ਇਕ ਪਿੰਡ ਦਾ ਕਿਸਾਨ ਆਪਣੇ ਖੇਤ ਵਿਚ ਮਿਹਨਤ ਕਰਦਾ ਪਰ ਇੰਨਾ ਅਨਾਜ ਵੀ ਪੈਦਾ ਨਹੀਂ ਹੁੰਦਾ ਕਿ ਉਹ ਭਰ ਪੇਟ ਭੋਜਨ ਕਰ ਸਕੇ। ਜਿੰਨਾ ਅਨਾਜ ਪੈਦਾ ਹੁੰਦਾ, ਉਹ ਉਸ ਨੂੰ ਇਸ ਤਰ੍ਹਾਂ ਵਰਤੋਂ ਵਿਚ ਲਿਆਉਂਦਾ ਕਿ ਜਿਊਣ ਲਈ ਰੋਜ਼ ਥੋੜ੍ਹਾ ਜਿਹਾ ਅੰਨ ਉਸ ਦੇ ਪੇਟ 'ਚ ਜਾਵੇ। ਭੁੱਖ ਤੋਂ ਵੀ ਘੱਟ ਖਾਣਾ ਮਿਲਣ ਕਾਰਨ ਉਹ ਕਮਜ਼ੋਰ ਹੋ ਗਿਆ।
ਆਖਿਰ ਕਿਸਮਤ ਨੂੰ ਕੋਸਦਾ ਦਿਨ ਭਰ ਉਦਾਸ ਰਹਿੰਦਾ। ਕਮਜ਼ੋਰੀ ਕਾਰਨ ਉਹ ਮਿਹਨਤ ਵੀ ਨਹੀਂ ਕਰ ਸਕਦਾ ਸੀ। ਉਹ ਸੋਚਦਾ ਸੀ ਕਿ ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਅਜਿਹੇ ਜੀਵਨ ਦਾ ਕੀ ਫਾਇਦਾ। ਉਸ ਦਾ ਮਨ ਸੰਸਾਰ ਤੋਂ ਉਚਾਟ ਹੋ ਗਿਆ। ਉਹ ਸਭ ਕੁਝ ਛੱਡ ਕੇ ਦੂਰ ਨਿਕਲ ਗਿਆ। ਪਿੰਡ ਤੋਂ ਕਾਫੀ ਦੂਰ ਨਿਕਲਣ 'ਤੇ ਉਹ ਥੱਕ ਕੇ ਦਰੱਖਤ ਦੀ ਛਾਵੇਂ ਬੈਠ ਗਿਆ ਤੇ ਸੋਚਣ ਲੱਗਾ।
ਉਦੋਂ ਉਸ ਦੇ ਕੰਨਾਂ 'ਚ 'ਨਾਰਾਇਣ! ਨਾਰਾਇਣ! ਨਾਰਾਇਣ!' ਦੀ ਆਵਾਜ਼ ਪਈ। ਉਸ ਨੇ ਸਿਰ ਚੁੱਕ ਕੇ ਦੇਖਿਆ। ਸਾਹਮਣੇ ਨਾਰਦ ਜੀ ਆ ਰਹੇ ਸਨ। ਉਹ ਉਨ੍ਹਾਂ ਦੇ ਚਰਨਾਂ 'ਚ ਜਾ ਪਿਆ ਅਤੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਨਾਰਦ ਜੀ ਨੇ ਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ, ਤੁਹਾਡੀ ਕਿਸਮਤ ਨੂੰ ਦੇਖ ਕੇ ਦੱਸਦਾ ਹਾਂ।
ਉਹ ਧਿਆਨ 'ਚ ਲੀਨ ਹੋ ਗਏ। ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸਾਨ ਨੇ ਪਹਿਲੇ ਜਨਮ ਵਿਚ ਇੰਨਾ ਘੱਟ ਪੁੰਨ ਕੀਤਾ ਸੀ ਕਿ ਉਸ ਦੀ ਕਿਸਮਤ ਵਿਚ ਪ੍ਰਮਾਤਮਾ ਨੇ ਸਾਰੇ ਜੀਵਨ 'ਚ ਸਿਰਫ 5 ਬੋਰੀ ਅਨਾਜ ਤੇ ਲੰਮੀ ਉਮਰ ਲਿਖ ਦਿੱਤੀ। ਇਸੇ ਕਾਰਨ ਉਸ 5 ਬੋਰੀ ਕਣਕ ਨੂੰ ਲੰਮੀ ਉਮਰ ਤਕ ਚਲਾਉਣ ਲਈ, ਉਸ ਨੂੰ ਸੀਮਤ ਮਾਤਰਾ ਵਿਚ ਹੀ ਭੋਜਨ ਨਸੀਬ ਹੰਦਾ ਹੈ। ਕਿਸਾਨ ਨੇ ਮਹਾਰਿਸ਼ੀ ਨੂੰ ਪ੍ਰਾਰਥਨਾ ਕੀਤੀ ਕਿ ਹੇ ਪ੍ਰਭੂ! ਕੁਝ ਅਜਿਹਾ ਕਰੋ ਕਿ ਮੇਰੀ ਕਿਸਮਤ ਵਿਚ ਲਿਖਿਆ ਅਨਾਜ ਮੈਨੂੰ ਇਕੱਠਾ ਹੀ ਮਿਲ ਜਾਵੇ।
ਨਾਰਦ ਜੀ ਨੇ ਵਿਧਾਤਾ ਨੂੰ ਬੇਨਤੀ ਕੀਤੀ ਤੇ ਕਿਸਾਨ ਦੀ ਪ੍ਰਾਰਥਨਾ ਸਵੀਕਾਰ ਹੋ ਗਈ। ਉਸ ਦੀ ਕਿਸਮਤ ਵਿਚ ਲਿਖਿਆ ਸਾਰਾ ਅਨਾਜ ਉਸ ਨੂੰ ਇਕੱਠਾ ਮਿਲ ਗਿਆ। ਉਸ ਨੇ ਉਸਦੀਆਂ ਰੋਟੀਆਂ ਬਣਾਈਆਂ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਗਰੀਬਾਂ ਨੂੰ ਵੰਡ ਦਿੱਤੀਆਂ।
ਉਸ ਦੇ ਇਸ ਕੰਮ ਦੀ ਬਹੁਤ ਪ੍ਰਸ਼ੰਸਾ ਹੋਈ ਤੇ ਆਲੇ-ਦੁਆਲੇ ਦੇ ਖੁਸ਼ਹਾਲ ਕਿਸਾਨ ਇਸ ਪੁੰਨ ਦੇ ਕੰਮ ਲਈ ਰੋਜ਼ਾਨਾ ਆਨਾਜ ਉਪਲੱਬਧ ਕਰਾਉਣ ਲੱਗੇ, ਉਸ ਦੇ ਪੁੰਨ ਵਧਦੇ ਗਏ ਅਤੇ ਉਸ ਦੀ ਪ੍ਰਸ਼ੰਸਾ ਹੋਣ ਲੱਗੀ। ਉਹ ਆਪਣੇ ਲਈ ਲੋੜ ਅਨੁਸਾਰ ਰੋਟੀਆਂ ਰੱਖ ਲੈਂਦਾ ਤੇ ਬਾਕੀ ਸਭ ਵੰਡ ਦਿੰਦਾ। ਉਸ ਨੂੰ ਸਮਝ ਆ ਗਈ ਕਿ ਕਿਸਮਤ ਨੂੰ ਬਦਲਣ ਲਈ ਤਿਆਗ ਤੇ ਪਰਉਪਕਾਰ ਜ਼ਰੂਰੀ ਹੈ।
ਹਮਲਾਵਰੀ ਔਰਤ ਸੋਹਣੀ ਨਹੀਂ ਹੁੰਦੀ
NEXT STORY