ਨੈਸ਼ਨਲ ਡੈਸਕ : ਅਮਰੀਕਾ ਤੋਂ ਡਿਪੋਰਟ ਕੀਤੇ ਗਏ 112 ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਤੀਜਾ ਵਿਸ਼ੇਸ਼ ਜਹਾਜ਼ 16 ਫਰਵਰੀ ਨੂੰ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਸੀ। ਇਸ ਤੋਂ ਪਹਿਲਾਂ 5 ਅਤੇ 15 ਫਰਵਰੀ ਨੂੰ ਕ੍ਰਮਵਾਰ 104 ਅਤੇ 116 ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ 2 ਜੱਥੇ ਅਮਰੀਕੀ ਫੌਜੀ ਜਹਾਜ਼ਾਂ ਦੁਆਰਾ ਅੰਮ੍ਰਿਤਸਰ ਪਹੁੰਚੇ ਸਨ। ਇਹ ਸਾਰੇ ਉਹ ਭਾਰਤੀ ਹਨ, ਜੋ ਲੱਖਾਂ ਰੁਪਏ ਖਰਚ ਕੇ ਏਜੰਟਾਂ ਦੀ ਮਦਦ ਨਾਲ 'ਡੰਕੀ ਰੂਟ' ਰਾਹੀਂ ਗ਼ੈਰ-ਕਾਨੂੰਨੀ ਰਸਤੇ ਜ਼ਰੀਏ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਸਰਹੱਦ 'ਤੇ ਫੜੇ ਗਏ ਸਨ। ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ, ਇੱਕ ਨਜ਼ਰਬੰਦੀ ਕੈਂਪ ਵਿੱਚ ਰੱਖਿਆ ਗਿਆ ਅਤੇ ਫਿਰ ਭਾਰਤ ਵਾਪਸ ਭੇਜ ਦਿੱਤਾ ਗਿਆ।
ਭਾਰਤੀ ਅਧਿਕਾਰੀਆਂ ਮੁਤਾਬਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਵਿੱਚ ਪੰਜਾਬ, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਨਿਵਾਸੀ ਸ਼ਾਮਲ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਜ਼ਿਆਦਾਤਰ ਲੋਕ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਵਸਨੀਕ ਹਨ। ਉਨ੍ਹਾਂ ਦੇ ਪਰਿਵਾਰ ਸਦਮੇ ਵਿਚ ਹਨ, ਕਿਉਂਕਿ ਉਨ੍ਹਾਂ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਜ਼ਿਆਦਾਤਰ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਕਰਜ਼ਾ ਲੈ ਕੇ, ਜ਼ਮੀਨਾਂ ਅਤੇ ਗਹਿਣੇ ਵੇਚ ਕੇ ਅਮਰੀਕਾ ਜਾਣ ਲਈ ਪੈਸੇ ਦਾ ਪ੍ਰਬੰਧ ਕੀਤਾ ਸੀ।
ਇਹ ਵੀ ਪੜ੍ਹੋ : ਪਹਿਲਾਂ ਬਰਖਾਸਤ, ਫਿਰ ਬਹਾਲ: ਟਰੰਪ ਨੇ 24 ਘੰਟਿਆਂ ਦੇ ਅੰਦਰ ਪਲਟਿਆ ਐਲੋਨ ਮਸਕ ਦਾ ਵੱਡਾ ਫੈਸਲਾ
ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ ਕੁਝ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਉਨ੍ਹਾਂ ਗੰਦੇ ਰਸਤਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਰਾਹੀਂ ਏਜੰਟ ਉਨ੍ਹਾਂ ਨੂੰ ਅਮਰੀਕਾ ਲੈ ਕੇ ਗਏ ਸਨ। ਇਨ੍ਹਾਂ ਤਸਵੀਰਾਂ 'ਚ ਭਾਰਤੀਆਂ ਦੇ ਇਕ ਸਮੂਹ ਨੂੰ ਐਮਾਜ਼ੋਨ ਦੇ ਜੰਗਲਾਂ 'ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਲਈ ਟ੍ਰੈਕਿੰਗ ਕਰਦੇ, ਨਦੀ ਪਾਰ ਕਰਦੇ ਅਤੇ ਟੈਂਟਾਂ 'ਚ ਰਹਿੰਦੇ, ਜੰਗਲ 'ਚ ਲੱਕੜਾਂ ਸਾੜ ਕੇ ਖਾਣਾ ਬਣਾਉਂਦੇ ਦੇਖਿਆ ਜਾ ਸਕਦਾ ਹੈ। ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਪਹੁੰਚਣ ਵਾਲੇ ਲੋਕਾਂ ਵਿੱਚ ਭਾਰਤੀ ਫੌਜ ਦਾ 38 ਸਾਲਾ ਸੇਵਾਮੁਕਤ ਸਿਪਾਹੀ ਮਨਦੀਪ ਸਿੰਘ ਵੀ ਸ਼ਾਮਲ ਹੈ। ਉਹ ਮਕਬੂਲਪੁਰਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਉਨ੍ਹਾਂ ਨਿਊਜ਼ ਏਜੰਸੀ ਏਐੱਨਆਈ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਪਹੁੰਚ ਗਿਆ ਸੀ, ਪਰ ਆਪਣੀ ਸਾਰੀ ਕਮਾਈ ਗੁਆ ਦਿੱਤੀ। ਫੌਜ ਤੋਂ ਸੇਵਾਮੁਕਤੀ ਤੋਂ ਬਾਅਦ ਜੋ ਪੈਸਾ ਉਸ ਨੂੰ ਮਿਲਿਆ ਸੀ, ਉਹ ਅਮਰੀਕਾ ਜਾਣ ਦੀਆਂ ਯੋਜਨਾਵਾਂ ਵਿੱਚ ਗੁਆਚ ਗਿਆ। ਉਸਨੇ ਦੱਸਿਆ ਕਿ ਉਸ ਨੂੰ ਮੈਕਸੀਕੋ ਬਾਰਡਰ ਤੋਂ ਅਮਰੀਕਾ ਵਿੱਚ ਦਾਖਲ ਹੁੰਦੇ ਸਮੇਂ ਫੜਿਆ ਗਿਆ ਸੀ। ਮਨਦੀਪ ਨੂੰ ਹਿਰਾਸਤੀ ਕੇਂਦਰ ਵਿੱਚ ਰੱਖਿਆ ਗਿਆ ਸੀ। ਇਸ ਸੇਵਾਮੁਕਤ ਫੌਜੀ ਨੇ ਦੱਸਿਆ ਕਿ ਡੰਕੀ ਰਸਤੇ ਅਮਰੀਕਾ ਜਾਣ ਦਾ ਮੇਰਾ ਫੈਸਲਾ ਗਲਤ ਸੀ। ਇਹ ਮੌਤ ਦਾ ਇੱਕ ਤਰੀਕਾ ਹੈ। ਡੰਕੀ ਰਸਤੇ ਅਮਰੀਕਾ ਪਹੁੰਚਣ ਲਈ ਪਹਿਲਾਂ ਹਵਾਈ ਸਫ਼ਰ ਕਰਨਾ ਪੈਂਦਾ ਹੈ, ਫਿਰ ਗੱਡੀਆਂ ਰਾਹੀਂ ਲੰਮੀ ਦੂਰੀ ਤੈਅ ਕਰਕੇ ਕਈ ਦੇਸ਼ਾਂ ਨੂੰ ਪਾਰ ਕਰਨਾ ਪੈਂਦਾ ਹੈ।
ਮਨਦੀਪ ਸਿੰਘ ਨੇ ਦੱਸਿਆ ਕਿ ਉਹ ਵੀ ਪਨਾਮਾ ਰਾਹੀਂ 13 ਦਿਨ ਪੈਦਲ ਚੱਲ ਕੇ ਅਮਰੀਕੀ ਸਰਹੱਦ ਤੱਕ ਪਹੁੰਚਿਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸੰਘਣੇ ਜੰਗਲਾਂ, ਨਦੀਆਂ, ਦਲਦਲਾਂ ਅਤੇ ਪਹਾੜਾਂ ਨੂੰ ਪਾਰ ਕਰਨਾ ਪਿਆ। ਕਈ ਦਿਨ ਭੁੱਖੇ-ਪਿਆਸੇ ਰਹਿਣਾ ਪਿਆ। ਮਨਦੀਪ ਅਨੁਸਾਰ ਰਾਤ ਦੇ ਹਨੇਰੇ 'ਚ ਜੰਗਲਾਂ 'ਚੋਂ ਲੰਘਣਾ, ਦਰਿਆਵਾਂ ਅਤੇ ਪਹਾੜਾਂ ਨੂੰ ਪਾਰ ਕਰਨਾ ਅਜਿਹਾ ਡਰਾਉਣਾ ਅਨੁਭਵ ਹੈ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਏਜੰਟਾਂ ਨੇ ਉਸ ਨੂੰ ਅਮਰੀਕਾ ਭੇਜਣ ਲਈ ਉਸ ਤੋਂ 40 ਲੱਖ ਰੁਪਏ ਲਏ ਸਨ। ਹੁਣ ਉਸ ਕੋਲ ਕੁਝ ਨਹੀਂ ਬਚਿਆ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਹੜੇ ਲੋਕਾਂ ਨੂੰ ਅਮਰੀਕਾ ’ਚ ਸੈਟਲ ਹੋਣ ਦੇ ਸੁਪਨੇ ਦਿਖਾ ਕੇ ਡੰਕੀ ਰਸਤੇ ’ਤੇ ਭੇਜਦੇ ਹਨ ਅਤੇ ਮੋਟੀ ਰਕਮ ਵਸੂਲਦੇ ਹਨ।
ਇਹ ਵੀ ਪੜ੍ਹੋ : ਵੱਡਾ ਹਾਦਸਾ: ਕੈਨੇਡਾ 'ਚ ਜਹਾਜ਼ ਹੋਇਆ ਕ੍ਰੈਸ਼, ਸਾਹਮਣੇ ਆਇਆ Video
ਅੰਮ੍ਰਿਤਸਰ ਦੇ ਪਿੰਡ ਘਣਸ਼ਿਆਮਪੁਰ ਦੇ ਰਹਿਣ ਵਾਲੇ 21 ਸਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਲਈ ਆਪਣੀ ਜ਼ਮੀਨ ਵੇਚ ਦਿੱਤੀ ਸੀ। ਏਜੰਟ ਨੇ ਉਸ ਨੂੰ 24 ਜਨਵਰੀ ਨੂੰ ਇਟਲੀ, ਸਪੇਨ, ਗੁਆਟੇਮਾਲਾ ਅਤੇ ਹੋਰ ਦੇਸ਼ਾਂ ਰਾਹੀਂ ਮੈਕਸੀਕੋ ਦੀ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖਲ ਕਰਵਾਇਆ ਸੀ। ਹਰਪ੍ਰੀਤ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਪਹਿਲਾਂ ਤੋਂ ਨਹੀਂ ਦੱਸਿਆ ਸੀ ਕਿ ਉਸ ਨੇ ਡੰਕੀ ਰਸਤੇ ਰਾਹੀਂ ਅਮਰੀਕਾ ਜਾਣਾ ਹੈ। ਉਸ ਨੇ ਕਿਹਾ ਸੀ ਕਿ ਉਹ ਸਾਨੂੰ ਫਲਾਈਟ ਰਾਹੀਂ ਲੈ ਜਾਵੇਗਾ, ਕੋਈ ਸਮੱਸਿਆ ਨਹੀਂ ਹੋਵੇਗੀ। ਸਪੇਨ ਪਹੁੰਚਣ 'ਤੇ ਏਜੰਟ ਨੇ ਹਰਪ੍ਰੀਤ ਨੂੰ ਕਿਹਾ ਕਿ ਉਸ ਨੂੰ ਡੰਕੀ ਰਸਤੇ ਰਾਹੀਂ ਜਾਣਾ ਪਵੇਗਾ। ਹਰਪ੍ਰੀਤ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਅਮਰੀਕਾ ਭੇਜਣ ਲਈ ਜ਼ਮੀਨ ਵੇਚ ਕੇ ਅਤੇ ਕੁਝ ਕਰਜ਼ਾ ਲੈ ਕੇ 40 ਲੱਖ ਰੁਪਏ ਦਾ ਪ੍ਰਬੰਧ ਕੀਤਾ ਸੀ।
ਹਰਪ੍ਰੀਤ ਨੇ ਦੱਸਿਆ ਕਿ ਅਮਰੀਕਾ 'ਚ ਦਾਖਲ ਹੁੰਦੇ ਹੀ ਉਸ ਨੂੰ ਸਰਹੱਦ 'ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਿਰਾਸਤੀ ਕੈਂਪ 'ਚ ਰੱਖਿਆ ਗਿਆ। ਫਿਰ 13 ਫਰਵਰੀ ਨੂੰ ਉਨ੍ਹਾਂ ਨੂੰ ਜਹਾਜ਼ 'ਤੇ ਚੜ੍ਹਾਇਆ ਗਿਆ, ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਉਨ੍ਹਾਂ ਨੂੰ ਕਿੱਥੇ ਲੈ ਕੇ ਜਾ ਰਹੇ ਹਨ। ਹਰਪ੍ਰੀਤ ਮੁਤਾਬਕ ਅਮਰੀਕੀ ਅਧਿਕਾਰੀਆਂ 'ਚੋਂ ਇਕ ਪਾਕਿਸਤਾਨੀ ਮੂਲ ਦਾ ਸੀ, ਜਿਸ ਨੇ ਦੱਸਿਆ ਕਿ ਸਾਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪੰਜਾਬ ਦੇ ਗੁਰਜਿੰਦਰ ਸਿੰਘ (27) ਦੇ ਰਿਸ਼ਤੇਦਾਰ ਨੇ ਖੁਲਾਸਾ ਕੀਤਾ ਕਿ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਕਰੀਬ 50-55 ਲੱਖ ਰੁਪਏ ਖਰਚ ਕੀਤੇ ਸਨ, ਪਰ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੁਝ ਡਿਪੋਰਟੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਅਤੇ ਕਿਹਾ ਕਿ ਸਰਕਾਰ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਦ 'ਚ ਬੇਟਾ ਤੇ ਪਲੇਟਫਾਰਮ 'ਤੇ ਡਿਊਟੀ... RPF ਮਹਿਲਾ ਕਾਂਸਟੇਬਲ ਦੀ ਫੋਟੋ ਵਾਇਰਲ
NEXT STORY