇ ਉਸ ਨੇ ਮਿੱਠੂ ਸਿੰਘ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਨਾਲ ਇਕ ਸੈਲਫ਼ੀ ਲਈ ਸੀ। ਜਾਂਚ 'ਚ ਇਹ ਵੀ ਖ਼ੁਲਾਸਾ ਹੋਇਆ ਕਿ ਮਿੱਠੂ ਸਿੰਘ ਅਤੇ ਅੰਸਾਰੀ ਵਿਚਾਲੇ ਟੈਲੀਫੋਨ 'ਤੇ ਗੱਲਬਾਤ ਹੋਈ ਸੀ, ਜਿਸ ਦੌਰਾਨ ਅੰਸਾਰੀ ਨੇ ਕੁਝ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਅਤੇ ਮਿੱਠੂ ਸਿੰਘ ਨੂੰ ਵਿਦਿਆਰਥਣ ਨਾਲ ਮਸਤੀ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : 26 ਹਫ਼ਤਿਆਂ ਦੇ ਭਰੂਣ ਦੇ ਗਰਭਪਾਤ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ
ਪੁਲਸ ਦਾ ਦੋਸ਼ ਹੈ ਕਿ ਅੰਸਾਰੀ ਜਾਣਦਾ ਸੀ ਕਿ ਮਿੱਠੂ ਸਿੰਘ ਵਿਦਿਆਰਥਣ ਨੂੰ ਇਲਾਕੇ 'ਚ ਕਿਉਂ ਲੈ ਗਿਆ ਸੀ ਅਤੇ ਜਾਂਚ 'ਚ ਖ਼ੁਲਾਸਾ ਹੋਇਆ ਕਿ ਉਸ ਨੂੰ ਸਿੰਘ ਵਲੋਂ ਕੀਤੇ ਗਏ ਕਤਲ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਬਾਰੇ ਪਤਾ ਸੀ। ਵਧੀਕ ਸਰਕਾਰੀ ਵਕੀਲ ਅਸ਼ਵਨੀ ਰਾਏਕਰ ਨੇ ਅੰਸਾਰੀ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਦਲੀਲ ਦਿੱਤੀ ਕਿ ਮਾਮਲੇ ਦੇ ਗਵਾਹ ਉਸ ਦੇ ਸਾਥੀ ਹਨ ਅਤੇ ਉਨ੍ਹਾਂ ਨੂੰ ਜਾਣਦੇ ਹਨ। ਉਨ੍ਹਾਂ ਕਿਹਾ, ਇਸ ਲਈ ਅਜਿਹੀ ਸੰਭਾਵਨਾ ਹੈ ਕਿ ਜੇਕਰ ਅੰਸਾਰੀ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਤਾਂ ਉਹ ਇਸਤਗਾਸਾ ਪੱਖ ਦੇ ਗਵਾਹਾਂ 'ਤੇ ਦਬਾਅ ਪਾਏਗਾ ਅਤੇ ਧਮਕੀ ਦੇਵੇਗਾ। ਹਾਲਾਂਕਿ ਅੰਸਾਰੀ ਦੇ ਵਕੀਲ ਹਰਸ਼ਮਾਨ ਚੌਹਾਨ ਨੇ ਦਲੀਲ ਦਿੱਤੀ ਕਿ ਇਸ ਸਾਬਿਤ ਕਰਨ ਲਈ ਕੁਝ ਨਹੀਂ ਹੈ ਕਿ ਉਸ ਦੇ ਮੁਵਕਿਲ ਨੇ ਲਾਸ਼ ਟਿਕਾਣੇ ਲਗਾਉਣ 'ਚ ਮਦਦ ਕੀਤੀ ਸੀ। ਅਦਾਲਤ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਵਿਦਿਆਰਥਣ ਦੀ ਲਾਸ਼ ਬਰਾਮਦ ਕਰਨ ਲਈ ਜਾਂਚ ਅਜੇ ਜਾਰੀ ਹੈ ਅਤੇ ਇਸ ਤੱਥ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਦੋਸ਼ ਗੰਭੀਰ ਕਿਸਮ ਦੇ ਹਨ ਅਤੇ ਅਪਰਾਧ ਦੀ ਪੂਰੀ ਜਾਂਚ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਜ਼ਮਾਨਤ ਅਰਜ਼ੀ ਖਾਰਜ ਕਰਦੇ ਹੋਏ ਕਿਹਾ,''ਅਪਰਾਧ 'ਚ ਦੋਸ਼ੀਆਂ ਦੀ ਸ਼ਮੂਲੀਅਤ ਦੇ ਪਹਿਲੇ ਨਜ਼ਰ ਸਬੂਤ ਹਨ। ਨਾਲ ਹੀ ਇਸਤਗਾਸਾ ਪੱਖ ਦੇ ਇਸ ਖ਼ਦਸ਼ੇ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਦੋਸ਼ੀ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ 'ਚ ਬਰਫ਼ਬਾਰੀ, ਮੋਹਲੇਧਾਰ ਮੀਂਹ ਕਾਰਨ ਮੁਗ਼ਲ ਰੋਡ ਬੰਦ
NEXT STORY