ਨਵੀਂ ਦਿੱਲੀ - ਟੂਲਕਿੱਟ ਮਾਮਲੇ ਨੂੰ ਲੈ ਕੇ ਟਵਿੱਟਰ ਅਤੇ ਭਾਰਤ ਸਰਕਾਰ ਵੀਰਵਾਰ ਨੂੰ ਆਹਮੋ-ਸਾਹਮਣੇ ਆ ਗਏ। ਟਵਿੱਟਰ ਨੇ ਭਾਜਪਾ ਨੇਤਾ ਦੇ ਟਵੀਟ ’ਚ ‘ਮੈਨਿਪੁਲੇਟਿਡ ਮੀਡੀਆ’ ਦਾ ਟੈਗ ਲਗਾਉਣ ਦੇ ਜਵਾਬ ’ਚ ‘ਪੁਲਸ ਵੱਲੋਂ ਡਰਾਉਣ-ਧਮਕਾਉਣ ਦੀ ਰਣਨੀਤੀ ਦੀ ਵਰਤੋਂ’ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤ ’ਚ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਲਈ ਸੰਭਾਵੀ ਖਤਰੇ ਬਾਰੇ ਉਹ ਚਿੰਤਿਤ ਹੈ। ਕੇਂਦਰ ਸਰਕਾਰ ਨੇ ਪੁਲਸ ਦੇ ਜਰੀਏ ਡਰਾਉਣ-ਧਮਕਾਉਣ ਦੇ ਟਵਿੱਟਰ ਦੇ ਦੋਸ਼ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗਲਤ ਦੱਸਿਆ ਹੈ।
ਮਾਈਕ੍ਰੋ ਬਲਾਗਿੰਗ ਮੰਚ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਫਿਲਹਾਲ ਅਸੀਂ ਭਾਰਤ ’ਚ ਆਪਣੇ ਕਰਮਚਾਰੀਆਂ ਦੇ ਸੰਬੰਧ ’ਚ ਤਾਜ਼ਾ ਘਟਨਾਵਾਂ ਅਤੇ ਆਪਣੇ ਯੂਜ਼ਰਜ਼ ਦੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਲਈ ਸੰਭਾਵੀ ਖਤਰੇ ਤੋਂ ਚਿੰਤਿਤ ਹਨ। ਉਹ ਦੇਸ਼ ’ਚ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਭਾਰਤ ’ਚ ਲਾਗੂ ਕਾਨੂੰਨਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਆਈ. ਟੀ. ਨਿਯਮਾਂ ਦੇ ਉਨ੍ਹਾਂ ਤੱਤਾਂ ’ਚ ਬਦਲਾਅ ਦੀ ਵਕਾਲਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਆਜ਼ਾਦ ਅਤੇ ਖੁੱਲ੍ਹੀ ਜਨਤਕ ਗੱਲਬਾਤ ਨੂੰ ਰੋਕਦੇ ਹਨ।
ਓਧਰ, ਸੂਚਨਾ ਤਕਨੀਕੀ ਮੰਤਰਾਲਾ ਨੇ ਕਿਹਾ ਕਿ ਆਈ. ਟੀ. ਕਾਨੂੰਨ ’ਚ ਬਦਲਾਅ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਸ਼ਰਤਾਂ ਨੂੰ ਨਿਰਧਾਰਤ ਕਰਨ ਦੀ ਇਕ ਕੋਸ਼ਿਸ਼ ਹੈ। ਟਵਿੱਟਰ ਆਪਣੇ ਇਸ ਕਦਮ ਰਾਹੀਂ ਜਾਣ-ਬੁੱਝ ਕੇ ਹੁਕਮ ਦੀ ਪਾਲਣਾ ਨਾ ਕਰ ਕੇ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਟਵਿੱਟਰ ਸਮੇਤ ਸੋਸ਼ਲ ਮੀਡੀਆ ਕੰਪਨੀਆਂ ਦੇ ਪ੍ਰਤਿਨਿੱਧੀ ਭਾਰਤ ’ਚ ਹਮੇਸ਼ਾ ਸੁਰੱਖਿਅਤ ਹਨ ਅਤੇ ਰਹਿਣਗੇ ਅਤੇ ਉਨ੍ਹਾਂ ਦੀ ਨਿੱਜੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।
ਟਵਿੱਟਰ ਦਾ ਝੂਠਾ ਬਿਆਨ ਜਾਂਚ ’ਚ ਰੁਕਾਵਟ ਦੀ ਕੋਸ਼ਿਸ਼: ਦਿੱਲੀ ਪੁਲਸ
ਦਿੱਲੀ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਟੂਲਕਿੱਟ ਮਾਮਲੇ ’ਚ ਚੱਲ ਰਹੀ ਜਾਂਚ ’ਤੇ ਟਵਿੱਟਰ ਦਾ ਬਿਆਨ ਝੂਠਾ ਹੈ ਅਤੇ ਇਹ ਕਾਨੂੰਨੀ ਜਾਂਚ ’ਚ ਰੁਕਾਵਟ ਦੀ ਕੋਸ਼ਿਸ਼ ਹੈ। ਸੇਵਾ ਦੀਆਂ ਸ਼ਰਤਾਂ ਦੀ ਆੜ ’ਚ ਟਵਿੱਟਰ ਇੰਕ ਨੇ ਸੱਚ ਦਾ ਫ਼ੈਸਲਾ ਕਰਨ ਦਾ ਖੁਦ ਫੈਸਲਾ ਕਰ ਲਿਆ। ਦਿੱਲੀ ਪੁਲਸ ਨੇ ਕਿਹਾ ਕਿ ਉਸ ਨੇ ਕਾਂਗਰਸ ਦੇ ਪ੍ਰਤੀਨਿਧੀਆਂ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਟੂਲਕਿੱਟ ਮਾਮਲੇ ’ਚ ਮੁਢਲੀ ਜਾਂਚ ਸ਼ੁਰੂ ਕੀਤੀ ਹੈ, ਇਸ ਲਈ ਟਵਿੱਟਰ ਇੰਕ ਵੱਲੋਂ ਇਹ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਗਲਤ ਹੈ ਕਿ ਭਾਰਤ ਸਰਕਾਰ ਦੇ ਇਸ਼ਾਰੇ ’ਤੇ ਇਹ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਰਨਾਟਕ ’ਚ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਬਕਵਾਸ: ਯੇਦੀਯੁਰੱਪਾ
NEXT STORY