ਜਬਲਪੁਰ (ਵਾਰਤਾ)— ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਕੋਰੋਨਾ ਵਾਇਰਸ ਦੇ 4 ਮਰੀਜ਼ ਪਾਜ਼ੀਟਿਵ ਮਿਲਣ ਤੋਂ ਬਾਅਦ ਸ਼ਹਿਰ ਨੂੰ ਦੋ ਦਿਨਾਂ ਲਈ ਪੂਰੀ ਤਰ੍ਹਾਂ ‘ਲਾਕਡਾਊਨ’ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵਲੋਂ ਸਾਰੇ ਜ਼ਰੂਰੀ ਸਾਵਧਾਨੀ ਪੂਰਨ ਕਦਮ ਚੁੱਕੇ ਜਾ ਰਹੇ ਹਨ। ਜ਼ਿਲਾ ਕੈਲਕਟਰ ਭਰਤ ਯਾਦਵ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਸ਼ਹਿਰ ਨੂੰ ਪੂਰੀ ਤਰ੍ਹਾਂ ‘ਲਾਕਡਾਊਨ’ ਕੀਤੇ ਜਾਣ ਸੰਬੰਧੀ ਹੁਕਮ ਤੁਰੰਤ ਪ੍ਰਭਾਵ ਤੋਂ ਜਾਰੀ ਕੀਤੇ ਗਏ ਹਨ। ਵਪਾਰੀਆਂ ਵਲੋਂ ਵੀ ਸਾਵਧਾਨੀ ਦੇ ਤੌਰ ’ਤੇ ਆਪਣੇ-ਆਪਣੇ ਅਦਾਰੇ ਬੰਦ ਰੱਖੇ ਗਏ ਹਨ। ਸਿੱਖਿਅਕ ਸੰਸਥਾਵਾਂ ’ਚ ਪਹਿਲਾਂ ਹੀ ਇਸ ਨੂੰ ਲੈ ਕੇ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਚਾਰੇ ਲੋਕਾਂ ’ਚ ਇਕ ਹੀ ਪਰਿਵਾਰ ਦੇ 3 ਵਿਅਕਤੀ ਦੁਬਈ ਤੋਂ ਪਰਤੇ ਹਨ ਅਤੇ ਇਕ ਹੋਰ ਵਿਦਿਆਰਥੀ ਹੈ, ਜੋ ਜਰਮਨੀ ਤੋਂ ਪਰਤਿਆ ਹੈ। ਇਨ੍ਹਾਂ ਚਾਰੇ ਵਿਅਕਤੀਆਂ ਦੇ ਨਮੂਨਿਆਂ ਦੀ ਰਿਪੋਰਟ ਕੱਲ ਸ਼ਾਮ ਲੈਬ ਤੋਂ ਪ੍ਰਾਪਤ ਹੋਈ, ਜਿਸ ’ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤਾਂ ਦੇ ਸਾਰੇ ਮਿਲਣ-ਜੁਲਣ ਵਾਲਿਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ, ਤਾਂ ਕਿ ਜ਼ਰੂਰੀ ਸਾਵਧਾਨੀ ਕਦਮ ਚੁੱਕੇ ਜਾ ਸਕਣ। ਮੱਧ ਪ੍ਰਦੇਸ਼ ਵਿਚ 1,000 ਤੋਂ ਵਧ ਯਾਤਰੀਆਂ ਦੀ ਪਹਿਚਾਣ ਹੋਈ ਹੈ, ਜੋ ਕੋੋੋਰੋਨਾ ਪ੍ਰਭਾਵਿਤ ਦੇਸ਼ਾਂ ਤੋਂ ਮੱਧ ਪ੍ਰਦੇਸ਼ ਪਰਤੇ ਹਨ। ਇਨ੍ਹਾਂ ’ਚ ਲੱਗਭਗ 600 ਯਾਤਰੀਆਂ ਨੂੰ ਉਨ੍ਹਾਂ ਦੇ ਹੀ ਘਰਾਂ ’ਚ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ।
ਜਾਰੀ ਹੁਕਮ ਮੁਤਾਬਕ ਲਾਕਡਾਊਨ ’ਚ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ, ਜ਼ਿਲੇ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕੀਤਾ ਜਾਂਦਾ ਹੈ। ਜ਼ਿਲੇ ਦੀਆਂ ਸਰਹੱਦਾਂ ’ਚ ਬਾਹਰੀ ਲੋਕਾਂ ਦੀ ਆਵਾਜਾਈ ’ਤੇ ਰੋਕ ਲਾਈ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ ਸਰਕਾਰੀ, ਗੈਰ-ਸਰਕਾਰੀ ਦਫਤਰ ਬੰਦ ਕੀਤੇ ਜਾਂਦੇ ਹਨ। ਜ਼ਰੂਰਤ ਸੇਵਾ ਵਾਲੇ ਵਿਭਾਗ ਅਤੇ ਮਾਲੀਆ, ਪੁਲਸ, ਬਿਜਲੀ, ਦੂਰਸੰਚਾਰ, ਨਗਰਪਾਲਿਕਾ, ਪੰਚਾਇਤਾਂ ਆਦਿ ਇਸ ਤੋਂ ਮੁਕਤ ਰਹਿਣਗੇ। ਮੈਡੀਕਲ ਦੁਕਾਨਾਂ ਅਤੇ ਹਸਪਤਾਲਾਂ ਨੂੰ ਛੱਡ ਕੇ ਸਾਰੇ ਵਪਾਰਕ ਅਦਾਰੇ ਬੰਦ ਕੀਤੇ ਜਾਂਦੇ ਹਨ।
ਕਨਿਕਾ ਦੀ ਪਾਰਟੀ 'ਚ ਸ਼ਾਮਲ ਯੋਗੀ ਦੇ ਮੰਤਰੀ ਸਮੇਤ 45 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ
NEXT STORY