ਬਹਿਰਾਈਚ : ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਕਿਸਾਨ ਨੇ ਕਥਿਤ ਤੌਰ 'ਤੇ ਦੋ ਮਾਸੂਮ ਮੁੰਡਿਆਂ ਦਾ ਕਤਲ ਕਰਨ ਤੋਂ ਬਾਅਦ ਆਪਣੇ ਘਰ ਨੂੰ ਅੱਗ ਲਗਾ ਲਈ। ਇਸ ਭਿਆਨਕ ਘਟਨਾ 'ਚ ਕਿਸਾਨ, ਉਸ ਦੀ ਪਤਨੀ ਅਤੇ ਦੋ ਧੀਆਂ ਸਮੇਤ ਕੁੱਲ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੂੰ ਸੜੇ ਹੋਏ ਘਰ 'ਚੋਂ 6 ਲਾਸ਼ਾਂ ਬਰਾਮਦ ਹੋਈਆਂ ਹਨ। ਘਟਨਾ ਦੌਰਾਨ ਘਰ 'ਚ ਬੰਨ੍ਹੇ ਚਾਰ ਪਸ਼ੂ ਅਤੇ ਇਕ ਟਰੈਕਟਰ ਵੀ ਸੜ ਕੇ ਸੁਆਹ ਹੋ ਗਿਆ।
2 ਮੁੰਡਿਆਂ ਦਾ ਕੀਤਾ ਕਤਲ ਤੇ ਫਿਰ ਚੁੱਕਿਆ ਖੌਫਨਾਕ ਕਦਮ
ਜਾਣਕਾਰੀ ਮੁਤਾਬਕ, ਇਹ ਮਾਮਲਾ ਬੁੱਧਵਾਰ, 1 ਅਕਤੂਬਰ ਦੀ ਸਵੇਰ ਦਾ ਹੈ। ਵਿਜੇ ਮੌਰਿਆ ਨਾਂ ਦਾ ਕਿਸਾਨ ਪਿੰਡ 'ਚ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਕਰਦਾ ਸੀ। ਉਸ ਨੇ ਆਪਣੇ ਖੇਤਾਂ 'ਚ ਲਸਣ ਦੀ ਬਿਜਾਈ ਲਈ ਪਿੰਡ ਦੇ ਦੋ ਨਾਬਾਲਗ ਲੜਕਿਆਂ, ਸੂਰਜ ਯਾਦਵ (14) ਅਤੇ ਸੰਨੀ ਵਰਮਾ (13) ਨੂੰ ਆਪਣੇ ਘਰ ਸੱਦਿਆ ਸੀ। ਲੜਕਿਆਂ ਨੇ ਨਰਾਤਿਆਂ ਦਾ ਆਖਰੀ ਦਿਨ ਹੋਣ ਕਾਰਨ ਘਰ 'ਚ ਜ਼ਿਆਦਾ ਕੰਮ ਹੋਣ ਦਾ ਹਵਾਲਾ ਦੇ ਕੇ ਖੇਤ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਗੱਲ ਤੋਂ ਗੁੱਸੇ 'ਚ ਆ ਕੇ ਵਿਜੇ ਨੇ ਗੰਡਾਸੇ ਨਾਲ ਦੋਵਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਵਿਜੇ ਨੇ ਆਪਣੇ ਘਰ ਨੂੰ ਅੰਦਰੋਂ ਬੰਦ ਕਰਕੇ ਅੱਗ ਲਗਾ ਲਈ, ਜਿਸ ਕਾਰਨ ਪੂਰੇ ਪਰਿਵਾਰ ਦੀ ਸੜ ਕੇ ਮੌਤ ਹੋ ਗਈ। ਜਦੋਂ ਘਰ ਨੂੰ ਅੱਗ ਲੱਗੀ ਤਾਂ ਅੰਦਰ ਬੰਦ ਲੋਕਾਂ ਨੇ ਚੀਕ-ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਲੋਕ ਮਦਦ ਲਈ ਦੌੜੇ ਪਰ ਵਿਹੜੇ 'ਚ ਮੁੰਡਿਆਂ ਦੀਆਂ ਲਾਸ਼ਾਂ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਸਥਾਨਕ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਰਾਮਗਾਂਵ ਥਾਣਾ ਮੁਖੀ ਨੇ ਦੱਸਿਆ ਕਿ ਕਮਰੇ 'ਚੋਂ ਵਿਜੇ, ਉਸ ਦੀ ਪਤਨੀ ਅਤੇ ਦੋ ਧੀਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਉਪ ਜ਼ਿਲ੍ਹਾ ਅਧਿਕਾਰੀ (ਸਦਰ) ਪੂਜਾ ਚੌਧਰੀ ਵੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ।
ਮਾਲਕਣ ਦੇ ਘਰ ਚੋਰੀ ਕਰ ਫਰਾਰ ਹੋਇਆ ਨੌਕਰ, 12 ਸਾਲ ਬਾਅਦ ਇੰਝ ਹੋਇਆ ਗ੍ਰਿਫ਼ਤਾਰ
NEXT STORY