ਲੇਹ/ਜੰਮੂ, (ਕਮਲ)-ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ 6ਵੀਂ ਅਨੁਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਲੇਹ ਵਿਚ ਹਿੰਸਕ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਵਿਚ ਘੱਟੋ-ਘੱਟ 4 ਲੋਕ ਮਾਰੇ ਗਏ ਅਤੇ 72 ਜ਼ਖਮੀ ਹੋ ਗਏ। ਲੇਹ ਐਪੈਕਸ ਬਾਡੀ (ਐੱਲ. ਏ. ਬੀ.) ਦੇ ਚੇਅਰਮੈਨ ਚੇਰਿੰਗ ਦੋਰਜੇ ਨੇ ਦੱਸਿਆ ਕਿ ਸ਼ਹਿਰ ਵਿਚ ਭਾਰੀ ਗੋਲੀਬਾਰੀ ਹੋਈ, ਜਿਸ ਵਿਚ ਕਈ ਲੋਕ ਜ਼ਖਮੀ ਹੋਏ ਅਤੇ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਅਤੇ ਬੰਦ ਦੌਰਾਨ ਨੌਜਵਾਨਾਂ ਦੇ ਇਕ ਗਰੁੱਪ ਦੇ ਕਥਿਤ ਤੌਰ ’ਤੇ ਹਿੰਸਕ ਹੋ ਜਾਣ ਅਤੇ ਪੱਥਰਬਾਜ਼ੀ ਕਰਨ ਤੋਂ ਬਾਅਦ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ।
ਇਹ ਵਿਰੋਧ ਪ੍ਰਦਰਸ਼ਨ ਛੇਵੀਂ ਅਨੁਸੂਚੀ ਦੇ ਵਿਸਥਾਰ ਦੇ ਨਾਲ-ਨਾਲ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ’ਤੇ ਕੇਂਦਰ ਨਾਲ ਪ੍ਰਸਤਾਵਿਤ ਗੱਲਬਾਤ ਨੂੰ ਅੱਗੇ ਵਧਾਉਣ ਦੀ ਮੰਗ ਦੇ ਸਮਰਥਨ ਵਿਚ ਕੀਤਾ ਗਿਆ ਸੀ। ਹਾਲਾਂਕਿ, ਕੇਂਦਰ ਅਤੇ ਲੱਦਾਖ ਦੇ ਪ੍ਰਤੀਨਿਧੀਆਂ ਵਿਚਕਾਰ 6 ਅਕਤੂਬਰ ਨੂੰ ਗੱਲਬਾਤ ਦਾ ਇਕ ਨਵਾਂ ਦੌਰ ਤੈਅ ਹੈ, ਜਿਸ ਵਿਚ ਲੇਹ ਐਪੈਕਸ ਬਾਡੀ (ਐੱਲ. ਏ. ਬੀ.) ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇ. ਡੀ. ਏ.) ਦੇ ਮੈਂਬਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਦਰਅਸਲ ਐੱਲ. ਏ. ਬੀ. ਯੂਥ ਵਿੰਗ ਦੇ ਨੌਜਵਾਨ ਉਕਤ ਮੰਗਾਂ ਲਈ ਦਬਾਅ ਪਾਉਣ ਲਈ 10 ਸਤੰਬਰ ਤੋਂ 35 ਦਿਨਾਂ ਦੀ ਭੁੱਖ ਹੜਤਾਲ ’ਤੇ ਬੈਠੇ ਸਨ ਅਤੇ 15 ਲੋਕਾਂ ਵਿਚੋਂ 2 ਦੀ ਪਿਛਲੇ ਮੰਗਲਵਾਰ ਸ਼ਾਮ ਨੂੰ ਹਾਲਤ ਵਿਗੜਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਉਣ ਤੋਂ ਬਾਅਦ ਵਿਰੋਧ ਅਤੇ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਵੀ 10 ਸਤੰਬਰ ਤੋਂ 15 ਦਿਨਾਂ ਦੀ ਭੁੱਖ ਹੜਤਾਲ ’ਤੇ ਸਨ।
ਹਾਲਤ ਓਦੋਂ ਵਿਗੜੇ ਜਦੋਂ ਭੁੱਖ ਹੜਤਾਲ ’ਤੇ ਬੈਠੇ 2 ਬਜ਼ੁਰਗ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਿਚ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਪਥਰਾਅ ਕੀਤਾ ਅਤੇ ਸੀ. ਆਰ. ਪੀ. ਐੱਫ. ਦੀ ਇਕ ਵੈਨ ’ਚ ਅੱਗ ਲਗਾ ਦਿੱਤੀ। ਪਥਰਾਅ ਕੀਤੇ ਜਾਣ ਤੋਂ ਬਾਅਦ ਤਣਾਅ ਵਧ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਕਾਰਵਾਈ ਕਰਨੀ ਪਈ। ਸਥਿਤੀ ਤਣਾਅਪੂਰਨ ਹੁੰਦਿਆਂ ਹੀ ਵਿਵਸਥਾ ਬਹਾਲ ਕਰਨ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ।
ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਲੇਹ ਵਿਚ ਭਾਜਪਾ ਦਫ਼ਤਰ ਦੇ ਬਾਹਰ ਇਕ ਸੁਰੱਖਿਆ ਵਾਹਨ ਨੂੰ ਅੱਗ ਲਗਾ ਦਿੱਤੀ। ਬਾਅਦ ਵਿਚ ਪ੍ਰਦਰਸ਼ਨਕਾਰੀਆਂ ਨੇ ਸਾੜ-ਫੂਕ ਕੀਤੀ, ਸਥਾਨਕ ਭਾਰਤੀ ਜਨਤਾ ਪਾਰਟੀ (ਭਾਜਪਾ) ਦਫ਼ਤਰ ਨੂੰ ਅੱਗ ਲਗਾ ਦਿੱਤੀ ਅਤੇ ਬਾਹਰ ਖੜ੍ਹੇ ਇਕ ਸੁਰੱਖਿਆ ਵਾਹਨ ਨੂੰ ਅੱਗ ਦੇ ਹਵਾਲੇ ਕਰ ਿਦੱਤਾ।
ਰੈਲੀ ਤੇ ਮਾਰਚ ’ਤੇ ਪਾਬੰਦੀ
ਲੇਹ ਦੇ ਜ਼ਿਲਾ ਮੈਜਿਸਟ੍ਰੇਟ ਰੋਮਿਲ ਸਿੰਘ ਡੌਂਕ ਨੇ ਭਾਰਤੀ ਸਿਵਲ ਡਿਫੈਂਸ ਕੋਡ (ਬੀ. ਐੱਨ. ਐੱਸ.) 2023 ਦੀ ਧਾਰਾ 163 ਤਹਿਤ ਪਾਬੰਦੀਆਂ ਲਗਾਈਆਂ। ਨਿਰਦੇਸ਼ਾਂ ਮੁਤਾਬਕ ਸਮਰੱਥ ਅਧਿਕਾਰੀ ਦੀ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਜਲੂਸ, ਰੈਲੀ ਜਾਂ ਮਾਰਚ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਲਾਊਡਸਪੀਕਰ ਜਾਂ ਹੋਰ ਸਾਊਂਡ ਸਿਸਟਮ ਵਾਲੇ ਵਾਹਨਾਂ ਦੀ ਵਰਤੋਂ ਦੀ ਵੀ ਮਨਾਹੀ ਹੈ।
ਲੇਹ ਮਹਾਉਤਸਵ ਦਾ ਸਮਾਪਨ ਸਮਾਰੋਹ ਰੱਦ
ਸ਼ਹਿਰ ’ਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਬੁੱਧਵਾਰ ਨੂੰ ਦੋ ਦਿਨਾਂ ਲੇਹ ਮਹਾਉਤਸਵ ਅਚਾਨਕ ਰੱਦ ਕਰ ਦਿੱਤਾ ਗਿਆ। ਲੱਦਾਖੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲਾ ਇਹ ਸੱਭਿਆਚਾਰਕ ਪ੍ਰੋਗਰਾਮ ਲੱਦਾਖ ਦੇ ਉਪ-ਰਾਜਪਾਲ ਕਵਿੰਦਰ ਗੁਪਤਾ ਦੀ ਹਾਜ਼ਰੀ ਵਿਚ ਇਕ ਸਮਾਰੋਹ ਨਾਲ ਸਮਾਪਤ ਹੋਣਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਸਮਾਪਤੀ ਸਮਾਰੋਹ ਨੂੰ ਰੱਦ ਕਰਨਾ ਪਿਆ।
ਦੀਵਾਲੀ ਤੋਂ ਪਹਿਲਾਂ ਰੇਲਵੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, 1,866 ਕਰੋੜ ਰੁਪਏ ਦਾ ਬੋਨਸ ਮਨਜ਼ੂਰ
NEXT STORY