ਸੂਖਮ ਲੋਕਾਂ ਵਿਚ ਵੀ ਈਸ਼ਵਰ ਰਚਿਤ ਅਨੇਕਾਂ ਰਤਨ ਹਨ, ਜਿਨ੍ਹਾਂ ਦੀ ਗੱਲ ਗੁਰੂ ਸਾਹਿਬ 'ਗਾਵਨਿ ਰਤਨ ਉਪਾਏ ਤੇਰੇ' ਤੁਕ ਵਿਚ ਕਰ ਰਹੇ ਹਨ ਪਰ ਇਹ ਰਤਨ ਵੀ ਸੂਖਮ ਲੋਕਾਂ ਵਾਂਗ ਸੂਖਮ ਹੀ ਹੋ ਸਕਦੇ ਹਨ, ਨਾ ਕਿ ਸੋਨੇ-ਚਾਂਦੀ ਵਾਂਗ ਸਥੂਲ। ਪੁਰਾਣੇ ਗ੍ਰੰਥਾਂ ਵਿਚ ਅੱਜ ਤੋਂ ਅਰਬਾਂ-ਖਰਬਾਂ ਸਾਲ ਪਹਿਲਾਂ ਸ੍ਰਿਸ਼ਟੀ ਦੇ ਆਦਿ ਵਿਚ ਅੰਮ੍ਰਿਤ ਸਮੁੰਦਰ ਦੇ ਮੰਥਨ ਤੋਂ ਸਾਰੰਗ ਧਨੁਖ, ਚੰਦਰਮਾ, ਕਲਪ ਬ੍ਰਿਖ, ਲਛਮੀ, ਕਾਮਧੇਨੂ......ਅੰਮ੍ਰਿਤ ਆਦਿ ਅਨੇਕਾਂ ਰਤਨਾਂ ਦੀ ਉਤਪਤਿ ਦਾ ਵਰਣਨ ਹੈ। ਇਨ੍ਹਾਂ ਰਤਨਾਂ ਨੂੰ ਦੇਵਤਿਆਂ ਨੇ ਧਾਰਨ ਕੀਤਾ ਅਤੇ ਅੰਮ੍ਰਿਤ ਪੀ ਕੇ ਅੰਮ੍ਰਿਤ ਵੀ ਹੋਏ।
ਇਨ੍ਹਾਂ ਕਥਾਵਾਂ ਵਿਚ ਛਿਪੇ ਹੋਏ ਸ੍ਰਿਸ਼ਟੀ ਰਚਨਾ ਦੇ ਸੂਖ਼ਮ ਰਹੱਸਾਂ ਦੀ ਚਰਚਾ ਕਰਨ ਦਾ ਤਾਂ ਐਥੇ ਸਮਾਂ ਨਹੀਂ ਹੈ ਪਰ ਫਿਰ ਵੀ ਪ੍ਰਸੰਗ ਅਨੁਸਾਰ ਐਨਾ ਸਮਝ ਲੈਣਾ ਜ਼ਰੂਰੀ ਹੀ ਹੋਵੇਗਾ ਕਿ ਇਹ ਰਤਨ ਇਕ ਦਰੱਖਤ ਦੇ ਫਲ, ਫੁੱਲਾਂ ਵਾਂਗ ਦੇਵ ਸਰੀਰਾਂ ਦੇ ਅੰਗ ਹਨ। ਸੋਨੇ-ਚਾਂਦੀ ਦੇ ਗਹਿਣੇ ਹਾਰ ਮੁਕਟ ਆਦਿ ਤਾਂ ਮਨੁੱਖੀ ਸਰੀਰਾਂ ਤੋਂ ਭਿੰਨ ਹੁੰਦੇ ਹਨ ਪਰ ਦੇਵਤਿਆਂ ਦੇ ਇਹ ਅਲੌਕਿਕ ਗਹਿਣੇ ਉਨ੍ਹਾਂ ਦੇ ਸਰੀਰ ਦੇ ਅੰਗ ਹੀ ਬਣ ਜਾਂਦੇ ਹਨ।
ਧਰਤੀ ਤੇ ਸਮੁੰਦਰਾਂ 'ਚੋਂ ਨਿਕਲਣ ਵਾਲੇ ਰਤਨਾਂ ਵਿਚ ਪ੍ਰਿਥਵੀ, ਜਲ ਤੇ ਅਗਨਿ ਤੱਤਾਂ ਦੀ ਪ੍ਰਧਾਨਤਾ ਹੋਵੇਗੀ ਪਰ ਅਗਨਿ, ਵਾਯੂ ਤੇ ਆਕਾਸ਼ ਤੱਤ ਦੀ ਪ੍ਰਧਾਨਤਾ ਵਾਲੇ ਸੂਖਮ ਲੋਕਾਂ 'ਚ ਪ੍ਰਗਟ ਹੋਣ ਵਾਲੇ ਰਤਨਾਂ ਵਿਚ ਪ੍ਰਿਥਵੀ ਜਲ ਵਾਲੇ ਜੜ੍ਹ, ਪ੍ਰਮਾਣੂ ਘੱਟ ਹੋਣਗੇ ਅਤੇ ਇਨ੍ਹਾਂ ਵਿਚ ਅਗਨਿ, ਵਾਯੂ ਆਦਿ ਤੱਤਾਂ ਦੀ ਹੀ ਪ੍ਰਧਾਨਤਾ ਹੋਵੇਗੀ।
ਇਸ ਤੋਂ ਵੀ ਉੱਪਰ ਮਹਾਦੇਵਾਂ ਦੇ ਰਹਿਣ ਸਥਾਨ ਭਗੌਤੀ ਸ਼ਕਤੀ ਦੇ ਸਪੰਦਨਾਂ ਤੋਂ ਭਰਪੂਰ ਲੋਕਾਂ ਵਿਚ ਉਤਪਤਿ ਵਾਲੇ ਰਤਨ ਸ਼ਕਤੀ ਸਪੰਦਨਾਂ ਨਾਲ ਹੀ ਵਿਸ਼ੇਸ਼ ਰੂਪ ਨਾਲ ਰਚਿਤ ਹੋਣਗੇ। ਇਹ ਰਤਨ ਦੇਵ ਸਰੀਰਾਂ ਵਿਚ ਇਕਮਿਕ ਹੋਣ ਦੀ ਸਮਰੱਥਾ ਵਾਲੇ ਵੀ ਹੋਣਗੇ, ਸਗੋਂ ਇਨ੍ਹਾਂ ਰਤਨਾਂ ਨੂੰ ਧਾਰਨ ਕਰਨ ਨਾਲ ਉਨ੍ਹਾਂ ਦੇ ਸਰੀਰ ਤੇ ਵਿਅਕਤੀਤਵ ਵਿਸ਼ੇਸ਼ ਸ਼ੋਭਾ ਤੇ ਸ਼ਕਤੀ ਨਾਲ ਭਰਪੂਰ ਵੀ ਹੋ ਸਕਣਗੇ। ਇਨ੍ਹਾਂ ਸੂਖਮ ਰਤਨਾਂ ਦੀ ਮਾਤਿ ਲੋਕ ਵਿਚ ਪਾਏ ਜਾਣ ਵਾਲੇ ਹੀਰੇ, ਸੋਨੇ, ਚਾਂਦੀ ਵਾਲੇ ਰਤਨ ਨਾਲ ਤਾਂ ਤੁਲਨਾ ਕਦੇ ਹੋ ਹੀ ਨਹੀਂ ਸਕਦੀ। ਮਾਤਿ ਲੋਕ ਦੇ ਰਤਨ ਤਾਂ ਇਕ ਤਰ੍ਹਾਂ ਨਾਲ ਜੜ੍ਹ ਹਨ ਪਰ ਸੂਖਮ ਲੋਕਾਂ 'ਚ ਪ੍ਰਗਟ ਹੋਣ ਵਾਲੇ ਰਤਨ ਵੀ ਚੇਤਨ ਹੋਣਗੇ ਕਿਉਂਕਿ ਉਹ ਦੇਵਤਿਆਂ ਦੇ ਸਰੀਰ ਦੇ ਅੰਗ ਹੀ ਬਣ ਜਾਂਦੇ ਹਨ।
ਛੱਤੀਸਗੜ੍ਹ ਦਾ ਪ੍ਰਯਾਗ ਰਾਜਿਮ
NEXT STORY