ਜਲੰਧਰ - ਮੌਸਮ ਵਿੱਚ ਬਦਲਾਅ ਦੇ ਨਾਲ ਗਲੇ ਵਿੱਚ ਖਰਾਸ਼ ਦੀ ਸਮੱਸਿਆ ਆਮ ਹੋ ਜਾਂਦੀ ਹੈ। ਕਈ ਵਾਰ ਜ਼ੁਕਾਮ ਤੇ ਖੰਘ ਕਾਰਨ ਵੀ ਗਲੇ ਵਿੱਚ ਖਰਾਸ਼ ਹੋ ਜਾਂਦੀ ਹੈ। ਜ਼ੁਕਾਮ ਅਤੇ ਬੁਖ਼ਾਰ ਦੇ ਨਾਲ ਗਲੇ ਵਿਚ ਖਰਾਸ਼ ਹੋਣਾ ਆਮ ਗੱਲ ਹੈ, ਜਿਸ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਇਸ ਦੇ ਵਧਣ ਨਾਲ ਕਈ ਗੰਭੀਰ ਬੀਮਾਰੀਆਂ ਹੋ ਜਾਂਦੀਆਂ ਹਨ। ਗਲੇ ਦੀ ਖਰਾਸ਼ ਅਤੇ ਦਰਦ ਤੋਂ ਛੁਟਕਾਰਾ ਅਤੇ ਰਾਹਤ ਪਾਉਣ ਲਈ ਤੁਸੀਂ ਕਈ ਘਰੇਲੂ ਨੁਸਖ਼ਿਆਂ ਨੂੰ ਅਜ਼ਮਾ ਸਕਦੇ ਹੋ। ਅਜਿਹੇ ਨੁਸਖੇ ਇੱਕ ਰਾਤ ਵਿੱਚ ਹੀ ਕਈ ਗੁਣਾ ਕਾਰਗਰ ਸਾਬਿਤ ਹੋ ਸਕਦੇ ਹਨ। ਆਓ ਜਾਣਦੇ ਹਾਂ ਉਕਤ ਨੁਸਖ਼ਿਆਂ ਦੇ ਬਾਰੇ
ਲੂਣ ਵਾਲੇ ਪਾਣੀ ਦੇ ਗਰਾਰੇ
ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਲੂਣ ਅਤੇ ਕੋਸੇ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ। ਗਰਮ ਪਾਣੀ ਤੇ ਲੂਣ ਦੇ ਗਰਾਰੇ ਕਰਨ ਨਾਲ ਗਲੇ ਨੂੰ ਰਾਹਤ ਮਿਲਦੀ ਹੈ। ਗਰਮ ਪਾਣੀ ਤੇ ਲੂਣ ਦਾ ਮਿਸ਼ਰਨ ਗਲੇ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਦਿੰਦਾ ਹੈ। ਇਸ ਲਈ ਇਕ ਗਲਾਸ ਪਾਣੀ ਵਿਚ ਅੱਧਾ ਚਮਚ ਲੂਣ ਪਾ ਕੇ ਗਰਮ ਕਰੋ। ਇਸ ਤੋਂ ਬਾਅਦ ਇਸ ਨਾਲ ਗਰਾਰੇ ਕਰੋ। ਕੁੱਝ ਸਮੇਂ ਵਿੱਚ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।

ਸ਼ਹਿਦ ਦਾ ਸੇਵਨ
ਗਲੇ ਦੀ ਖਰਾਸ਼ ਨੂੰ ਦੂਰ ਕਰਨ ਦੇ ਘਰੇਲੂ ਨੁਸਖਿਆਂ ਵਿੱਚ ਸ਼ਹਿਦ ਸਭ ਤੋਂ ਵੱਧ ਲਾਜਵਾਬ ਹੈ। ਇਸ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਨਾਲ ਹੀ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਗਲੇ ਨੂੰ ਆਰਾਮ ਦੇਣ ਵਿੱਚ ਮਦਦ ਕਰਦੇ ਹਨ। ਗਲੇ ਦੀ ਖਰਾਸ਼ ਦੂਰ ਕਰਨ ਲਈ ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ ਜਾਂ ਇਸਨੂੰ ਅਦਰਕ ਦੇ ਨਾਲ ਲਓ।
ਮੁਲੱਠੀ ਦਾ ਸੇਵਨ
ਤੁਸੀਂ ਅਕਸਰ ਬਜ਼ੁਰਗਾਂ ਕੋਲੋਂ ਮੁਲੱਠੀ ਦੇ ਫ਼ਾਇਦਿਆਂ ਬਾਰੇ ਸੁਣਿਆ ਹੋਵੇਗਾ। ਤੁਸੀਂ ਇਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਗਰਾਰੇ ਕਰ ਸਕਦੇ ਹੋ। ਇਸ ਵਿੱਚ ਐਂਟੀਵਾਇਰਲ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਗਲੇ ਦੀ ਖਰਾਸ਼ ਨੂੰ ਆਰਾਮ ਦਿਵਾਉਣ 'ਚ ਮਦਦ ਕਰਦੇ ਹਨ।

ਐਪਲ ਸਾਈਡਰ ਵਿਨੇਗਰ
ਜੇਕਰ ਤੁਹਾਨੂੰ ਗਲੇ ਵਿੱਚ ਖਰਾਸ਼ ਦੀ ਸਮੱਸਿਆ ਹੈ ਤਾਂ ਤੁਸੀਂ ਐਪਲ ਸਾਈਡਰ ਵਿਨੇਗਰ ਦਾ ਇਸਤੇਮਾਲ ਕਰ ਸਕਦੇ ਹੋ। ਇਹ ਇੱਕ ਵਧੀਆ ਟੌਨਿਕ ਦੇ ਤੌਰ 'ਤੇ ਕੰਮ ਕਰਦਾ ਹੈ। ਇਸ ਵਿੱਚ ਮੌਜੂਦ ਐਸੀਟਿਕ ਐਸਿਡ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਲਈ ਤੁਹਾਨੂੰ 1 ਕੱਪ ਕੋਸੇ ਪਾਣੀ ਵਿੱਚ 1 ਚਮਚ ਸਿਰਕਾ ਅਤੇ 1 ਚਮਚ ਸ਼ਹਿਦ ਮਿਲਾ ਕੇ ਬਣਾਉਣ ਹੈ ਅਤੇ ਇਸ ਨੂੰ ਟੌਨਿਕ ਵਾਂਗ ਲੈਣਾ ਹੈ।
ਫਟਕੜੀ ਦਾ ਇਸਤੇਮਾਲ
ਥੋੜ੍ਹੀ ਜਿਹੀ ਫਟਕੜੀ ਨੂੰ ਤਵੇ 'ਤੇ ਗਰਮ ਕਰਕੇ ਪੀਸ ਲਓ। ਫਿਰ 1 ਗਲਾਸ 'ਚ ਗਰਮ ਪਾਣੀ ਕਰਕੇ ਉਸ 'ਚ ਇਸ ਨੂੰ ਮਿਲਾ ਕੇ ਕੁਰਲੀ ਕਰੋ। ਸਵੇਰੇ ਸ਼ਾਮ ਇਸ ਪਾਣੀ ਨਾਲ ਗਰਾਰੇ ਕਰਨ ਨਾਲ ਤੁਹਾਡੀ ਗਲੇ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ

ਤੁਲਸੀ ਦਾ ਕਾੜ੍ਹਾ ਪੀਓ
ਤੁਲਸੀ ਸਭ ਤੋਂ ਵਧੀਆ ਐਂਟੀ-ਵਾਇਰਲ ਜੜੀ-ਬੂਟੀਆਂ ਵਿੱਚੋਂ ਇੱਕ ਹੈ ਜਿਸ ਨੂੰ ਖੰਘ, ਜ਼ੁਕਾਮ ਅਤੇ ਗਲੇ ਦੇ ਦਰਦ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆਂ ਜਾਂਦਾ ਹੈ। ਤੁਲਸੀ ਦੀਆਂ 4-5 ਪੱਤੀਆਂ ਨੂੰ ਥੋੜੇ ਜਿਹੇ ਪਾਣੀ 'ਚ ਉਬਾਲ ਕੇ ਇਸ ਨੂੰ ਪੀਣ ਨਾਲ ਲਾਭ ਮਿਲਦਾ ਹੈ। ਤੁਸੀਂ ਇਸ 'ਚ ਸ਼ਹਿਦ, ਅਦਰਕ ਮਿਲਾ ਸਕਦੇ ਹੋ। ਤੁਲਸੀ ਦੇ ਕਾੜੇ ਵਿੱਚ ਕਾਲੀ ਮਿਰਚ, ਅਦਰਕ, ਲੌਂਗ, ਦਾਲਚੀਨੀ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਵੀ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬੱਚਿਆਂ 'ਚ ਕਿਉਂ ਵੱਧ ਰਹੀ 'ਫੈਟੀ ਲੀਵਰ' ਦੀ ਸਮੱਸਿਆ, ਦੁੱਧ 'ਚ ਮਿਲਾਉਂਦੇ ਹੋ ਇਹ ਚੀਜ਼ ਤਾਂ ਹੋ ਜਾਓ ਸਾਵਧਾਨ
NEXT STORY