ਗੋਰਖਪੁਰ- ਕੋਰੋਨਾ ਦੇ ਕਹਿਰ ਦਰਮਿਆਨ ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਬਾਬਾ ਰਾਘਵਦਾਸ ਮੈਡੀਕਲ ਕਾਲਜ 'ਚ ਇਕ ਚੰਗੀ ਖ਼ਬਰ ਸੁਣਨ ਨੂੰ ਮਿਲੀ। ਇੱਥੇ ਕੋਰੋਨਾ ਪੀੜਤ ਇਕ 26 ਸਾਲਾ ਜਨਾਨੀ ਨੇ 4 ਬੱਚਿਆਂ ਨੂੰ ਜਨਮ ਦਿੱਤਾ। ਗੋਰਖਪੁਰ ਮੰਡਲ ਦੇ ਦੇਵਰੀਆ ਦੇ ਗੌਰੀ ਬਜ਼ਾਰ ਦੀ ਰਹਿਣ ਵਾਲੀ ਜਨਾਨੀ ਬੁੱਧਵਾਰ ਨੂੰ ਮੈਡੀਕਲ ਕਾਲਜ ਦੇ ਟਰਾਮਾ ਸੈਂਟਰ ਪਹੁੰਚੀ ਅਤੇ ਡਿਲਿਵਰੀ ਤੋਂ ਪਹਿਲਾਂ ਡਾਕਟਰਾਂ ਨੇ ਐਂਟੀਜਨ ਕਿਟ ਨਾਲ ਉਸ ਦੀ ਕੋਰੋਨਾ ਦੀ ਜਾਂਚ ਕਰਵਾਈ। ਉਸ ਦੀ ਰਿਪੋਰਟ ਪਾਜ਼ੇਟਿਵ ਮਿਲੀ। ਇਸ ਤੋਂ ਬਾਅਦ ਸੁਰੱਖਿਆ ਅਤੇ ਸਾਵਧਾਨੀ ਨਾਲ ਆਧੁਨਿਕ ਮਾਡਿਊਲਰ ਓ.ਟੀ. 'ਚ ਡਾਕਟਰਾਂ ਦੀ ਟੀਮ ਨੇ ਉਸ ਦਾ ਆਪਰੇਸ਼ਨ ਕਰ ਡਿਲਿਵਰੀ ਕਰਵਾਈ, ਜਿਸ ਨਾਲ ਉਸ ਨੇ 4 ਬੱਚਿਆਂ ਨੂੰ ਜਨਮ ਦਿੱਤਾ। ਜਨਮ ਲੈਣ ਵਾਲਿਆਂ 'ਚ ਤਿੰਨ ਬੱਚੇ ਪੂਰੀ ਤਰ੍ਹਾਂ ਨਾਲ ਸਿਹਤਯਾਬ ਹਨ, ਜਦੋਂ ਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਨਾਨੀ ਦੀ ਸਿਹਤ ਵੀ ਠੀਕ ਹੈ।
ਸਾਰੇ ਨਵਜਾਤ ਬੱਚਿਆਂ ਦੇ ਨਮੂਨੇ ਕੋਰੋਨਾ ਜਾਂਚ ਲਈ ਮਾਈਕ੍ਰੋਬਾਇਓਲਾਜੀ ਵਿਭਾਗ 'ਚ ਭੇਜੇ ਗਏ ਹਨ। ਡਾਕਟਰਾਂ ਅਨੁਸਾਰ ਇਹ ਡਿਲਿਵਰੀ ਪ੍ਰੀ-ਮੈਚਿਓਰ ਹੈ। ਇਸ ਕਾਰਨ ਬੱਚਿਆਂ ਦਾ ਭਾਰ 980 ਗ੍ਰਾਮ ਤੋਂ ਲੈ ਕੇ 1.5 ਕਿਲੋਗ੍ਰਾਮ ਤੱਕ ਹੈ। ਅਜਿਹੀ ਸਥਿਤੀਆਂ 'ਚ ਬੱਚਿਆਂ ਦੀ ਦੇਖਭਾਲ ਦੀ ਜ਼ਰੂਰਤ ਹੈ। ਇਨ੍ਹਾਂ 'ਚੋਂ ਤਿੰਨ ਬੱਚੇ ਮਾਂ ਦਾ ਦੁੱਧ ਵੀ ਪੀ ਰਹੇ ਹਨ। ਇਕ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਗਣੇਸ਼ ਕੁਮਾਰ ਨੇ ਦੱਸਿਆ ਕਿ ਅਜਿਹੇ ਮਾਮਲੇ 70 ਲੱਖ 'ਚੋਂ ਇਕ ਹੁੰਦੇ ਹਨ ਅਤੇ ਅਜਿਹੀ ਸਥਿਤੀ 'ਚ ਡਿਲਿਵਰੀ ਕਰਵਾਉਣਾ ਬੇਹੱਦ ਚੁਣੌਤੀਪੂਰਨ ਰਹਿੰਦਾ ਹੈ।
ਉੱਤਰਾਖੰਡ ਆਉਣ ਵਾਲੇ ਸੈਲਾਨੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ
NEXT STORY