ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਅਤੇ ਉਪਦੇਸ਼ਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਆਪ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਇਸ ਸੰਸਾਰ 'ਤੇ ਆਏ। ਮੁਹੰਮਦ ਇਕਬਾਲ ਦੇ ਸ਼ਬਦ ''ਫਿਰ ਉੱਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖਵਾਬ ਸੇ” ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਸਬੰਧੀ ਵਿਸ਼ੇਸ਼ ਵਜ਼ਨ ਰੱਖਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਅਜਿਹੇ ਯੁੱਗ ਵਿਚ ਹੋਇਆ ਜਦੋਂ ਉੱਤਰ-ਪੱਛਮੀ ਭਾਰਤ ਤਕਰੀਬਨ ਤਿੰਨ ਸਦੀਆਂ ਤੋਂ ਇਸਲਾਮ ਦੇ ਪ੍ਰਭਾਵ ਅਧੀਨ ਸੀ। ਇਸਲਾਮੀ ਪ੍ਰਭਾਵ ਅਧੀਨ ਲੋਕ ਆਪਣੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਰਹੁ-ਰੀਤਾਂ ਦਾ ਤਿਆਗ ਕਰ ਚੁੱਕੇ ਸਨ। ਇਸ ਸਮਾਜਿਕ ਅਧੋਗਤੀ ਦਾ ਵਰਣਨ ਗੁਰੂ ਸਾਹਿਬ ਨੇ ਆਪਣੀ ਪਾਵਨ ਬਾਣੀ ਵਿਚ ਅਨੇਕ ਥਾਵਾਂ 'ਤੇ ਕੀਤਾ ਹੈ। ਆਪ ਜੀ ਨੇ ਜਦੋਂ ਹਿੰਦੁਸਤਾਨ ਦੇ ਲੋਕਾਂ ਦੀ ਦੁਰਦਸ਼ਾ ਨੂੰ ਦੇਖਿਆ ਤਾਂ ਇਸ ਬਾਬਤ ਕਿਹਾ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।
ਕੂੜੁ ਅਮਾਵਸੁ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ। (ਪੰਨਾ 145)
ਭਾਈ ਗੁਰਦਾਸ ਜੀ ਅਨੁਸਾਰ ਆਪ ਜੀ ਨੇ ਅਨਿਆਂ, ਜ਼ੁਲਮ ਆਦਿ ਹੇਠ ਦੱਬੀ ਹੋਈ ਲੋਕਾਈ ਨੂੰ ਅੰਤਰਧਿਆਨਤਾ ਨਾਲ ਦੇਖਿਆ :
''ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।”
ਇਸ ਤਰ੍ਹਾਂ ਜਦੋਂ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਦੁਰਦਸ਼ਾ ਹੁੰਦੀ ਦੇਖੀ ਤਾਂ ਆਪ ਦੀਨ ਦੁਨੀਆ ਦੇ ਉਦਾਰ ਲਈ ਦੇਸ਼-ਵਿਦੇਸ਼ ਦੀਆਂ ਸਾਰੀਆਂ ਦਿਸ਼ਾਵਾਂ ਵਿਚ ਗਏ, ਜਿਨ੍ਹਾਂ ਨੂੰ ਸਿੱਖ ਇਤਿਹਾਸ ਅੰਦਰ ਉਦਾਸੀਆਂ ਵਜੋਂ ਅੰਕਿਤ ਕੀਤਾ ਗਿਆ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ ਹਰ ਜਗ੍ਹਾ ਫੋਕੇ ਕਰਮ-ਕਾਂਡਾਂ, ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਤਰਕਸੰਗਤ ਖੰਡਨ ਕੀਤਾ ਅਤੇ ਲੋਕਾਂ ਨੂੰ ਇਕੋ ਪਰਮਾਤਮਾ ਦੇ ਲੜ ਲੱਗਣ ਲਈ ਪ੍ਰੇਰਿਆ। ਆਪ ਜੀ ਨੇ ਲੋਕਾਂ ਨੂੰ ਧਾਰਮਿਕ ਅਤੇ ਸਮਾਜਿਕ ਚੇਤਨਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜਰਵਾਣਿਆਂ ਦੇ ਜ਼ੁਲਮਾਂ ਵਿਰੁੱਧ ਵੀ ਜਾਗਰੂਕ ਕੀਤਾ। ਇਥੋਂ ਤੱਕ ਕਿ ਹਮਲਾਵਰ ਬਾਬਰ ਨੂੰ ਵੀ ਉਸ ਦੇ ਮੂੰਹ 'ਤੇ ਖਰੀਆਂ-ਖਰੀਆਂ ਸੁਣਾਈਆਂ।
ਉਸ ਸਮੇਂ ਭਾਰਤੀ ਸਮਾਜ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਜਨ ਸਧਾਰਨ ਲੋਕ ਸਾਹਸਹੀਣ, ਨਿਰਾਸ਼ਾਵਾਦੀ ਤੇ ਕਾਇਰ ਬਣ ਚੁੱਕੇ ਸਨ। ਆਤਮਵਿਸ਼ਵਾਸ, ਸ੍ਵੈਮਾਣ ਛੱਡ ਚੁੱਕੇ ਸਨ। ਜ਼ਬਰਦਸਤੀ ਧਰਮ ਪਰਿਵਰਤਨ, ਗਊਆਂ ਦਾ ਕਤਲ ਅਤੇ ਮੰਦਿਰ ਤੋੜ ਕੇ ਮਸੀਤਾਂ ਉਸਾਰੀਆਂ ਜਾ ਰਹੀਆਂ ਸਨ। ਭਾਈ ਗੁਰਦਾਸ ਜੀ ਲਿਖਦੇ ਹਨ :
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤਿ ਉਸਾਰਾ।
ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਵੀ ਬੜੀ ਮਾੜੀ ਸੀ। ਇਸਤਰੀ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ 'ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕਰ ਦਿੱਤਾ। ਇਸਤਰੀ ਦੇ ਮਾਣ-ਸਤਿਕਾਰ ਅਤੇ ਵਡਿਆਈ ਦੇ ਹੱਕ ਵਿਚ ਬੁਲੰਦ ਕੀਤੀ ਆਵਾਜ਼ ਆਪ ਜੀ ਦੀ ਬਾਣੀ ਵਿਚੋਂ ਨਿਹਾਰੀ ਜਾ ਸਕਦੀ ਹੈ। ਆਪ ਜੀ ਦਾ ਫੁਰਮਾਨ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। (ਪੰਨਾ 473)
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ। ਇਹ ਨਹੀਂ ਕਿ ਗੁਰੂ ਜੀ ਨੇ ਸਮਾਜ ਦੇ ਲੋਕਾਂ ਨੂੰ ਹੀ ਉਪਦੇਸ਼ ਕੀਤਾ ਸਗੋਂ ਇਸ 'ਤੇ ਆਪ ਵੀ ਅਮਲੀ ਰੂਪ ਵਿਚ ਪਹਿਰਾ ਦਿੱਤਾ। ਆਪ ਜੀ ਦਾ ਕਥਨ ਹੈ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। (ਪੰਨਾ 15)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕਰਕੇ ਮੂਲ-ਮੰਤਰ ਵਿਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਅਤੇ ਉਸ ਦੀ ਪ੍ਰਾਪਤੀ ਦਾ ਮਾਰਗ ਵੀ ਦੱਸਿਆ। ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਨੇ ਸਚਿਆਰ ਮਨੁੱਖ ਦੀ ਅਵਸਥਾ ਬਿਆਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨਾਮ ਸਿਮਰਨ ਦੁਆਰਾ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਮਨ ਜਾਗਰਿਤ ਹੋ ਜਾਂਦਾ ਹੈ। ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਆਪਣੇ ਮਨ ਨੂੰ ਟਿਕਾਈ ਰੱਖਦੇ ਹਨ, ਉਹ ਉਸੇ ਵਿਚ ਅਭੇਦ ਹੋ ਜਾਂਦੇ ਹਨ ਅਤੇ ਨਾਮ ਮਾਰਗ ਉਪਰ ਚੱਲ ਕੇ ਸਰਬੱਤ ਦੇ ਭਲੇ ਵਾਲਾ ਜੀਵਨ ਬਤੀਤ ਕਰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ :
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ। (ਪੰਨਾ 8)
ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਪਵਿੱਤਰ ਕਮਾਈ ਉਹੀ ਹੈ, ਜਿਹੜੀ ਦਿਆਨਤਦਾਰੀ ਤੇ ਈਮਾਨਦਾਰੀ ਨਾਲ ਕੀਤੀ ਗਈ ਹੋਵੇ। ਝੂਠ ਬੋਲ ਕੇ ਅਤੇ ਠੱਗੀ ਮਾਰ ਕੇ ਕੀਤੀ ਕਮਾਈ ਹੱਕ-ਸੱਚ ਦੀ ਕਮਾਈ ਨਹੀਂ ਕਹੀ ਜਾ ਸਕਦੀ। ਰਿਸ਼ਵਤ ਲੈ ਕੇ ਜਾਂ ਭ੍ਰਿਸ਼ਟ ਤਰੀਕੇ ਨਾਲ ਕੀਤੀ ਕਮਾਈ ਲੋਕਾਂ ਦਾ ਖੂਨ ਚੂਸਣ ਦੇ ਬਰਾਬਰ ਹੈ। ਇਥੇ ਹੀ ਬਸ ਨਹੀਂ ਹੱਕ-ਸੱਚ ਦੀ ਕੀਤੀ ਕਮਾਈ ਨੂੰ ਵੰਡ ਛਕਣ ਦਾ ਉਪਦੇਸ਼ ਵੀ ਗੁਰੂ ਜੀ ਦਾ ਵਿਲੱਖਣ ਸਿਧਾਂਤ ਹੈ :
ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ। (ਪੰਨਾ 1245)
ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿਚੋਂ 'ਸਰਬੱਤ ਦੇ ਭਲੇ' ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ-ਦਰਸ਼ਨ ਕਰਕੇ, ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਉਨ੍ਹਾਂ ਇਸ ਮੰਤਵ ਦੀ ਪੂਰਤੀ ਲਈ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀ ਸੇਧ ਦੇਣ ਵਾਲੇ ਹਨ। ਆਓ! ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਦੇ ਸ਼ੁੱਭ-ਅਵਸਰ 'ਤੇ ਉਨ੍ਹਾਂ ਵਲੋਂ ਦਰਸਾਈ ਗੁਰਮਤਿ ਜੀਵਨ-ਜੁਗਤ ਨੂੰ ਅਪਣਾ ਕੇ ਆਦਰਸ਼ਕ ਮਨੁੱਖ ਬਣਨ ਵੱਲ ਸੇਧਤ ਹੋਈਏ।
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY