ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਹੋਈ ਬੈਠਕ ਦੌਰਾਨ ਗੱਲਬਾਤ ਅਤੇ ਕੂਟਨੀਤੀ (ਡਾਇਲਾਗ ਅਤੇ ਡਿਪਲੋਮੇਸੀ) ਰਾਹੀਂ ਪੱਛਮੀ ਏਸ਼ੀਆ ਦੇ ਵਿਵਾਦ ਨੂੰ ਸੁਲਝਾਉਣ 'ਤੇ ਜ਼ੋਰ ਦਿੱਤਾ ਹੈ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਖਾੜੀ ਖੇਤਰ ਵਿੱਚ ਸੰਘਰਸ਼ ਵਧ ਗਿਆ ਹੈ ਅਤੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਚੁੱਕੀਆਂ ਹਨ। ਈਰਾਨੀ ਰਾਸ਼ਟਰਪਤੀ ਬ੍ਰਿਕਸ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਹਨ, ਜੋ ਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।
ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਅਤ ਸਮੁੰਦਰੀ ਆਵਾਜਾਈ, ਵਪਾਰ ਦੀ ਆਜ਼ਾਦੀ ਅਤੇ ਮਲਾਹ ਦੀ ਸੁਰੱਖਿਆ ਤੇ ਭਲਾਈ 'ਤੇ ਵਿਸ਼ੇਸ਼ ਧਿਆਨ ਦਿਵਾਇਆ। ਭਾਰਤ ਨੇ ਹੋਰਮੁਜ਼ ਦੀ ਖਾੜੀ ਤੋਂ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ। ਜ਼ਿਕਰਯੋਗ ਹੈ ਕਿ ਹੋਰਮੁਜ਼ ਰਾਹੀਂ ਦੁਨੀਆ ਦਾ ਲਗਭਗ 20 ਫੀਸਦੀ ਪੈਟਰੋਲੀਅਮ ਲੰਘਦਾ ਹੈ।
ਦੋਵਾਂ ਨੇਤਾਵਾਂ ਵਿਚਕਾਰ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ 31 ਅਗਸਤ ਨੂੰ ਬਿਸ਼ਕੇਕ ਵਿੱਚ ਐੱਸ.ਸੀ.ਓ. (SCO) ਸ਼ਿਖਰ ਸੰਮੇਲਨ ਦੌਰਾਨ ਵੀ ਦੋਵਾਂ ਵਿਚਾਲੇ ਬੈਠਕ ਹੋਈ ਸੀ। ਈਰਾਨ 'ਤੇ ਅਮਰੀਕਾ ਦੀਆਂ ਨਵੀਆਂ ਆਰਥਿਕ ਪਾਬੰਦੀਆਂ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਵਧੇ ਤਣਾਅ ਦੇ ਵਿਚਕਾਰ ਇਹ ਚਰਚਾ ਹੋਈ ਹੈ।
ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਈਰਾਨੀ ਰਾਸ਼ਟਰਪਤੀ ਦੀ ਇੱਕ-ਦੂਜੇ ਦਾ ਹੱਥ ਮਜ਼ਬੂਤੀ ਨਾਲ ਫੜੀ ਹੋਈ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਭਾਰਤ ਵਿੱਚ ਈਰਾਨੀ ਦੂਤਾਵਾਸ ਨੇ ਵੀ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਦੋਵਾਂ ਦੇਸ਼ਾਂ ਦੀ ਇਤਿਹਾਸਕ ਦੋਸਤੀ ਦਾ ਜ਼ਿਕਰ ਕੀਤਾ ਹੈ।
PM ਮੋਦੀ ਵੱਲੋਂ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਸਲਾਹ, EU ਨੇ ਯੂਕ੍ਰੇਨ ਨੂੰ ਹਥਿਆਰਾਂ ਲਈ ਦਿੱਤੇ 67,575 ਕਰੋੜ ਰੁਪਏ
NEXT STORY