ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਭਾਗ (IMD) ਮੁਤਾਬਕ 7 ਦਸੰਬਰ ਨੂੰ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਜਿਸ ਕਾਰਨ ਉੱਤਰ ਭਾਰਤ 'ਚ ਠੰਡ ਵਧੇਗੀ ਅਤੇ ਸੀਤ ਲਹਿਰ ਦਾ ਅਸਰ ਵੇਖਣ ਨੂੰ ਮਿਲੇਗਾ। 7 ਦਸੰਬਰ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 8 ਅਤੇ 9 ਦਸੰਬਰ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਹਲਕੀ ਬਰਫਬਾਰੀ ਹੋ ਸਕਦੀ ਹੈ, ਜਦਕਿ ਮੀਂਹ ਪੈ ਸਕਦਾ ਹੈ। ਇਸ ਬਰਫਬਾਰੀ ਕਾਰਨ ਦੋਹਾਂ ਸੂਬਿਆਂ ਦਾ ਤਾਪਮਾਨ ਡਿੱਗ ਜਾਵੇਗਾ ਅਤੇ ਠੰਡ ਵਧੇਗੀ।
ਜੰਮੂ-ਕਸ਼ਮੀਰ 'ਚ ਮਾਈਨਸ 'ਚ ਤਾਪਮਾਨ
ਤਾਜ਼ਾ ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ 'ਚ ਠੰਡ ਵਧ ਗਈ ਹੈ। ਸ਼੍ਰੀਨਗਰ 'ਚ -4.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਸੀ। ਸ਼ੋਪੀਆਂ -5.5 ਡਿਗਰੀ ਸੈਲਸੀਅਸ ਨਾਲ ਘਾਟੀ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ ਤਾਪਮਾਨ -5.3 ਡਿਗਰੀ ਦਰਜ ਕੀਤਾ ਗਿਆ। 8-9 ਦਸੰਬਰ ਨੂੰ ਬਰਫਬਾਰੀ ਤੋਂ ਬਾਅਦ 10 ਤੋਂ 14 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ 15-16 ਦਸੰਬਰ ਨੂੰ ਫਿਰ ਤੋਂ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ 'ਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਹਿਮਾਚਲ ਪ੍ਰਦੇਸ਼ 'ਚ 7 ਦਸੰਬਰ ਤੋਂ ਬਾਅਦ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲੇਗਾ, ਜਿਸ ਕਾਰਨ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਵੇਗੀ। ਉਂਝ ਸੂਬੇ ਦੇ ਮੈਦਾਨੀ ਇਲਾਕਿਆਂ 'ਚ ਮੀਂਹ ਨਾ ਪੈਣ ਕਾਰਨ ਸੋਕਾ ਪੈ ਰਿਹਾ ਹੈ। ਹੁਣ ਤੱਕ ਹਿਮਾਚਲ ਦੇ ਕੁਝ ਉੱਚੇ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ ਹੈ। ਰੋਹਤਾਂਗ, ਬਰਾਲਾਚਾ ਅਤੇ ਸ਼ਿੰਕੁਲਾ ਦਰੱਰੇ 'ਚ 2 ਇੰਚ ਤੱਕ ਬਰਫਬਾਰੀ ਹੋਈ ਹੈ। ਆਉਣ ਵਾਲੇ ਦਿਨਾਂ 'ਚ ਲਾਹੌਲ ਸਪੀਤੀ, ਕਿਨੌਰ, ਕੁੱਲੂ, ਚੰਬਾ, ਮੰਡੀ, ਸ਼ਿਮਲਾ, ਕਾਂਗੜਾ ਅਤੇ ਮਨਾਲੀ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ 'ਚ ਮੌਸਮ
ਹਿਮਾਚਲ ਪ੍ਰਦੇਸ਼ 'ਚ ਇਸ ਸਮੇਂ ਮਨਾਲੀ ਦਾ ਘੱਟੋ-ਘੱਟ ਤਾਪਮਾਨ 1.9 ਡਿਗਰੀ, ਸ਼ਿਮਲਾ ਦਾ 9.2 ਡਿਗਰੀ ਅਤੇ ਊਨਾ ਦਾ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸੂਬੇ ਦੇ 6 ਜ਼ਿਲ੍ਹਿਆਂ 'ਚ ਪਿਛਲੇ 65 ਦਿਨਾਂ ਤੋਂ ਮੀਂਹ ਨਹੀਂ ਪਿਆ ਹੈ ਅਤੇ 2016 ਤੋਂ ਬਾਅਦ ਪਹਿਲੀ ਵਾਰ ਨਵੰਬਰ ਵਿਚ ਲਾਹੌਲ ਸਪੀਤੀ ਨੂੰ ਛੱਡ ਕੇ 11 ਹੋਰ ਜ਼ਿਲ੍ਹਿਆਂ 'ਚ ਇਕ ਵੀ ਬੂੰਦ ਮੀਂਹ ਨਹੀਂ ਪਿਆ। ਹਿਮਾਚਲ ਵਿਚ 6 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 16.01 ਡਿਗਰੀ ਸੈਲਸੀਅਸ ਸੀ ਅਤੇ ਆਉਣ ਵਾਲੇ ਦਿਨਾਂ 'ਚ ਤਾਪਮਾਨ 6.11 ਡਿਗਰੀ ਤੋਂ 19.29 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਬਰਫਬਾਰੀ ਅਤੇ ਮੀਂਹ ਕਾਰਨ ਠੰਡ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਵੱਡੀ ਗਿਣਤੀ 'ਚ ਵੋਟਰਾਂ ਦੇ ਨਾਂ ਵੋਟਰ ਸੂਚੀ 'ਚੋਂ ਹਟਾਏ ਗਏ : ਕੇਜਰੀਵਾਲ
NEXT STORY