ਅੱਜ ਗਾਇਕੀ ਦੇ ਖੇਤਰ 'ਚ ਭਾਵੇਂ ਕਲਾਕਾਰਾਂ ਦੀ ਭੀੜ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਇਨ੍ਹਾਂ ਗਾਇਕਾਂ ਨੂੰ ਸੁਰ-ਤਾਲ ਪ੍ਰਦਾਨ ਕਰਨ ਵਾਲੇ ਸਾਜ਼ੀਆਂ ਦੀ ਬੇਹੱਦ ਕਮੀ ਹੈ, ਜਿਸ ਨੂੰ ਭਾਵੇਂ ਉੱਚਕੋਟੀ ਦੇ ਕਲਾਕਾਰ ਤਾਂ ਬਹੁਤਾ ਮਹਿਸੂਸ ਨਹੀਂ ਕਰਦੇ ਹੋਣਗੇ ਪਰ ਖੇਤਰੀ ਤੇ ਉੱਭਰਦੇ ਕਲਾਕਾਰਾਂ ਨੂੰ ਜ਼ਰੂਰ ਇਸ ਦੀ ਕਮੀ ਖਲਦੀ ਹੋਵੇਗੀ। ਕਹਿੰਦੇ ਨੇ ਕਿ ਕਿਸੇ ਕਲਾਕਾਰ ਨੂੰ ਗਾਇਕੀ ਦੇ ਖੇਤਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਪਹਿਲਾਂ ਹਰਮੋਨੀਅਮ (ਪੇਟੀ) ਨਾਲ ਗਾਇਕੀ ਦਾ ਰਿਆਜ਼ ਹੋਣਾ ਜ਼ਰੂਰੀ ਹੈ। ਅੱਜ ਗਾਇਕੀ ਦੇ ਖੇਤਰ 'ਚ ਪੈਰ ਧਰਨ ਵਾਲੇ ਮੁੱਛ-ਫੁੱਟ ਕਲਾਕਾਰਾਂ ਤੇ ਹੋਰ ਛੋਟੇ-ਮੋਟੇ ਪ੍ਰੋਗਰਾਮਾਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਹਰਮੋਨੀਅਮ ਮਾਹਿਰਾਂ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ ਪਰ ਨੂਰਪੁਰਬੇਦੀ ਸ਼ਹਿਰ ਦਾ ਚੌਥੀ ਜਮਾਤ 'ਚ ਪੜ੍ਹਦਾ 8 ਸਾਲਾ ਬੱਚਾ, ਜੋ ਹਰਮੋਨੀਅਮ ਦੇ ਸਭ ਪੈਂਤੜੇ ਜਾਣਦਾ ਹੈ, ਅਜਿਹੇ ਕਲਾਕਾਰਾਂ ਲਈ ਨਾ ਸਿਰਫ ਆਸ ਦੀ ਕਿਰਨ ਲੈ ਕੇ ਆਇਆ ਹੈ, ਸਗੋਂ ਹੋਰਨਾਂ ਲਈ ਵੀ ਸੰਗੀਤ ਦੇ ਖੇਤਰ 'ਚ ਮਿਸਾਲ ਬਣ ਰਿਹਾ ਹੈ।
ਸਥਾਨਕ ਨਿਵਾਸੀ ਭਗਤ ਮਨੋਜ ਕੁਮਾਰ ਮਿੰਟੂ ਦਾ ਪੁੱਤਰ ਚੰਦਨ ਪੰਡਿਤ ਹਰ ਸੁਰ ਵਜਾਉਣ ਨਾਲ ਭਾਵੇਂ ਹਰਮੋਨੀਅਮ ਦੇ ਖੇਤਰ 'ਚ ਪੈਰ ਧਰ ਚੁੱਕਿਆ ਹੈ ਪਰ ਕੋਹਿਨੂਰ ਹੀਰਾ ਬਣਨ ਜਾ ਰਹੀ ਇਸ ਪ੍ਰਤਿਭਾ ਨੂੰ ਅਜੇ ਹੋਰ ਤਰਾਸ਼ਣ ਦੀ ਲੋੜ ਹੈ। ਇਹ ਛੋਟਾ ਜਿਹਾ ਕਲਾਕਾਰ, ਜੋ ਬੀਤੇ 6 ਮਹੀਨਿਆਂ ਤੋਂ ਕਈ ਸਟੇਜਾਂ 'ਤੇ ਹਰਮੋਨੀਅਮ 'ਚ ਆਪਣੀ ਪ੍ਰਤਿਭਾ ਦਿਖਾ ਚੁੱਕਾ ਹੈ, ਦੇ ਉਸਤਾਦ ਤੇ ਗਾਇਕ ਮਾ. ਸੋਨੂੰ ਦਾ ਕਹਿਣਾ ਹੈ ਕਿ ਨਿੱਕੀ ਉਮਰ 'ਚ ਹੀ ਉਸ ਅੰਦਰ ਕਮਾਲ ਦਾ ਜੋਸ਼ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਇਸ ਸਾਜ਼ 'ਚ ਪ੍ਰਪੱਕ ਹੋਣ ਲਈ ਕੁਝ ਸਮਾਂ ਹੋਰ ਲੱਗੇਗਾ ਤੇ ਉਹ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾ 5 ਤੋਂ 6 ਘੰਟੇ ਸੰਗੀਤ ਦਾ ਰਿਆਜ਼ ਵੀ ਕਰਦਾ ਹੈ। ਹੁਣ ਜਦੋਂ ਰਾਮ ਲੀਲਾ ਦੇ ਦਿਨਾਂ 'ਚ ਇਹ ਸਾਜ਼, ਭਾਵ ਹਰਮੋਨੀਅਮ ਵਜਾਉਣ ਵਾਲਿਆਂ ਦੀ ਕਮੀ ਪਾਈ ਜਾ ਰਹੀ ਹੈ ਤਾਂ ਹਰਮੋਨੀਅਮ ਦੇ ਖੇਤਰ 'ਚ ਉੱਭਰ ਰਿਹਾ ਇਹ ਨੰਨ੍ਹਾ ਸਿਤਾਰਾ ਸਥਾਨਕ ਸ਼ਿਵ ਮੰਦਿਰ 'ਚ 10 ਦਿਨਾਂ ਤਕ ਚੱਲੀ ਰਾਮ ਲੀਲਾ 'ਚ ਆਪਣੀ ਪ੍ਰਤਿਭਾ ਦੇ ਜਲਵੇ ਬਿਖੇਰ ਕੇ ਸਭ ਨੂੰ ਹੈਰਾਨ ਕਰ ਰਿਹਾ ਸੀ ਤੇ ਹਰ ਕਿਸੇ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ।
ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਜੀ ਮਹਾਰਾਜ ਸਰਥਲੀ ਵਾਲਿਆਂ ਨੇ ਇਸ ਹੋਣਹਾਰ ਬੱਚੇ ਦੇ ਸੰਗੀਤ ਦੇ ਖੇਤਰ ਵਿਚ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਜੇਕਰ ਹੌਸਲਾ ਬੁਲੰਦ ਹੋਵੇ ਤਾਂ ਹਰ ਮੰਜ਼ਲ ਤੱਕ ਪਹੁੰਚਿਆ ਜਾ ਸਕਦਾ ਹੈ।
ਅੰਡਰਗ੍ਰਾਉੂਂਡ ਕਿਲੇਨੁਮਾ ਬਸਤੀ 'ਚ ਰਹਿੰਦੇ ਹਨ ਛਛੂੰਦਰ
NEXT STORY