ਅੰਮ੍ਰਿਤਸਰ - ਮੋਦੀ ਸਰਕਾਰ ਵਲੋਂ ਕਣਕ ਦੇ ਸਮਰਥਨ ਮੁੱਲ 'ਤੇ ਕੀਤੇ ਗਏ ਮਾਮੂਲੀ ਵਾਧੇ 'ਤੇ ਕਾਂਗਰਸ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਕਿ ਜਾਂ ਤਾਂ ਬਾਦਲ ਮੋਦੀ ਕੋਲੋਂ ਘੱਟੋਂ ਘੱਟ 2 ਹਜ਼ਾਰ ਰੁਪਏ ਪ੍ਰਤੀ ਕਣਕ ਦੇ ਮੁੱਲ ਪਵਾਉਣ ਲਈ ਧਰਨਾ ਲਾ ਦੇਣ ਤੇ ਜੇ ਮੋਦੀ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਤਾਂ ਉਹ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਗਏ ਮਜ਼ਾਕ ਲਈ ਮੁਆਫੀ ਮੰਗਣ ਤੇ ਆਪਣੇ ਵਲੋਂ ਘੱਟੋ-ਘੱਟ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਯੂ. ਪੀ. ਏ. ਸਰਕਾਰ ਦੇ ਮੁਕਾਬਲੇ ਐੱਨ. ਡੀ. ਏ. ਸਰਕਾਰ ਵਲੋਂ ਸਮੇਂ-ਸਮੇਂ ਕੀਤੇ ਗਏ ਵਾਦਿਆਂ ਨੂੰ ਤੱਥਾਂ ਤੇ ਅੰਕੜਿਆਂ ਦੇ ਆਧਾਰ 'ਤੇ ਮੀਡੀਆ ਨਾਲ ਸਾਂਝੇ ਕਰਦਿਆਂ ਕਿਹਾ ਕਿ ਹਮੇਸ਼ਾ ਯੂ. ਪੀ. ਏ. ਸਰਕਾਰ ਹੀ ਕਿਸਾਨਾਂ ਦੀਆਂ ਜਿਣਸਾਂ ਦਾ ਸਹੀ ਅਰਥਾਂ ਵਿਚ ਮੁੱਲ ਪਾਉਂਦੀ ਰਹੀ ਹੈ। ਜਦੋਂ-ਜਦੋਂ ਵੀ ਐੱਨ. ਡੀ. ਏ. ਦੀ ਸਰਕਾਰ ਬਣੀ, ਉਦੋਂ ਹੀ ਕਿਸਾਨਾਂ ਦੀਆਂ ਜਿਣਸਾਂ ਦੇ ਸਮਰਥਨ ਮੁੱਲ ਵਿਚ ਮਾਮੂਲੀ ਵਾਧਾ ਹੀ ਹੁੰਦਾ ਰਿਹਾ ਹੈ। ਯੂ. ਪੀ. ਏ. ਸਰਕਾਰ ਦੇ ਕੀਤੇ ਜਾਂਦੇ ਵਾਧਿਆਂ ਨੂੰ ਮਾਮੂਲੀ ਵਾਧਾ ਕਹਿ ਕੇ ਅਕਾਲੀ ਲੀਡਰਸ਼ਿਪ ਗੁੰਮਰਾਹਕੁੰਨ ਬਿਆਨਬਾਜ਼ੀ ਕਰਦੀ ਰਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਤੇ ਹੁਣ ਐੱਨ. ਡੀ. ਏ. ਸਰਕਾਰ ਵਲੋਂ ਕੀਤੇ ਗਏ ਮਾਮੂਲੀ ਵਾਧੇ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਜਿਸ ਤਰ੍ਹਾਂ ਦਾ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਸੀ, ਨਹੀਂ ਲਿਆ ਗਿਆ ਕਿਉਂਕਿ ਉਨ੍ਹਾਂ ਨੂੰ ਇਸ ਸਮੇਂ ਕਿਸਾਨਾਂ ਦੀਆਂ ਜਿਣਸਾਂ ਦੇ ਸਹੀ ਮੁੱਲ ਪਵਾਉਣ ਲਈ ਦਬਾਅ ਪਾਉਣ ਦੀ ਥਾਂ 'ਤੇ ਭਾਜਪਾ ਅਤੇ ਅਕਾਲੀ ਦਲ ਦੇ ਰਿਸ਼ਤੇ ਨੂੰ ਬਚਾਉਣ ਲਈ ਵਾਹ-ਵਾਸਤੇ ਪਾਏ ਜਾ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮੋਦੀ ਸਰਕਾਰ ਦੇ ਸਿਰਹਾਣੇ ਜਾ ਬੈਠਣ ਤੇ ਆਪਣੀ ਭਾਈਵਾਲ ਪਾਰਟੀ ਹੋਣ ਦੇ ਬਲਬੂਤੇ 'ਤੇ ਕਣਕ ਦਾ ਘੱਟੋ-ਘੱਟ 2000 ਰੁਪਏ ਪ੍ਰਤੀ ਕੁਇੰਟਲ ਦੇ ਜਵਾਬ ਨਾਲ ਸਮਰਥਨ ਮੁੱਲ ਪੁਆ ਕੇ ਆਉਣ। ਉਨ੍ਹਾਂ ਨੇ ਕਿਹਾ ਕਿ ਹੁਣ ਮੋਦੀ ਸਰਕਾਰ ਨੇ ਜੇ ਪੰਜਾਬ ਦੇ ਕਿਸਾਨਾਂ ਦੇ ਲਈ ਖਜ਼ਾਨੇ ਦਾ ਬੂਹਾ ਨਾ ਖੋਲ੍ਹਿਆ ਤਾਂ ਇਸ ਦੇ ਲਈ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਯੂ. ਪੀ. ਏ ਦੀ ਸਰਕਾਰ ਸਮੇਂ ਔਸਤਨ ਤਕਰੀਬਨ 13 ਰੁਪਏ ਫੀਸਦੀ ਸਮਰਥਨ ਮੁੱਲ ਦਾ ਵਾਧਾ ਹੁੰਦਾ ਰਿਹਾ ਹੈ। ਐੱਨ. ਡੀ. ਏ. ਦੀ ਸਰਕਾਰ ਸਮੇਂ 3 ਰੁਪਏ ਫੀਸਦੀ ਤੋਂ ਵੀ ਘੱਟ ਦਾ ਤੇ ਹੁਣ 1400 ਪ੍ਰਤੀ ਕੁਇੰਟਲ ਦੇ ਮੁੱਲ ਦੇ ਜੇਕਰ 50 ਰੁਪਏ ਕੀਤਾ ਗਿਆ ਵਾਧਾ ਸਿਰਫ 3.57 ਪੈਸੇ ਬਣਦਾ ਹੈ, ਜੋ ਕਿ ਕਿਸਾਨਾਂ ਦੇ ਨਾਲ ਕੀਤਾ ਗਿਆ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਮੋਦੀ ਦੇ ਘਰ ਅੱਗੇ ਧਰਨਾ ਲਾਉਣ ਦਾ ਐਲਾਨ ਕਰੇ, ਕਾਂਗਰਸ ਉਸ ਦਾ ਪੂਰਨ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਹੀ ਉਹ ਕਣਕ ਦੇ ਸਮਰਥਨ ਮੁੱਲ ਨੂੰ ਵਧਾਉਣ ਦੀ ਮੰਗ ਨਾ ਕਰਨ ਸਗੋਂ ਇਸ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਨੂੰ ਘੇਰਨ ਲਈ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਉਨ੍ਹਾਂ ਦੀਆਂ ਗੱਲਾਂ ਤੋਂ ਲਗ ਰਿਹਾ ਹੈ ਕਿ ਉਹ ਸਿਰਫ ਖਾਨਾਪੂਰਤੀ ਕਰਨ ਲਈ ਹੀ ਗੱਲ ਕਰ ਰਹੇ ਹਨ ਤੇ ਅੰਦਰੋਂ ਉਨ੍ਹਾਂ ਦਾ ਦਿਲ ਡਰਿਆ ਹੋਇਆ ਹੈ ਕਿ ਕਿਤੇ ਜ਼ਿਆਦਾ ਗੱਲ ਕਹਿਣ ਨਾਲ ਮੋਦੀ ਸਾਹਿਬ ਨਾਰਾਜ਼ ਨਾ ਹੋ ਜਾਣ।
ਨਸ਼ੀਲੇ ਪਾਊਡਰ ਅਤੇ ਨਾਜਾਇਜ਼ ਸ਼ਰਾਬ ਸਣੇ ਦੋ ਕਾਬੂ
NEXT STORY