ਸੰਯੁਕਤ ਰਾਸ਼ਟਰ (ਬਿਊਰੋ)—ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਨੇ ਅੱਤਵਾਦ ਵਿਰੁੱਧ ਜਿਹੜਾ ਯੁੱਧ ਛੇੜਿਆ ਹੈ ਉਸ ਵਿਚ ਹੁਣ ਉਹ ਇਕੱਲਾ ਨਹੀਂ ਹੈ। ਭਾਰਤ ਨਾਲ ਹੁਣ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਖੜ੍ਹੇ ਹਨ। ਬੁੱਧਵਾਰ ਨੂੰ ਉਕਤ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਜੈਸ਼-ਏ-ਮੁਹੰਮਦ ਦੇ ਸਰਦਾਰ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਲਈ ਇਕ ਪ੍ਰਸਤਾਵ ਪੇਸ਼ ਕੀਤਾ। ਇਸ ਪ੍ਰਸਤਾਵ ਵਿਚ ਕਿਹਾ ਗਿਆ ਕਿ ਜੈਸ਼ ਨੇ ਹੀ ਭਾਰਤੀ ਨੀਮ ਫੌਜੀਆਂ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਹਮਲਾ ਕੀਤਾ ਸੀ।
ਪ੍ਰਸਤਾਵ 'ਚ ਕਹੀ ਗਈ ਇਹ ਗੱਲ
ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਪਾਬੰਦੀ ਕਮੇਟੀ ਨੂੰ ਕਿਹਾ ਕਿ ਮਸੂਦ ਅਜ਼ਹਰ ਵਿਰੁੱਧ ਹਥਿਆਰ ਪਾਬੰਦੀ, ਗਲੋਬਲ ਯਾਤਰਾ 'ਤੇ ਪਾਬੰਦੀ ਲਗਾਏ ਅਤੇ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇ। ਵੀਟੋ ਪਾਵਰ ਨਾਲ ਲੈਸ ਇਨ੍ਹਾਂ ਤਿੰਨਾਂ ਦੇਸ਼ਾਂ ਨੇ ਮਿਲ ਕੇ ਇਹ ਪ੍ਰਸਤਾਵ ਪੇਸ਼ ਕੀਤਾ ਹੈ। ਸੰਯੁਕਤ ਰਾਸ਼ਟਰ ਵਿਚ ਬੀਤੇ 10 ਸਾਲਾਂ ਵਿਚ ਚੌਥੀ ਵਾਰ ਅਜਿਹਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਜਿਸ ਵਿਚ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੀ ਮੰਗ ਕੀਤੀ ਗਈ ਹੈ।
ਚੀਨ ਦੇ ਰਵੱਈਏ 'ਤੇ ਸਾਰਿਆਂ ਦੀਆਂ ਨਜ਼ਰਾਂ
ਸੰਯੁਕਤ ਰਾਸ਼ਟਰ ਵਿਚ ਇਹ ਤਾਜ਼ਾ ਪ੍ਰਸਤਾਵ ਪਾਸ ਹੋਵੇਗਾ ਜਾਂ ਨਹੀਂ, ਇਹ ਪਾਕਿਸਤਾਨ 'ਆਲ ਵੈਦਰ ਫਰੈਂਡ' ਚੀਨ ਦੇ ਰਵੱਈਏ 'ਤੇ ਵੀ ਨਿਰਭਰ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਦਾ ਚੀਨ ਵੱਲੋਂ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੀਨ ਨੇ ਸੁਰੱਖਿਆ ਪਰੀਸ਼ਦ ਦੀ ਇਸਲਾਮਿਕ ਸਟੇਟ ਅਤੇ ਅਲਕਾਇਦਾ ਪਾਬੰਦੀ ਕਮੇਟੀ ਨੂੰ ਸਾਲ 2016 ਅਤੇ 2017 ਵਿਚ ਜੈਸ਼-ਏ-ਮੁਹੰਮਦ ਨੇਤਾ ਮਸੂਦ ਅਜ਼ਹਰ 'ਤੇ ਪਾਬੰਦੀ ਲਗਾਉਣ ਤੋਂ ਰੋਕ ਦਿੱਤਾ ਸੀ। ਭਾਵੇਂਕਿ ਬੁੱਧਵਾਰ ਨੂੰ ਇਸ ਨਵੇਂ ਪ੍ਰਸਤਾਵ 'ਤੇ ਹੁਣ ਚੀਨ ਨੇ ਕੋਈ ਪ੍ਰਤੀਕਿਰਿਆ ਅਤੇ ਬਿਆਨ ਨਹੀਂ ਦਿੱਤਾ ਹੈ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਬੁੱਧਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਕੇ ਪੁਲਵਾਮਾ ਹਮਲੇ ਦੀ ਪੂਰੀ ਜਾਣਕਾਰੀ ਦਿੱਤੀ ਸੀ ਅਤੇ ਭਾਰਤ ਦੇ ਰਵੱਈਏ ਦੇ ਬਾਰੇ ਵਿਚ ਦੱਸਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਜੈਸ਼ ਅਤੇ ਪਾਕਿਸਤਾਨੀ ਫੌਜ ਵਿਚਕਾਰ ਮਿਲੀਭਗਤ ਦੇ ਸਬੂਤ ਦੁਨੀਆ ਭਰ ਦੇ ਦੇਸ਼ਾਂ ਨੂੰ ਸੌਂਪ ਰਹੀ ਹੈ। ਇੰਨਾ ਹੀ ਨਹੀਂ ਆਬੂ ਧਾਬੀ ਵਿਚ 1 ਮਾਰਚ ਨੂੰ ਹੋਣ ਜਾ ਰਹੀ ਇਸਲਾਮਿਕ ਦੇਸ਼ਾਂ ਦੀ ਬੈਠਕ ਵਿਚ ਵੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਮੁੱਦੇ ਨੂੰ ਚੁੱਕ ਸਕਦੀ ਹੈ। ਭਾਰਤ ਸਰਕਾਰ ਦੀ ਕੂਟਨੀਤੀ ਕਾਰਨ ਅੱਜ ਦੁਨੀਆ ਭਰ ਵਿਚ ਪਾਕਿਸਤਾਨ ਦੀ ਨਿੰਦਾ ਹੋ ਰਹੀ ਹੈ।
J&K: ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਕ੍ਰਿਸ਼ਨਾ ਘਾਟੀ 'ਚ ਸੁੱਟੇ ਮੋਰਟਾਰ
NEXT STORY