ਨਵੀਂ ਦਿੱਲੀ (ਇੰਟ)- ਭਾਰਤ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਦਾ ਤਰੀਕਾ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਮਾਤਾ-ਪਿਤਾ ਸਿਰਫ ਪੜ੍ਹਾਈ ਅਤੇ ਅਨੁਸ਼ਾਸਨ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੇ, ਸਗੋਂ ਬੱਚਿਆਂ ਦੀ ਮਾਨਸਿਕ ਸਥਿਤੀ, ਰੁਚੀਆਂ ਅਤੇ ਵਿਅਕਤੀਗਤ ਵਿਕਾਸ ਨੂੰ ਵੀ ਪਹਿਲ ਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਆਪਣੇ ਬੱਚਿਆਂ ਨੂੰ ਪੁਰਾਣੇ ਰਵਾਇਤੀ ਤਰੀਕਿਆਂ ਤੋਂ ਵੱਖਰੇ ਮਾਹੌਲ ਵਿਚ ਵੱਡਾ ਕਰਨਾ ਚਾਹੁੰਦੀ ਹੈ।
ਪੜ੍ਹਾਈ ਦੇ ਨਾਲ ਮਾਨਸਿਕ ਸਿਹਤ ’ਤੇ ਵੀ ਫੋਕਸ
ਰਿਪੋਰਟ ਅਨੁਸਾਰ ਹੁਣ ਮਾਪੇ ਬੱਚਿਆਂ ’ਤੇ ਸਿਰਫ਼ ਚੰਗੇ ਅੰਕ (ਨੰਬਰ) ਲਿਆਉਣ ਦਾ ਦਬਾਅ ਨਹੀਂ ਪਾ ਰਹੇ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਬੱਚੇ ਤਣਾਅ-ਮੁਕਤ ਰਹਿਣ ਅਤੇ ਆਪਣੀ ਪਸੰਦ ਦੇ ਖੇਤਰ ਵਿਚ ਅੱਗੇ ਵਧਣ। ਇਸੇ ਵਜ੍ਹਾ ਕਰ ਕੇ ਖੇਡਾਂ, ਸੰਗੀਤ, ਕਲਾ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿਚ ਬੱਚਿਆਂ ਦੀ ਭਾਗੀਦਾਰੀ ਵਧ ਰਹੀ ਹੈ।
ਡਿਜੀਟਲ ਦੁਨੀਆ ਬਣੀ ਸਭ ਤੋਂ ਵੱਡੀ ਚੁਣੌਤੀ
ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਨੇ ਮਾਤਾ-ਪਿਤਾ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਆਦਾਤਰ ਮਾਪਿਆਂ ਨੂੰ ਡਰ ਹੈ ਕਿ ਇੰਟਰਨੈੱਟ ’ਤੇ ਗਲਤ ਸਮੱਗਰੀ (ਕੰਟੈਂਟ) ਅਤੇ ਸਕ੍ਰੀਨ ਟਾਈਮ ਬੱਚਿਆਂ ਦੇ ਵਿਵਹਾਰ ਅਤੇ ਸਿਹਤ ’ਤੇ ਅਸਰ ਪਾ ਸਕਦਾ ਹੈ। ਮਾਹਿਰਾਂ ਨੇ ਬੱਚਿਆਂ ਦੇ ਡਿਜੀਟਲ ਉਪਯੋਗ ’ਤੇ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਹੈ।
ਸੰਸਕਾਰ ਅਤੇ ਆਧੁਨਿਕਤਾ ਦੇ ਵਿਚਕਾਰ ਸੰਤੁਲਨ ਦੀ ਕੋਸ਼ਿਸ਼
ਮਾਪੇ ਹੁਣ ਬੱਚਿਆਂ ਨੂੰ ਆਧੁਨਿਕ ਸਿੱਖਿਆ ਅਤੇ ਤਕਨੀਕ ਨਾਲ ਜੋੜਨ ਦੇ ਨਾਲ-ਨਾਲ ਪਾਰਿਵਾਰਕ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ’ਤੇ ਵੀ ਜ਼ੋਰ ਦੇ ਰਹੇ ਹਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਬਦਲਦੀ ਜੀਵਨ ਸ਼ੈਲੀ ਦੇ ਵਿਚਕਾਰ ਇਹ ਸੰਤੁਲਨ ਬਣਾਈ ਰੱਖਣਾ ਇਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।
ਰਵਾਇਤੀ ਸੋਚ ਤੋਂ ਹਟ ਕੇ ਫੈਸਲੇ
ਪਹਿਲਾਂ ਜਿਥੇ ਸਥਾਈ ਨੌਕਰੀ ਅਤੇ ਰਵਾਇਤੀ ਕਰੀਅਰ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ, ਉਥੇ ਹੀ ਹੁਣ ਮਾਤਾ-ਪਿਤਾ ਬੱਚਿਆਂ ਨੂੰ ਆਪਣੀ ਪਸੰਦ ਦਾ ਕਰੀਅਰ ਚੁਣਨ ਦੀ ਆਜ਼ਾਦੀ ਦੇਣ ਲੱਗੇ ਹਨ। ਦੱਖਣੀ ਭਾਰਤ ਅਤੇ ਮਹਾਨਗਰਾਂ ਵਿਚ ਇਹ ਬਦਲਾਅ ਤੇਜ਼ੀ ਨਾਲ ਦੇਖਣ ਨੂੰ ਮਿਲ ਰਿਹਾ ਹੈ।
ਦਿੱਲੀ ਆਉਣ-ਜਾਣ ਵਾਲੇ ਯਾਤਰੀ ਸਾਵਧਾਨ! IndiGo ਏਅਰਲਾਈਨ ਨੇ ਜਾਰੀ ਕੀਤੀ ਐਡਵਾਇਜ਼ਰੀ
NEXT STORY