ਨਵੀਂ ਦਿੱਲੀ— ਪਾਕਿਸਤਾਨ ਤੋਂ ਵੀਰਵਾਰ ਨੂੰ ਭਾਰਤ ਆਈ ਉਸ ਔਰਤ ਦੇ ਪਰਿਵਾਰ ਨੇ ਸਰਕਾਰ ਦਾ ਧੰਨਵਾਦ ਕੀਤਾ, ਜਿਸ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ 'ਚ ਉਸ ਨੂੰ ਬੰਦੂਕ ਦੇ ਦਮ 'ਤੇ ਵਿਆਹ ਲਈ ਮਜ਼ਬੂਰ ਕੀਤਾ ਗਿਆ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇੰਨੀ ਜਲਦ ਘਰ ਵਾਪਸ ਆਵੇਗੀ। ਉਜਮਾ ਅਹਿਮਦ ਨਾਂ ਦੀ ਔਰਤ ਪਾਕਿਸਤਾਨ ਤੋਂ ਵੀਰਵਾਰ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਵਾਪਸ ਆਈ। ਉਸ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ। ਉਸ ਨਾਲ ਭਾਰਤੀ ਮਿਸ਼ਨ ਦੇ ਅਧਿਕਾਰੀ ਸਨ। ਉਜਮਾ ਦਾ ਭਰਾ ਵਸੀਮ ਅਹਿਮਦ ਤੇਜ਼ੀ ਨਾਲ ਬਦਲੇ ਘਟਨਾਕ੍ਰਮ ਤੋਂ ਖੁਸ਼ ਹੈ। ਉਸ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਸਾਨੂੰ ਆਸ ਨਹੀਂ ਸੀ ਕਿ ਉਹ ਇੰਨੀ ਜਲਦ ਵਾਪਸ ਆਵੇਗੀ।'' ਉਨ੍ਹਾਂ ਨੇ ਕਿਹਾ ਕਿ ਉਸ ਦੀ ਵਾਪਸੀ ਲਈ ਪਰਿਵਾਰ ਨੂੰ ਕੁਝ ਜ਼ਿਆਦਾ ਕੋਸ਼ਿਸ਼ ਨਹੀਂ ਕਰਨੀ ਪਈ। ਅਹਿਮਦ ਨੇ ਭਾਰਤ ਸਰਕਾਰ ਦੇ ਪ੍ਰਤੀ ਪਰਿਵਾਰ ਦਾ ਧੰਨਵਾਦ ਜ਼ਾਹਰ ਕਰਦੇ ਹੋਏ ਕਿਹਾ,''ਸਾਨੂੰ ਕੁਝ ਵਧ ਨਹੀਂ ਕਰਨਾ ਪਿਆ। ਸਾਨੂੰ (ਵਿਦੇਸ਼ ਮੰਤਰੀ) ਸੁਸ਼ਮਾ ਸਵਰਾਜ ਵੱਲੋਂ ਫੋਨ ਆਇਆ ਕਿ ਉਜਮਾ ਨੇ ਇਸਲਾਮਾਬਾਦ 'ਚ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਹੈ ਅਤੇ ਉਸ ਦੀ ਦੇਸ਼ ਵਾਪਸੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਉਜਮਾ ਨਵੀਂ ਦਿੱਲੀ ਦੀ ਰਹਿਣ ਵਾਲੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਤਾਹਿਰ ਅਲੀ ਨੂੰ ਮਲੇਸ਼ੀਆ 'ਚ ਮਿਲੀ ਸੀ ਅਤੇ ਉਸ ਨੂੰ ਉਸ ਨਾਲ ਪਿਆਰ ਹੋ ਗਿਆ। ਉਸ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਦੱਸਿਆ ਕਿ ਉਹ ਪਾਕਿਸਤਾਨ ਯਾਤਰਾ 'ਤੇ ਪੁੱਜੀ ਤਾਂ ਤਾਹਿਰ ਨੇ 3 ਮਈ ਨੂੰ ਉਸ ਨੂੰ ਵਿਆਹ ਲਈ ਮਜ਼ਬੂਰ ਕੀਤਾ।
ਉਜਮਾ ਨੇ 12 ਮਈ ਨੂੰ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਅਤੇ ਅਪੀਲ ਕੀਤੀ ਕਿ ਉਸ ਨੂੰ ਤੁਰੰਤ ਭਾਰਤ ਆਉਣ ਦਿੱਤਾ ਜਾਵੇ, ਕਿਉਂਕਿ ਉਸ ਨੂੰ ਪਹਿਲੇ ਵਿਆਹ ਤੋਂ ਭਾਰਤ 'ਚ ਇਕ ਬੇਟੀ ਹੈ ਅਤੇ ਉਹ ਥੈਲੇਸੀਮੀਆ ਨਾਲ ਪੀੜਤ ਹੈ। ਉਸ ਨੇ ਕਿਹਾ ਸੀ ਕਿ ਤਾਹਿਰ ਨੇ ਉਸ ਦੇ ਇਮੀਗ੍ਰੇਸ਼ਨ ਦਸਤਾਵੇਜ਼ ਲੈ ਲਏ ਹਨ। ਅਦਾਲਤ ਨੇ ਤਾਹਿਰ ਨੂੰ ਨਿਰਦੇਸ਼ ਦਿੱਤਾ ਕਿ ਉਹ ਉਸ ਦੇ ਇਮੀਗ੍ਰੇਸ਼ਨ ਦਸਤਾਵੇਜ਼ ਵਾਪਸ ਕਰੇ। ਤਾਹਿਰ ਨੇ ਦਸਤਾਵੇਜ਼ ਵਾਪਸ ਕਰ ਦਿੱਤੇ। ਅਹਿਮਦ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਉਜਮਾ ਨੂੰ ਆਪਣੀ ਪਾਕਿਸਤਾਨ ਯਾਤਰਾ ਦੌਰਾਨ ਕੀ ਹੋਇਆ। ਉਸ ਨੇ ਕਿਹਾ,''ਸਾਨੂੰ ਨਹੀਂ ਪਤਾ ਕਿ ਅਸਲ 'ਚ ਉੱਥੇ ਕੀ ਹੋਇਆ। ਜਦੋਂ ਉਹ ਇੱਥੇ ਪੁੱਜੇਗੀ ਤਾਂ ਸਾਨੂੰ ਸੱਚ ਪਤਾ ਲੱਗੇਗਾ। ਪਰਿਵਾਰ ਨੇ ਕਿਹਾ ਕਿ ਕਹਾਣੀ ਜਲਦ ਹੀ ਸਾਫ਼ ਹੋਵੇਗੀ। ਅਜੇ ਤੱਕ ਅਸੀਂ ਮੀਡੀਆ ਤੋਂ ਇਸ ਬਾਰੇ ਸੁਣ ਰਹੇ ਹਾਂ।'' ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਜਮਾ ਨੂੰ 'ਭਾਰਤ ਦੀ ਬੇਟੀ' ਦੱਸਦੇ ਹੋਏ ਉਸ ਦੀ ਦੇਸ਼ ਵਾਪਸੀ ਦਾ ਸਵਾਗਤ ਕੀਤਾ। ਸੁਸ਼ਮਾ ਨੇ ਟਵੀਟ ਕੀਤਾ,''ਤੁਹਾਡੇ 'ਤੇ ਜੋ ਬੀਤੀ, ਉਸ ਲਈ ਸਾਨੂੰ ਦੁਖ ਹੈ।''
ਵੱਡਾ ਹਾਦਸਾ: ਪਿਕਨਿਕ ਮਨਾਉਣ ਜਾ ਰਹੇ 38 ਬੱਚਿਆਂ ਨੂੰ ਮਿਲੀ ਦਰਦਨਾਕ ਮੌਤ
NEXT STORY