ਪੰਜਾਬ 'ਚ ਰਾਜਨੀਤੀ ਨੂੰ ਧੰਦਾ ਬਣਾਉਣ ਵਾਲਿਆਂ ਖਿਲਾਫ ਲੋਕ ਅੱਗੇ ਆਉਣ : ਨਵਜੋਤ ਸਿੱਧੂ
ਲੁਧਿਆਣਾ, (ਮੁੱਲਾਂਪੁਰੀ)-ਭਾਜਪਾ ਦੇ ਤੇਜ਼-ਤਰਾਰ ਨੇਤਾ ਤੇ ਸਾਬਕਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਨੇ ਅੱਜ ਲੰਬੀ ਚੁੱਪ ਤੋੜਦਿਆਂ ਭਗਵਾਨ ਸ਼੍ਰੀ ਜਗਨ ਨਾਥ ਦੀ ਯਾਤਰਾ ਮੌਕੇ ਪੰਜਾਬ ਵਿਚ ਰਾਜ ਕਰਦੀ ਸੱਤਾਧਾਰੀ ਪਾਰਟੀ ਦਾ ਨਾਂ ਲਏ ਬਿਨਾਂ ਜੋ ਰਾਜਸੀ ਬਾਣ ਚਲਾ ਕੇ ਜੋ ਤਰੱਥਲੀ ਮਚਾਈ, ਉਸ ਨੂੰ ਦੇਖ ਕੇ ਹਰ ਧਰਮ ਭਗਤ ਅਤੇ ਰਾਜਨੀਤੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਨਵਜੋਤ ਦੇ ਸ਼ਬਦ ਸੁਣ ਕੇ ਸਟੇਜ 'ਤੇ ਬੈਠੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੇਤਾਵਾਂ ਦੇ ਕੰਨ ਖੜ੍ਹੇ ਹੋ ਗਏ।
ਅੱਜ ਵੇਲਾ ਸੀ ਸ਼੍ਰੀ ਭਗਵਾਨ ਜਗਨ ਨਾਥ ਯਾਤਰਾ ਦੀ ਸ਼ੁਰੂਆਤ ਦਾ, ਇਸ ਮੌਕੇ ਮੰਚ 'ਤੇ ਪਹੁੰਚੇ ਸ. ਸਿੱਧੂ ਦੇ ਨਾਂ ਦਾ ਐਲਾਨ ਕੀਤਾ ਤਾਂ ਹਰ ਪਾਸੇ ਤਾੜੀਆਂ ਦੀ ਗੂੰਜ ਅਤੇ ਜੈਕਾਰੇ ਲੱਗਣ ਲੱਗ ਪਏ।
ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਿੱਧੂ ਨੇ ਜਿਥੇ ਭਗਵਾਨ ਸ਼੍ਰੀ ਜਗਨ ਨਾਥ ਦੇ ਸਬੰਧ 'ਚ ਚੰਦ ਸ਼ਬਦ ਬੋਲਣ ਉਪਰੰਤ ਸ਼ਾਇਰੋ-ਸ਼ਾਇਰੀ, ਦੇਸ਼ ਭਗਤੀ ਤੇ ਧਾਰਮਿਕ ਗੱਲਾਂ-ਬਾਤਾਂ ਰਾਹੀਂ ਮੌਜੂਦਾ ਪੰਜਾਬ ਦੇ ਹਾਲਾਤ 'ਤੇ ਚੋਟ ਕਰਦਿਆਂ ਉਨ੍ਹਾਂ ਬਿਨਾਂ ਨਾਂ ਲੈਂਦਿਆਂ ਕਿਹਾ ਕਿ ਪੰਜਾਬ ਦੀ ਰਾਜਨੀਤੀ 'ਚ ਅੱਜ ਕਲ ਰਾਜਨੀਤੀ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਇੱਕਮੁੱਠ ਹੋ ਕੇ ਵੱਡਾ ਹੰਭਲਾ ਮਾਰਨ ਦਾ ਮੌਕਾ ਹੈ, ਇਸ ਲਈ ਲੋਕ ਅੱਗੇ ਆਉਣ। ਉਨ੍ਹਾਂ ਆਪਣੇ ਟੋਟਕਿਆਂ ਅਤੇ ਸ਼ੇਅਰੋ-ਸ਼ਾਇਰੀ 'ਚ ਗਠਜੋੜ ਸਰਕਾਰ ਦੀ ਖੂਬ ਮੰਜੀ ਠੋਕੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ 'ਚ ਰਾਜ ਕਰਦੇ ਨੇਤਾ 10 ਪ੍ਰਤੀਸ਼ਤ ਸੇਵਾ ਅਤੇ 90 ਫੀਸਦੀ ਮੇਵਾ ਖਾ ਰਹੇ ਹਨ।
ਸ਼੍ਰੀ ਸਿੱਧੂ ਦੇ ਬੇਬਾਕ ਸ਼ਬਦਾਂ ਤੇ ਜੋਸ਼ੀਲੇ ਭਾਸ਼ਣ ਨੂੰ ਲੋਕਾਂ ਨੇ ਸਾਹ ਰੋਕ ਕੇ ਸੁਣਿਆ। ਸ਼੍ਰੀ ਸਿੱਧੂ ਨੇ ਅੱਜ ਆਪਣੇ ਭਾਸ਼ਣ 'ਚ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਇਕ ਜੱਟ ਸਿੱਖ ਦੀ ਲੋੜ ਸੀ, ਉਸ ਲਈ ਉਹ ਮੈਦਾਨ 'ਚ ਹੁਣ ਉਤਰ ਆਇਆ ਹੈ।
ਸ. ਸਿੱਧੂ ਨੇ ਜਿਥੇ ਗੀਤਾ ਤੇ ਰਾਮਾਇਣ 'ਚੋਂ ਸ਼ਬਦਾਂ ਦੇ ਬਾਣਾਂ ਰਾਹੀਂ ਪੰਜਾਬ ਦੇ ਸੱਤਾਧਾਰੀਆਂ 'ਤੇ ਧਾਵਾ ਬੋਲਿਆ, ਉਥੇ ਇਹ ਵੀ ਆਖਿਆ ਗਿਆ ਕਿ ਉਨ੍ਹਾਂ ਦੀ ਜਾਨ ਨੂੰ ਖਤਰੇ ਦੀ ਗੱਲ ਕਹੀ ਜਾ ਰਹੀ ਹੈ ਪਰ ਉਹ ਬੁਜ਼ਦਿਲਾਂ ਤੇ ਕਾਇਰਾਂ ਵਾਂਗ ਹਰ ਰੋਜ਼ ਮਰਨ ਦੀ ਬਜਾਏ ਇਕ ਦਿਨ ਸ਼ਰੇਆਮ ਮਰਨਗੇ। ਜਦੋਂ ਸਿੱਧੂ ਇਹ ਬਿਆਨਬਾਜ਼ੀ ਕਰ ਰਹੇ ਸਨ, ਉਸ ਵੇਲੇ ਸਟੇਜ 'ਤੇ ਸੱਤਾਧਾਰੀ ਨੇਤਾ ਵੀ ਮੌਜੂਦ ਸਨ ਪਰ ਉਨ੍ਹਾਂ ਨੇ ਸਿੱਧੂ ਦਾ ਭਾਸ਼ਣ ਸੁਣਿਆ ਤੇ ਬਿਨਾਂ ਕੁਝ ਬੋਲੇ ਚਲੇ ਗਏ। ਇਕ ਨੇਤਾ ਨੇ ਕਿਹਾ ਕਿ ਸਿੱਧੂ ਜੋ ਅੱਜ ਪੰਜਾਬ ਦਾ ਹੀਰੋ ਬਣ ਕੇ ਲੋਕਾਂ ਦੇ ਦਿਲਾਂ 'ਤੇ ਛਾਇਆ ਹੋਇਆ ਹੈ, ਇਸ ਵਿਚ ਕੋਈ ਹੋਰ ਨਹੀਂ ਸਾਡੇ ਹੀ ਨੇਤਾ ਦੋਸ਼ੀ ਹਨ।
ਸ. ਸਿੱਧੂ ਦੀ ਅੱਜ ਦੀ ਫੇਰੀ ਨੂੰ ਲੈ ਕੇ ਸਖਤ ਬੰਦੋਬਸਤ ਕੀਤੇ ਹੋਏ ਸਨ। ਸਟੇਜ 'ਤੇ ਭਗਵਾਨ ਸ਼੍ਰੀ ਜਗਨ ਨਾਥ ਜੀ ਦੇ ਪੈਰੋਕਾਰਾਂ ਨੇ ਸ. ਸਿੱਧੂ ਤੇ ਐੱਮ. ਪੀ. ਰਵਨੀਤ ਸਿੰਘ ਬਿੱਟੂ, ਵਿਧਾਇਕ ਸੁਰਿੰਦਰ ਡਾਬਰ, ਰਾਕੇਸ਼ ਪਾਂਡੇ, ਭਾਰਤ ਭੂਸ਼ਨ ਆਸ਼ੂ, ਪਵਨ ਚੌਧਰੀ ਮਦਨ ਲਾਲ ਬੱਗਾ, ਰਾਜ ਮੰਤਰੀ ਵਿਜੇ ਦਾਨਵ, ਚੇਅਰਮੈਨ ਰਜਿੰਦਰ ਬਸੰਤ, ਪ੍ਰਵੀਨ ਬਾਂਸਲ, ਭੁਪਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਗੋਸ਼ਾ, ਕੁਲਵੰਤ ਸਿੰਘ ਸਿੱਧੂ, ਤਨਵੀਰ ਧਾਲੀਵਾਲ ਤੋਂ ਇਲਾਵਾ ਹੋਰ ਆਗੂ ਸ਼ਾਮਲ ਸਨ।
ਕੀ ਸਿੱਧੂ ਨੂੰ ਬੋਲਣ ਦੀ ਚਾਬੀ ਭਾਜਪਾ ਦਿੱਲੀਓਂ ਭਰਦੀ ਹੈ!
NEXT STORY