ਨਵੀਂ ਦਿੱਲੀ- ਏ. ਆਈ. ਸੀ. ਸੀ. ’ਚ ਅਹਿਮ ਭੂਮਿਕਾ ਨਿਭਾਉਣ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ’ਤੇ ਕਾਬਜ਼ ਹੋਣ ਤੋਂ ਬਾਅਦ ਰਾਹੁਲ ਗਾਂਧੀ ਪਾਰਟੀ ਦੀਆਂ ਸੂਬਾਈ ਇਕਾਈਆਂ ’ਚ ਨਵੀਂ ਲੀਡਰਸ਼ਿਪ ਸਥਾਪਿਤ ਕਰਨ ਦੀ ਕੋਸ਼ਿਸ਼ ’ਚ ਹਨ।
ਲੋਕ ਸਭਾ ਚੋਣਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬਦਲਾਅ ਲਾਜ਼ਮੀ ਹੋ ਗਿਆ ਹੈ। ਕਾਂਗਰਸ ਲੀਡਰਸ਼ਿਪ ਨੇ ਘੱਟੋ-ਘੱਟ 7 ਸੂਬਿਆਂ ’ਚ ਸੂਬਾ ਪ੍ਰਧਾਨਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੂਬਿਆਂ ’ਚ ਕੇਰਲ, ਤੇਲੰਗਾਨਾ, ਕਰਨਾਟਕ, ਓਡਿਸ਼ਾ, ਝਾਰਖੰਡ, ਪੱਛਮੀ ਬੰਗਾਲ ਅਤੇ ਬਿਹਾਰ ਸ਼ਾਮਲ ਹਨ।
ਝਾਰਖੰਡ ’ਚ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਬਿਹਾਰ ’ਚ 2025 ’ਚ ਅਤੇ ਕੇਰਲ ’ਚ 2026 ਦੇ ਸ਼ੁਰੂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਉਥੇ ਲੀਡਰਸ਼ਿਪ ਬਦਲਣਾ ਚਾਹੁੰਦੀ ਹੈ।
ਤੇਲੰਗਾਨਾ ’ਚ ਮੁੱਖ ਮੰਤਰੀ ਰੇਵੰਤ ਰੈੱਡੀ ਅਜੇ ਵੀ ਸੂਬਾ ਪ੍ਰਧਾਨ ਹਨ। ਮੁੱਖ ਮੰਤਰੀ ਆਪਣੇ ਚਹੇਤੇ ਬਲਰਾਮ ਨਾਇਕ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਕਰਨਾਟਕ ’ਚ ਸਰਕਾਰ ਬਣਨ ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਹੈ। ਡੀ. ਕੇ. ਸ਼ਿਵਕੁਮਾਰ ਸੂਬਾ ਪ੍ਰਧਾਨ ਹੋਣ ਦੇ ਨਾਲ-ਨਾਲ ਸਰਕਾਰ ’ਚ ਉਪ-ਮੁੱਖ ਮੰਤਰੀ ਵੀ ਹਨ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਡੀ. ਕੇ. ਸ਼ਿਵਕੁਮਾਰ ਨੇ ਪਿਛਲੇ ਹਫ਼ਤੇ ਦਿੱਲੀ ’ਚ ਕਾਂਗਰਸ ਹਾਈਕਮਾਂਡ ਨਾਲ ਇਸ ਸਬੰਧ ’ਚ ਵਿਸਥਾਰ ਨਾਲ ਗੱਲਬਾਤ ਕੀਤੀ ਸੀ। ਕਾਂਗਰਸ ਨੇ ਓਡਿਸ਼ਾ ’ਚ ਆਪਣੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਹਨ। ਅਜਿਹੇ ’ਚ ਉਥੇ ਨਵਾਂ ਸੰਗਠਨ ਬਣਾਇਆ ਜਾਵੇਗਾ।
ਝਾਰਖੰਡ ’ਚ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਸੂਬਾ ਪ੍ਰਧਾਨ ਬਦਲਣਾ ਚਾਹੁੰਦੀ ਹੈ। ਪੱਛਮੀ ਬੰਗਾਲ ਦੇ ਸਾਬਕਾ ਪ੍ਰਧਾਨ ਅਧੀਰ ਰੰਜਨ ਚੌਧਰੀ ਖੁਦ ਚੋਣ ਹਾਰ ਗਏ ਸਨ ਅਤੇ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਅਗਵਾਈ ’ਚ ਪਾਰਟੀ ਦਾ ਸਫਾਇਆ ਹੋ ਗਿਆ ਸੀ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਨਾਲ ਵੀ ਅਧੀਰ ਦੇ ਰਿਸ਼ਤੇ ਖਰਾਬ ਰਹੇ ਹਨ ਕਿਉਂਕਿ ਅਧੀਰ ਰੰਜਨ ਚੌਧਰੀ ਮਮਤਾ ਬੈਨਰਜੀ ਨਾਲ ਕੋਈ ਸਬੰਧ ਨਾ ਰੱਖਣ ’ਤੇ ਅੜੇ ਹਨ। ਬਿਹਾਰ ’ਚ ਵੀ ਅਖਿਲੇਸ਼ ਪ੍ਰਸਾਦ ਸਿੰਘ ਦੀ ਥਾਂ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ।
ਸਿਰਸਾ ਦੇ ਡੇਰੇ 'ਚ ਚੱਲੀ ਗੋਲੀ, ਗੱਦੀ 'ਤੇ ਬੈਠ ਗਿਆ ਡਰਾਈਵਰ, ਲੋਕਾਂ ਨੇ ਚਾੜ੍ਹਿਆ ਕੁਟਾਪਾ
NEXT STORY