–ਇਕਬਾਲ ਸਿੰਘ ਚੰਨੀ
ਛੋਟੇ ਸਾਹਿਬਜ਼ਾਦਿਆਂ ਸੀ ਸ਼ਹਾਦਤ ਦੁਨੀਆ ਦੇ ਇਤਿਹਾਸ ’ਚ ਇਕ ਲਾਸਾਨੀ ਸ਼ਹਾਦਤ ਹੈ, ਜਿਸ ਦੀ ਕਿਤੇ ਵੀ ਮਿਸਾਲ ਨਹੀਂ ਮਿਲਦੀ। ਸਿੱਖ ਇਤਿਹਾਸ ਦਾ ਇਹ ਦਿਨ, ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਸਨ, ਇਕ ਤਾਰੀਖ ਹੀ ਨਹੀਂ ਸਗੋਂ ਸਿੱਖ ਪਰੰਪਰਾਵਾਂ, ਅਕਾਲ ਪੁਰਖ ’ਚ ਵਿਸ਼ਵਾਸ, ਧਰਮ ਦੀ ਆਜ਼ਾਦੀ ਦੀ ਮਹੱਤਤਾ ਅਤੇ ਅਟੱਲ ਹੌਂਸਲੇ ਦੀ ਵਿਲੱਖਣਤਾ ਪੇਸ਼ ਕਰਨ ਵਾਲਾ ਹੈ। ਅੱਜ ਦਾ ਦਿਨ, 26 ਦਸੰਬਰ, ਅਦੁੱਤੀ ਸ਼ਹੀਦੀ ਪ੍ਰਾਪਤ ਕਾਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀਆਂ ਯਾਦਾਂ ਨੂੰ ਤਾਜ਼ਾ ਕਾਰਨ ਅਤੇ ਸਿੱਖ ਮਨਾਂ ’ਚ ਚੇਤਨਾ ਪੈਦਾ ਕਰਨ ਦਾ ਇਕ ਸੋਮਾ ਹੈ।
ਸਨ 1705 ’ਚ ਮੁਗਲਾਂ ਦੀ ਗ਼ੱਦਾਰੀ ਅਤੇ ਪਹਾੜੀ ਰਾਜਿਆਂ ਦੀ ਬੇਵਫਾਈ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਅਤੇ ਪੂਰਾ ਪਰਿਵਾਰ ਵਿਛੜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਹੋਰ ਸਿੱਖ ਫੌਜ ਨਾਲ ਸਿਰਸਾ ਨਦੀ ਪਾਰ ਕਰ ਗਏ ਪਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨਦੀ ਪਾਰ ਨਾ ਕਰ ਸਕਣ ਕਾਰਨ ਸਿਰਸਾ ਨਦੀ ਦੇ ਕੰਢੇ-ਕੰਢੇ ਚੱਲ ਕੇ ਆਪਣੇ ਪੁਰਾਣੇ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਪਹੁੰਚੇ। ਗੰਗੂ ਨੇ ਲਾਲਚ ਵੱਸ ਮੁਗਲ ਹਕੂਮਤ ਨੂੰ ਇਤਲਾਹ ਦੇ ਦਿੱਤੀ ਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਨੂੰ ਮੁਗਲ ਹਕੂਮਤ ਨੇ ਗ੍ਰਿਫਤਾਰ ਕਰ ਲਿਆ।
ਤਿੰਨ ਦਿਨ ਤਸੀਹੇ ਅਤੇ ਹਰ ਤਰ੍ਹਾਂ ਦੇ ਲਾਲਚ ਮਿਲਣ ਦੇ ਬਾਵਜੂਦ ਜਦੋਂ ਸਾਹਿਬਜ਼ਾਦਿਆਂ ਨੇ ਮੁਗਲਾਂ ਦੀ ਈਨ ਮੰਨਣ ਤੋਂ ਨਾਂਹ ਕਰ ਦਿੱਤੀ ਤਾਂ ਮੁਗਲ ਹਕੂਮਤ ਨੇ ਉਨ੍ਹਾਂ ਮਾਸੂਮਾਂ ਪਰ ਹੌਸਲੇ ਤੇ ਦ੍ਰਿੜ੍ਹਤਾ ਦੀ ਮਿਸਾਲ ਬਣ ਚੁੱਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਸਿੱਖ ਸੰਗਤ ਦੀ ਬੜੇ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਵਿਸ਼ਵ ਪੱਧਰ ’ਤੇ ਯਾਦ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਤੋਂ ਵਿਸ਼ਵ ਦਾ ਹਰ ਵਿਅਕਤੀ ਜਾਣੂ ਹੋਣਾ ਚਾਹੀਦਾ ਹੈ ਪਰ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਸੰਗਤ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ।
ਇਸੇ ਦੌਰਾਨ 2018 ’ਚ ਗੁਰਵਿੰਦਰ ਸਿੰਘ ਵਿੱਕੀ ਨਾਂ ਦੇ ਇਕ ਸਿੱਖ ਨੇ ਇਹ ਬੀੜਾ ਚੁੱਕਿਆ ਤੇ ਮੰਗ ਕੀਤੀ ਕਿ 26 ਦਸੰਬਰ ਦਾ ਦਿਨ ਵੀਰ ਬਾਲ ਦਿਵਸ ਦੇ ਨਾਂ ’ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਤ ਕੀਤਾ ਜਾਵੇ। ਉਸ ਨੇ ਇਸ ਲਈ ਇਕ ਮੁਹਿੰਮ ਚਲਾਈ। ਯੂ. ਪੀ. ਦੇ ਕਾਨਪੁਰ ਦੇ ਸਕੂਲਾਂ ਵਿਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਅਤੇ ਸਿੱਖ ਸੰਗਤ ਵੱਲੋਂ ਇਸ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਯੂ. ਪੀ. ਦੇ ਮੁੱਖ ਮੰਤਰੀ ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ। ਯੂ. ਪੀ. ਵਿਚ ਚਲਾਈ ਗਈ ਮੁਹਿੰਮ ਤੋਂ ਇਲਾਵਾ 2018 ਵਿਚ ਹੀ ਦਿੱਲੀ ਦੇ ਵਿਗਿਆਨ ਭਵਨ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਸਮੇਂ ਵੀ ਉਨ੍ਹਾਂ ਹਸਤੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰ ਕੇ ਬਾਲ ਦਿਵਸ ਵਜੋਂ ਮਨਾਉਣ ਦੀ ਸਿਫਾਰਸ਼ ਕੀਤੀ ਸੀ ਅਤੇ ਇਸ ਸੰਬੰਧੀ ਮੀਡੀਆ ’ਚ ਰਿਪੋਰਟਾਂ ਵੀ ਛਪੀਆਂ ਸਨ।
ਬਾਅਦ ਵਿਚ 9 ਜਨਵਰੀ, 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਨਾਂ ’ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਨ ਦਾ ਸਰਕਾਰੀ ਤੌਰ ’ਤੇ ਐਲਾਨ ਕੀਤਾ। ਇਸ ਐਲਾਨ ਨਾਲ ਸਿੱਖ ਸੰਗਤ ਦੀ ਇਕ ਵੱਡੀ ਮੰਗ ਪੂਰੀ ਹੋਈ। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਪੂਰਾ ਵਿਸ਼ਵ ਜਾਣੂ ਹੋਣ ਲੱਗਾ। ਪਰ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਨਾਂ ਵੀਰ ਬਾਲ ਦਿਵਸ ’ਤੇ ਐੱਸ. ਜੀ. ਪੀ. ਸੀ., ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ ਵੀ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਕਿ ਇਸ ਨਾਂ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਘੱਟ ਕਰ ਕੇ ਦਿਖਾਉਣਾ ਲੱਗਦਾ ਹੈ।
ਭਾਵੇਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਦੇ ਦੂਜੇ ਦਿਨ ਹੀ ਨਾਂ ਦਾ ਵਿਰੋਧ ਕਰ ਦਿੱਤਾ ਸੀ ਪਰ ਐੱਸ. ਜੀ. ਪੀ. ਸੀ. ਨੇ ਅਧਿਕਾਰਤ ਤੌਰ ’ਤੇ ਵੀਰ ਬਾਲ ਦਿਵਸ ਨਾਂ ਰੱਖਣ ਖਿਲਾਫ ਮਤਾ ਤਕਰੀਬਨ 10 ਮਹੀਨੇ ਬਾਅਦ ਪਾਸ ਕੀਤਾ ਅਤੇ ਇਸ ਸੰਬੰਧੀ ਪ੍ਰਧਾਨ ਮੰਤਰੀ ਨੂੰ ਦਸੰਬਰ ’ਚ ਚਿੱਠੀ ਲਿਖੀ। ਸਾਲ 2023 ਅਤੇ 2024 ’ਚ ਲਗਾਤਾਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਦੇ ਨਾਂ ’ਤੇ ਦੇਸ਼ ਭਰ ਵਿਚ ਵੱਡੇ-ਵੱਡੇ ਸਮਾਗਮ ਕੀਤੇ ਗਏ ਜਿਸ ਨਾਲ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਮਿਲੀ ਪ੍ਰੰਤੂ ਹੁਣ 26 ਦਸੰਬਰ ਨੂੰ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ’ਚ ਕੁਝ ਹੀ ਦਿਨ ਬਾਕੀ ਸਨ ਤਾਂ ਇਕ ਵਾਰ ਫਿਰ ਤਿੱਖਾ ਵਿਰੋਧ ਸ਼ੁਰੂ ਹੋਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜਾਬ ਦੇ ਸਾਰੇ ਐੱਮ. ਪੀਜ਼ ਨੂੰ ਵੀਰ ਬਾਲ ਦਿਵਸ ਦਾ ਨਾਂ ਬਦਲਣ ਲਈ ਕੇਂਦਰ ’ਤੇ ਜ਼ੋਰ ਪਾਉਣ ਲਈ 9 ਦਸੰਬਰ ਨੂੰ ਆਦੇਸ਼ ਦਿੱਤੇ।
ਇਸ ਤਰ੍ਹਾਂ ਦੋ ਸਾਲ ਦੇ ਵਕਫ਼ੇ ਬਾਅਦ ਇਹ ਵਿਵਾਦ ਫਿਰ ਵਧ ਗਿਆ ਹੈ ਜਿਸ ਨਾਲ ਸਿੱਖ ਸੰਗਤ ਅਤੇ ਸਿੱਖ ਆਗੂ ਜੋ ਪਹਿਲਾਂ ਹੀ ਵੱਡੀ ਧੜੇਬੰਦੀ ’ਚ ਉਲਝੇ ਹੋਏ ਹਨ, ਹੋਰ ਵੀ ਉਲਝਣ ਵਿਚ ਫਸ ਗਏ ਹਨ। ਭਾਵੇਂ ਇਸ ਨਾਂ ਦੇ ਹੱਕ ਅਤੇ ਵਿਰੋਧ ਵਿਚ ਬਹੁਤ ਸਾਰੇ ਤਰਕ ਦਿੱਤੇ ਜਾ ਰਹੇ ਹਨ ਪਰ ਇਹ ਵੀ ਲੱਗ ਰਿਹਾ ਹੈ ਕਿ ਸਿੱਖ ਮਾਨਸਿਕਤਾ ਵੀਰ ਬਾਲ ਦਿਵਸ ਨਾਂ ’ਚ ਸਾਹਿਬਜ਼ਾਦਿਆਂ ਦਾ ਨਾਂ ਜੁੜਿਆ ਦੇਖਣਾ ਚਾਹੁੰਦੀ ਹੈ। ਭਾਵੇਂ ਸਿੱਖ ਜਥੇਬੰਦੀਆਂ ਵੀਰ ਬਾਲ ਦਿਵਸ ਨਾਂ ਰੱਖਣ ਲਈ ਭਾਜਪਾ ਸਰਕਾਰ ’ਤੇ ਕਿੰਨੀਆਂ ਵੀ ਤੋਹਮਤਾਂ ਲਾਉਣ ਪਰ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ, ਕਿਉਂਕਿ ਇਕ ਤਾਂ ਜਦੋਂ ਸਿੱਖਾਂ ਨੇ ਭਾਵੇਂ ਉਹ ਪੰਜਾਬ ਤੋਂ ਬਾਹਰ ਦੇ ਸਨ ਅਤੇ ਥੋੜ੍ਹੀ ਗਿਣਤੀ ਵਿਚ ਹੀ ਸਨ, ਵੱਲੋਂ ਵੀਰ ਬਾਲ ਦਿਵਸ ਨਾਂ ਰੱਖਣ ਦੀ ਮੰਗ ਕੀਤੀ ਤਾਂ ਉਸ ਵੇਲੇ ਨੋਟਿਸ ਨਹੀਂ ਲਿਆ ਅਤੇ ਵਿਗਿਆਨ ਭਵਨ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਉਸ ਪ੍ਰੋਗਰਾਮ ਬਾਰੇ ਮੀਡੀਆ ’ਚ ਬਾਲ ਦਿਵਸ ਨਾਂ ਬਾਰੇ ਛਪੀਆਂ ਰਿਪੋਰਟਾਂ ਤੋਂ ਬਾਅਦ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਸੀ।
ਪਰ ਹੁਣ ਵੇਲਾ ਇਕ-ਦੂਜੇ ’ਤੇ ਦੋਸ਼ ਲਾਉਣ ਦਾ ਨਹੀਂ ਉਹ ਭਾਵੇਂ ਸਿੱਖ ਜਥੇਬੰਦੀਆਂ ਅਤੇ ਸਿਆਸੀ ਆਗੂ ਹੋਣ ਜਾਂ ਸਰਕਾਰ ਹੋਵੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਲਾਸਾਨੀ ਹੈ ਅਤੇ ਇਸ ਸ਼ਹਾਦਤ ਬਾਰੇ ਕੋਈ ਵੀ ਵਿਵਾਦ ਹੋਣਾ ਦੁਨੀਆ ਭਰ ਦੇ ਸਿੱਖਾਂ ਅਤੇ ਸਮੇਂ ਦੀ ਸਰਕਾਰ ਲਈ ਚੰਗਾ ਨਹੀਂ ਹੈ। ਇਸ ਲਈ ਸਿੱਖ ਜਗਤ ਨੂੰ ਸਿੱਖ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਦਾ ਵਿਰੋਧ ਕਰਨ ਦਾ ਤਰੀਕਾ ਬਦਲ ਕੇ ਟਕਰਾਅ ਦੀ ਸਥਿਤੀ ਬਣਾਉਣ ਦੀ ਥਾਂ ਗੱਲਬਾਤ ਦੇ ਰਾਹ ਨੂੰ ਅਪਨਾਉਣਾ ਚਾਹੀਦਾ ਹੈ। ਸਿੱਖ ਜਥੇਬੰਦੀਆਂ ਵੱਲੋਂ ਕੇਂਦਰ ਨੂੰ ਹਰ ਗੱਲ ’ਚ ਸਿੱਖ ਵਿਰੋਧੀ ਹੋਣ ਦਾ ਤਮਗਾ ਦੇਣ ਦਾ ਸੁਭਾਅ ਬਦਲਣ ਦੀ ਵੀ ਲੋੜ ਹੈ। ਦੂਜੇ ਪਾਸੇ ਭਾਜਪਾ ਦੇ ਸੋਸ਼ਲ ਮੀਡੀਆ ਅਤੇ ਕੇਂਦਰ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੂੰ ਵੀ ਸਿੱਖਾਂ ਨਾਲ ਸੰਬੰਧਤ ਮਾਸਲਿਆਂ ਬਾਰੇ ਵਧੇਰੇ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ।
ਇਸ ਤੋਂ ਇਲਾਵਾ ਸਰਕਾਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਪਰਿਪੱਕਤਾ ਭਰੀ ਕੁਰਬਾਨੀ ਅਤੇ ਤਿਆਗ ਨੂੰ ਧਿਆਨ ’ਚ ਰੱਖਦੇ ਹੋਏ ਅਤੇ ਦੇਸ਼ ਦੀ ਆਜ਼ਾਦੀ ਸਮੇਂ ਅਤੇ ਬਾਅਦ ਵਿਚ ਦੇਸ਼ ਦੀ ਅਾਜ਼ਾਦੀ ਅਤੇ ਸੁਰੱਖਿਆ, ਆਰਥਿਕ, ਸਮਾਜਿਕ ਅਤੇ ਭਾਈਚਾਰਕ ਖੇਤਰ ਵਿਚ ਦਿਆਨਤਦਾਰੀ ਭਰੇ ਯੋਗਦਾਨ ਨੂੰ ਧਿਆਨ ’ਚ ਰੱਖਣ ਦੇ ਨਾਲ-ਨਾਲ ਸਿੱਖ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਪਹਿਲ ਨੂੰ ਹੁੰਗਾਰਾ ਦੇਣ ਦੀ ਜ਼ਰੂਰਤ ਹੈ।
ਕੇਰਲ 'ਚ BJP ਨੇ ਰਚਿਆ ਇਤਿਹਾਸ ! ਪਹਿਲੀ ਵਾਰ ਰਾਜਧਾਨੀ 'ਚ ਜਿੱਤੀ ਮੇਅਰ ਦੀ ਸੀਟ
NEXT STORY