ਨਵੀਂ ਦਿੱਲੀ- ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੇ ਵਿਵਾਦ 'ਚ ਹੁਣ 'ਜਾਗੋ' ਪਾਰਟੀ ਵੀ ਆ ਗਈ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਨੂੰ ਜਾਰੀ ਬਿਆਨ 'ਚ ਦੋਹਾਂ ਨੇਤਾਵਾਂ ਨੂੰ ਪੰਜਾਬ ਨੂੰ 'ਪੁਲਸ ਸਟੇਟ' ਵੱਲ ਲਿਜਾਉਣ ਦਾ ਦੋਸ਼ੀ ਦੱਸਿਆ ਹੈ। ਜੀ.ਕੇ. ਨੇ ਕਿਹਾ ਕਿ ਯੂ.ਏ.ਪੀ.ਏ. ਦੀ ਗਲਤ ਵਰਤੋਂ ਦਾ ਕੈਪਟਨ 'ਤੇ ਦੋਸ਼ ਲਗਾ ਕੇ ਸੁਖਬੀਰ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਜੋ ਕੰਮ ਅੱਜ ਕੈਪਟਨ ਸਰਕਾਰ ਕਰ ਰਹੀ ਹੈ, ਉਸ ਦੀ ਨੀਂਹ ਸੁਖਬੀਰ ਨੇ ਸੂਬੇ ਦਾ ਗ੍ਰਹਿ ਮੰਤਰੀ ਰਹਿੰਦੇ ਹੋਏ ਖੁਦ ਰੱਖੀ ਸੀ। ਅਕਾਲੀ ਸਰਕਾਰ ਦੇ ਸਮੇਂ ਯੂ.ਏ.ਪੀ.ਏ. ਦੇ ਅਧੀਨ 60 ਕੇਸ ਦਰਜ ਹੋਏ ਸਨ ਅਤੇ 225 ਲੋਕ ਗ੍ਰਿਫਤਾਰ ਹੋਏ ਸਨ, ਜਿਨ੍ਹਾਂ 'ਚੋਂ 120 ਲੋਕ ਬਾਅਦ 'ਚ ਬਰੀ ਹੋ ਗਏ ਸਨ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੁਖਬੀਰ ਦੀ ਪੁਲਸ ਨੇ ਨਿਰਦੋਸ਼ਾਂ 'ਤੇ ਯੂ.ਏ.ਪੀ.ਏ. ਲਗਾ ਕੇ ਉਨ੍ਹਾਂ ਦੀ ਜ਼ਿੰਦਗੀ ਖਰਾਬ ਕੀਤੀ ਸੀ। ਹੁਣ ਇਹੀ ਕੰਮ ਕੈਪਟਨ ਦੀ ਸਰਕਾਰ ਕਰ ਰਹੀ ਹੈ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ.ਕੇ. ਨੇ ਕਿਹਾ ਕਿ ਉਨ੍ਹਾਂ 'ਤੇ ਖੁਦ ਇਕ ਸਮੇਂ ਰਾਸੁਕਾ ਲੱਗਾ ਸੀ, ਇਸ ਲਈ ਅਜਿਹੇ ਕਾਨੂੰਨ ਬਾਰੇ ਉਹ ਬਿਹਤਰ ਜਾਣਦੇ ਹਨ। ਜੀ.ਕੇ. ਨੇ ਸੁਖਬੀਰ ਤੋਂ ਪੁੱਛਿਆ ਕਿ ਸੱਤਾ ਜਾਣ ਤੋਂ ਬਾਅਦ ਅੱਜ ਯੂ.ਏ.ਪੀ.ਏ. ਗਲਤ ਕਿਵੇਂ ਹੋ ਗਿਆ, ਕੱਲ ਤੱਕ ਤਾਂ ਇਸੇ ਕਾਨੂੰਨ ਨਾਲ ਤੁਸੀਂ ਆਪਣੇ ਵਿਰੋਧੀਆਂ ਨੂੰ ਦਬਾਉਂਦੇ ਸੀ? ਜੀ.ਕੇ. ਨੇ ਸਿੱਖ ਨੌਜਵਾਨਾਂ 'ਤੇ ਗਲਤ ਤਰੀਕੇ ਨਾਲ ਯੂ.ਏ.ਪੀ.ਏ. ਲਗਾਏ ਜਾਣ ਦੀ ਪੰਜਾਬ ਤੋਂ ਆ ਰਹੀਆਂ ਆਵਾਜ਼ਾਂ 'ਤੇ ਕੈਪਟਨ ਸਰਕਾਰ ਨੂੰ ਕੇਸਾਂ ਦੇ ਜਵਾਬ ਦੇਣ ਦੀ ਅਪੀਲ ਕੀਤੀ।
ਜੀ.ਕੇ. ਨੇ ਦੱਸਿਆ ਕਿ ਦੇਸ਼ ਭਰ 'ਚ 2015 'ਚ 1209 ਲੋਕਾਂ ਵਿਰੁੱਧ ਯੂ.ਏ.ਪੀ.ਏ. ਦੇ ਮਾਮਲੇ ਪੈਂਡਿੰਗ ਸਨ ਅਤੇ ਸੁਣਵਾਈ ਸਿਰਫ਼ 76 ਲੋਕਾਂ ਦੇ ਮਾਮਲਿਆਂ 'ਚ ਪੂਰੀ ਹੋਈ ਸੀ। ਇਨ੍ਹਾਂ 76 'ਚੋਂ ਸਿਰਫ਼ 11 ਦੋਸ਼ੀ ਪਾਏ ਗਏ ਅਤੇ 65 ਬਰੀ ਕਰ ਦਿੱਤੇ ਗਏ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੁਲਸ ਇਸ ਐਕਟ ਦੀ ਵਰਤੋਂ ਦੇ ਸਮੇਂ ਸਬੂਤਾਂ ਅਤੇ ਤੱਥਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਜੀ.ਕੇ. ਨੇ ਇਸ ਸੰਬੰਧੀ ਪੰਜਾਬ ਪੁਲਸ ਵਲੋ ਗ੍ਰਿਫਤਾਰ ਕੀਤੇ ਗਏ ਪ੍ਰਵਾਸੀ ਭਾਰਤੀ ਜੱਗੀ ਜੌਹਲ ਦਾ ਵੀ ਹਵਾਲਾ ਦਿੱਤਾ, ਜਿਸ ਨੂੰ ਜੇਲ 'ਚ ਬੰਦ ਹੋਏ 1000 ਦਿਨ ਹੋ ਗਏ ਹਨ ਪਰ ਪੰਜਾਬ ਪੁਲਸ ਹਾਲੇ ਤੱਕ ਇਸ ਵਿਰੁੱਧ ਸਬੂਤ ਪੇਸ਼ ਨਹੀਂ ਕਰ ਸਕੀ ਹੈ।
ਪੀੜ੍ਹੀਆਂ ਤੋਂ ਪਰਿਵਾਰ ਸਿਲਾਈ ਕਰ ਰਿਹੈ ਰਾਮਲਲਾ ਦੇ ਕੱਪੜੇ, ਭੂਮੀ ਪੂਜਨ 'ਤੇ ਅਜਿਹੀ ਹੋਵੇਗੀ ਪੋਸ਼ਾਕ
NEXT STORY