ਚੰਡੀਗੜ੍ਹ, (ਬਿਊਰੋ)- ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲਿਆਂ ਦੇ ਮੁਖੀਆਂ ਨੂੰ ਪੱਤਰ ਲਿੱਖ ਕੇ ਪੰਜਾਬ ਫਾਰਮੇਸੀ ਐਕਟ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ। ਪੁਲਸ ਨੂੰ ਐਕਟ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਲਈ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵਿਭਾਗ ਵਲੋਂ ਦੋਸ਼ੀ ਫਾਰਮਾਸਿਸਟਾਂ ਦੇ ਲਾਇਸੈਂਸ ਰੱਦ ਕੀਤੇ ਜਾਣ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਜੜੋ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਨਸ਼ੇ ਵੇਚਣ ਵਾਲੇ ਕੈਮਿਸਟਾਂ/ਫਰਮਾਸਿਸਟਾਂ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਪੁਲਸ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਸਬੰਧੀ ਸਮੂਹ ਐਸ.ਐਸ.ਪੀਜ਼ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਫਾਰਮੇਸੀ ਐਕਟ, ਡਰੱਗ ਐਂਡ ਕਾਸਮੈਟਿਕ ਐਕਟ, ਨਾਰਕੋਟਿਕ ਡਰੱਗ ਐਕਟ ਅਤੇ ਇਸ ਕਿੱਤੇ ਵਿਚ ਲਾਗੂ ਹੋਣ ਵਾਲੇ ਹੋਰ ਨਿਯਮਾਂ ਦੀ ਉਲੰਘਣਾ ਕਰਕੇ ਨਸ਼ੀਲੇ ਪਦਾਰਥ ਵੇਚਣ ਵਾਲੇ ਕੈਮਿਸਟਾਂ/ਫਾਰਮਾਸਿਟਾਂ ਆਦਿ ਖਿਲਾਫ ਕਾਰਵਾਈ ਕੀਤੀ ਜਾਵੇ। ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਉਚੇਚੇ ਤੌਰ 'ਤੇ ਇਸ ਮੁਹਿੰਮ ਵਿਚ ਸਿੱਖਿਆ ਸੰਸਥਾਵਾਂ ਅਤੇ ਹੋਰ ਪੈਰਾ ਮੈਡੀਕਲ ਐਸੋਸੀਏਸ਼ਨਾਂ, ਐਨ.ਜੀ.ਓਜ਼ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਪੱਧਰ 'ਤੇ ਸੈਮੀਨਾਰ ਕਰਵਾ ਕੇ ਨੌਜਵਾਨਾਂ ਨੂੰ ਇਸ ਗੰਭੀਰ ਬਿਮਾਰੀ ਤੋਂ ਨਿਜਾਤ ਪਾਉਣ ਲਈ ਜਾਗਰੂਕ ਕਰਨ ਲਈ ਅਪੀਲ ਕੀਤੀ।
ਪਾਰਲੀਮੈਂਟ 'ਚ ਸਿੱਖ ਕਤਲੇਆਮ ਦਾ ਨਿੰਦਾ ਮਤਾ ਲਿਆਵਾਂਗੇ : ਚੰਦੂਮਾਜਰਾ
NEXT STORY