ਕੁੜੀਆਂ ਦੀ ਸਿੱਖਿਆ ਦੇ ਹੱਕ ਵਿਚ ਲੜਨ ਵਾਲੀ ਮਲਾਲਾ ਯੁਸੁਫਜਈ ਨੂੰ ਸਮਾਜ ਪ੍ਰਤੀ ਉਸ ਦੇ ਇਸ ਨੇਕ ਕੰਮ ਦਾ ਬਦਲਾ ਤਾਲਿਬਾਨੀਆਂ ਵਲੋਂ ਗੋਲੀਆਂ ਨਾਲ ਮਿਲਿਆ ਸੀ। ਉਦੋਂ ਤੋਂ ਹੀ ਉਹ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਬਣ ਗਈ ਸੀ। ਬਹੁਤ ਘੱਟ ਅੱਲ੍ਹੜ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਹੋਵੇ ਜਾਂ ਜਿਨ੍ਹਾਂ ਨੇ ਆਪਣਾ 17ਵਾਂ ਜਨਮ ਦਿਨ ਨਾਈਜੀਰੀਆ ਦੇ ਰਾਸ਼ਟਰਪਤੀ ਨੂੰ ਇਸਲਾਮਿਕ ਅੱਤਵਾਦੀਆਂ ਵਲੋਂ ਅਗਵਾ ਕੀਤੀਆਂ ਗਈਆਂ 200 ਤੋਂ ਵਧੇਰੇ ਕੁੜੀਆਂ ਨੂੰ ਆਜ਼ਾਦ ਕਰਨ ਲਈ ਦਬਾਅ ਬਣਾਉਣ ਵਿਚ ਬਿਤਾਇਆ ਹੋਵੇ ਪਰ ਮਲਾਲਾ ਕੋਈ ਸਾਧਾਰਨ ਕੁੜੀ ਨਹੀਂ ਹੈ। ਉਹ ਉਸ ਸਮੇਂ ਹੀ ਲੋਕਾਂ ਦੀਆਂ ਨਜ਼ਰਾਂ ਵਿਚ ਆ ਗਈ ਸੀ, ਜਦੋਂ ਅਕਤੂਬਰ 2012 ਵਿਚ ਇਕ ਤਾਲਿਬਾਨੀ ਬੰਦੂਕਧਾਰੀ ਉਸ ਦੀ ਸਕੂਲ ਬਸ 'ਚ ਚੜ੍ਹਿਆ ਅਤੇ ਕਹਿਣ ਲੱਗਾ, ''ਮਲਾਲਾ ਕੌਣ ਹੈ?'' ਮਿਲਦਿਆਂ ਹੀ ਉਸ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਅਸਲ ਵਿਚ ਆਪਣੇ ਪਿਤਾ ਦੇ ਉਤਸ਼ਾਹਿਤ ਕਰਨ 'ਤੇ ਮਲਾਲਾ ਨੇ 2009 ਵਿਚ ਬਨਾਉਟੀ ਨਾਂ ਨਾਲ ਬੀ. ਬੀ. ਸੀ. ਦੀ ਉਰਦੂ ਸੇਵਾ ਲਈ ਬਲਾਗ ਲਿਖਣਾ ਸ਼ੁਰੂ ਕੀਤਾ ਸੀ, ਜਿਸ ਵਿਚ ਸਵਾਤ ਘਾਟੀ 'ਚ ਤਾਲਿਬਾਨੀ ਸਾਏ ਵਿਚ ਜ਼ਿੰਦਗੀ ਦਾ ਉਹ ਵਰਣਨ ਸੀ, ਜਿਥੇ ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। 2007 ਵਿਚ ਇਸਲਾਮਿਕ ਅੱਤਵਾਦੀਆਂ ਨੇ ਇਸ ਖੇਤਰ 'ਤੇ ਆਪਣਾ ਕੰਟਰੋਲ ਕਾਇਮ ਕਰ ਲਿਆ ਸੀ। ਸਵਾਤ ਘਾਟੀ ਨਾਲ ਮਲਾਲਾ ਨੂੰ ਬਹੁਤ ਪਿਆਰ ਸੀ ਅਤੇ ਉਹ ਉਸ ਨੂੰ 'ਮੇਰੀ ਸਵਾਤ' ਕਹਿੰਦੀ ਹੁੰਦੀ ਸੀ।
ਉਸੇ ਘਾਟੀ 'ਤੇ ਤਾਲਿਬਾਨੀਆਂ ਦਾ ਸ਼ਾਸਨ ਸੀ। ਗੁਪਤ ਰੂਪ 'ਚ ਲਿਖੇ ਉਸ ਦੇ ਬਲਾਗ ਵਿਚ ਇਕ ਬੱਚੇ ਦੀ ਖੁੱਲ੍ਹੀ ਸੋਚ ਜ਼ਾਹਿਰ ਹੁੰਦੀ ਸੀ। ਇਸ ਵਿਚ ਉਹ ਖੁੱਲ੍ਹ ਕੇ ਪਾਕਿਸਤਾਨੀ ਸਮਾਜ ਦੀਆਂ ਤ੍ਰਾਸਦੀਆਂ ਨੂੰ ਜ਼ਾਹਿਰ ਕਰਦੀ ਸੀ। 2012 ਵਿਚ ਜਦੋਂ ਉਸ 'ਤੇ ਹਮਲਾ ਹੋਇਆ, ਉਦੋਂ ਉਹ ਇਕ ਵਿਸ਼ਵ ਪੱਧਰੀ ਸ਼ਖਸੀਅਤ ਬਣ ਗਈ। ਉਦੋਂ ਤੋਂ ਉਹ ਇਕ ਅੰਤਰਰਾਸ਼ਟਰੀ ਸਿਤਾਰਾ ਬਣ ਗਈ, ਇਕ ਅਜਿਹੀ ਸ਼ਖਸੀਅਤ ਜੋ ਮਨੁੱਖੀ ਅਧਿਕਾਰਾਂ ਲਈ ਲੜਦੀ ਹੈ। ਉਸ ਨੇ 2013 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕੀਤਾ ਅਤੇ ਅੱਗੇ ਚੱਲ ਕੇ ਯੂਰਪੀ ਸੰਘ ਦਾ 'ਸਰਵਾਰੋਵ ਹਿਊਮਨ ਰਾਈਟਸ ਪ੍ਰਾਈਜ਼' ਜਿੱਤਿਆ। ਹੁਣੇ ਜਿਹੇ ਉਸ ਨੂੰ ਭਾਰਤ ਦੇ ਬਾਲ ਅਧਿਕਾਰ ਕਾਰਜਕਰਤਾ ਕੈਲਾਸ਼ ਸਤਿਆਰਥੀ ਨਾਲ ਸਾਂਝੇ ਤੌਰ 'ਤੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਸਿੱਖਿਆ ਪ੍ਰਤੀ ਜਾਗਰੂਕਤਾ ਦੀ ਮੁਹਿੰਮ ਚਲਾਉਣ ਵਾਲੀ ਮਲਾਲਾ ਨੇ ਆਪਣੀ ਆਤਮਕਥਾ ਵੀ ਲਿਖੀ ਹੈ।
ਹਰਮੋਨੀਅਮ ਵਾਦਨ 'ਚ ਉਭਰਦਾ ਸਿਤਾਰਾ 8 ਸਾਲਾ ਚੰਦਨ
NEXT STORY