ਸ਼ਹਾਦਤ 24 ਨਵੰਬਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਮੂਲ ਪ੍ਰਕਿਰਤੀ ਵੈਰਾਗਮਈ ਹੈ, ਜੋ ਸੰਸਾਰ ਤੇ ਸੰਸਾਰਿਕ ਰਿਸ਼ਤਿਆਂ ਨੂੰ ਨਾਸ਼ਵਾਨ ਮੰਨ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਸਿੱਖਿਆ ਦਿੰਦੀ ਹੈ ਪਰੰਤੂ ''ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ' ਉਨ੍ਹਾਂ ਦਾ ਜੀਵਨ ਸਿਧਾਂਤ ਹੈ। ਦੂਜੇ ਪਾਸੇ ਸਮਕਾਲੀ ਮੁਗਲ ਸਾਮਰਾਜ ਦੀ ਸਾਰੀ ਇਮਾਰਤ ਘੋਰ ਅੱਤਿਆਚਾਰ ਦੀ ਨੀਂਹ ਉੱਪਰ ਉਸਰੀ ਹੋਈ ਸੀ। ਇਸ ਤਰ੍ਹਾਂ ਦੋ ਵਿਰੋਧੀ ਧਾਰਨਾਵਾਂ ਸਮਾਨਅੰਤਰ ਚੱਲ ਰਹੀਆਂ ਸਨ। ਵਿਰੋਧ ਤਾਂ ਸੁਭਾਵਿਕ ਸੀ। ਆਓ! ਇਸ ਤੱਥ ਨੂੰ ਇਤਿਹਾਸਕ ਪ੍ਰਸੰਗ 'ਚ ਵਾਚਣ ਦਾ ਯਤਨ ਕਰੀਏ। ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਗੱਦੀ ਗ੍ਰਹਿਣ ਕੀਤੀ ਤਾਂ ਉਸ ਵੇਲੇ ਔਰੰਗਜ਼ੇਬ ਭਾਰਤ ਦਾ ਸਮਰਾਟ ਸੀ। ਉਹ ਪੱਥਰ ਮਨ ਸੁੰਨੀ ਮੁਸਲਮਾਨ ਸੀ। ਰਾਜ ਹਥਿਆਉਣ ਤੇ ਬਚਾਉਣ ਲਈ ਉਸ ਨੇ ਆਪਣੇ ਪਿਓ ਤੇ ਭਰਾਵਾਂ 'ਤੇ ਵੀ ਜ਼ੁਲਮ ਕਰਨੋਂ ਸੰਕੋਚ ਨਾ ਕੀਤਾ। ਉਸ ਦੇ ਮਨ 'ਚ ਇਸਲਾਮ ਦੀ ਖਿਦਮਤ ਦਾ ਜਜ਼ਬਾ ਜਨੂੰਨ ਦੀ ਹੱਦ ਤੱਕ ਪਹੁੰਚ ਗਿਆ ਸੀ। ਹਿੰਦੂਆਂ 'ਤੇ ਹੀ ਨਹੀਂ ਉਸ ਨੇ ਤਾਂ ਸ਼ੀਆ ਮੁਸਲਮਾਨਾਂ ਤੇ ਸੂਫੀ ਫਕੀਰਾਂ 'ਤੇ ਵੀ ਅੱਤਿਆਚਾਰ ਕੀਤੇ। ਉਹ ਲਲਿਤ ਕਲਾਵਾਂ ਦਾ ਦੁਸ਼ਮਣ ਸੀ ਅਤੇ ਸੰਗੀਤ ਦਾ ਤਾਂ ਉਸ ਨੇ ਗਲ ਹੀ ਘੁੱਟ ਦਿੱਤਾ। ਜਦ ਔਰੰਗਜ਼ੇਬ ਹਰ ਪਾਸੇ ਬਦਨਾਮ ਹੋ ਗਿਆ ਤਾਂ ਉਸ ਨੇ ਮੁਸਲਮਾਨਾਂ ਨੂੰ ਖੁਸ਼ ਰੱਖਣ ਲਈ ਕਈ ਉਪਾਅ ਸੋਚੇ ਅਤੇ ਮੌਲਵੀਆਂ ਤੋਂ ਸਲਾਹ ਲੈ ਕੇ ਹਿੰਦੂਆਂ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਮਜਬੂਰ ਕਰਨ ਲੱਗਾ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਔਰੰਗਜ਼ੇਬ ਦੀ ਇਸ ਨੀਤੀ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ :
ਹਿੰਦੋ ਹਿੰਦੂ ਨਿਰਬੀਜ ਹੋ ਕਰਨੇ। ਸਾਹਿ ਨੌਰੰਗੇ ਜੋ ਲਿਖ ਬਰਨੇ।
ਤੁਰਕ ਪ੍ਰਥਮ ਹੋ ਬ੍ਰਾਹਮਣ ਕਰਨੇ। ਔਰ ਹਿੰਦੂ ਕੋ ਪਾਛੇ ਫਰਨੇ।
ਇਸ ਤਰ੍ਹਾਂ ਹਿੰਦੂਆਂ ਉੱਪਰ ਔਰੰਗਜ਼ੇਬ ਦੇ ਜ਼ੁਲਮ ਦਾ ਕੁਹਾੜਾ ਤੇਜ਼ ਹੋ ਗਿਆ। ਹਿੰਦੂਆਂ 'ਤੇ ਜਜ਼ੀਆ ਤੇ ਯਾਤਰਾ ਟੈਕਸ ਲਗਾਇਆ ਗਿਆ ਹਿੰਦੂਆਂ ਦੇ ਮੰਦਰ ਢਾਹ ਦਿੱਤੇ ਗਏ। ਕੁਝ ਹਿੰਦੂ ਡਰ ਜਾਂ ਲਾਲਚ 'ਚ ਆ ਕੇ ਮੁਸਲਮਾਨ ਬਣ ਗਏ। ਧਰਮ-ਪਰਿਵਰਤਨ ਦਾ ਮੁੱਖ ਕੇਂਦਰ ਕਸ਼ਮੀਰ ਸੀ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਸਵਾ ਮਣ ਜੰਜੂ ਲਾਹ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਕਸ਼ਮੀਰ ਹਿੰਦੂ ਧਰਮ ਦੀ ਕਤਲਗਾਹ ਬਣ ਗਿਆ।
ਸ਼ਹੀਦੀ ਯਾਤਰਾ
ਜਦ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਕਿਸੇ ਤਰ੍ਹਾਂ ਵੀ ਬਚਾਅ ਦੀ ਆਸ ਉਮੀਦ ਨਾ ਰਹੀ ਤਾਂ ਉਹ ਕ੍ਰਿਪਾ ਰਾਮ ਦੀ ਅਗਵਾਈ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ 'ਚ ਹਾਜ਼ਰ ਹੋਏ, ਆਪਣੇ ਦੁੱਖ-ਦਰਦ ਦੀ ਵਿੱਥਿਆ ਸੁਣਾਈ ਅਤੇ ਸੁਰੱਖਿਆ ਲਈ ਅਰਜ਼ੋਈ ਕੀਤੀ। ਉਨ੍ਹਾਂ ਦੀ ਫਰਿਆਦ ਸੁਣ ਕੇ ਗੁਰੂ ਜੀ ਸੋਚਣ ਲੱਗੇ ਕਿ ਇਨ੍ਹਾਂ ਦੇ ਬਚਾਅ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਜਦ ਇਸ ਗੱਲ ਦਾ ਪਤਾ 9 ਵਰ੍ਹਿਆਂ ਦੇ ਬਾਲ ਗੋਬਿੰਦ ਰਾਇ ਜੀ ਨੂੰ ਲੱਗਾ ਤਾਂ ਉਹ ਬੜੇ ਸਵੈ-ਵਿਸ਼ਵਾਸ ਤੇ ਨਿਡਰਤਾ ਨਾਲ ਕਹਿਣ ਲੱਗੇ, ''ਆਪ ਜੀ ਨਾਲੋਂ ਵੱਡਾ ਪੁਰਸ਼ ਕੌਣ ਹੋ ਸਕਦਾ ਹੈ, ਤੁਸੀਂ ਹੀ ਹਿੰਦੂ ਧਰਮ ਨੂੰ ਬਚਾਓ!'' ਇਹ ਸੁਣ ਕੇ ਗੁਰੂ ਜੀ ਨੂੰ ਯਕੀਨ ਹੋ ਗਿਆ ਕਿ ਬਾਲ ਗੋਬਿੰਦ ਜੀ ਗੁਰਗੱਦੀ ਸੰਭਾਲਣ ਦੇ ਯੋਗ ਹਨ। ਉਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਦਿਲਾਸਾ ਦੇ ਕੇ ਆਖਿਆ ਕਿ ਜਾ ਕੇ ਬਾਦਸ਼ਾਹ ਨੂੰ ਇਹ ਕਹਿ ਦੇਣ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਉਹ ਸਾਰੇ ਮੁਸਲਮਾਨ ਬਣ ਜਾਣਗੇ। ਇਹ ਸੰਦੇਸ਼ ਲੈ ਕੇ ਕਸ਼ਮੀਰੀ ਪੰਡਤ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਪਾਸ ਪਹੁੰਚੇ ਤੇ ਕੁਝ ਸਮੇਂ ਲਈ ਬਾਦਸ਼ਾਹ ਦੇ ਜ਼ੁਲਮ ਤੋਂ ਛੁਟਕਾਰਾ ਪਾਇਆ। ਗੁਰੂ ਸਾਹਿਬ ਨੂੰ ਦਿੱਲੀ ਤੋਂ ਬੁਲਾਵਾ ਆਇਆ ਤਾਂ ਉਹ ਗੁਰਗੱਦੀ ਗੋਬਿੰਦ ਰਾਇ ਜੀ ਨੂੰ ਸੰਭਾਲ ਕੇ ਆਪ ਦੀਵਾਨ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਤੇ ਭਾਈ ਜੈਤਾ ਜੀ ਨੂੰ ਨਾਲ ਲੈ ਕੇ ਜਥੇ ਦੇ ਰੂਪ 'ਚ ਆਨੰਦਪੁਰ ਤੋਂ ਰਵਾਨਾ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ੇਸਿੱਖਾਂ ਸਮੇਤ ਸਿੱਧਾ ਦਿੱਲੀ ਜਾਣ ਦੀ ਥਾਂ ਰਸਤੇ 'ਚ ਸ਼ੋਕਗ੍ਰਸਤ ਸਿੱਖ ਸੰਗਤਾਂ ਤੇ ਹੋਰ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ, ਧੀਰਜ ਬੰਨ੍ਹਾਉਂਦੇ ਹੋਏ ਜਾ ਰਹੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਦਿੱਲੀ ਪਹੁੰਚਣ 'ਚ ਕੁਝ ਸਮਾਂ ਲੱਗ ਗਿਆ। ਔਰੰਗਜ਼ੇਬ ਨੂੰ ਸ਼ੱਕ ਹੋ ਗਿਆ ਕਿ ਗੁਰੂ ਜੀ ਕਿਧਰੇ ਫਰਾਰ ਨਾ ਹੋ ਜਾਣ। ਬਾਦਸ਼ਾਹ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸਾਥੀ ਸਿੰਘਾਂ ਨੂੰ ਆਗਰੇ ਨੇੜੇ ਹੀ ਬੰਦੀ ਬਣਾ ਲਿਆ ਗਿਆ।
ਮਹਾਨ ਸ਼ਖਸੀਅਤ
ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਬਹੁਤ ਪ੍ਰੇਰਿਆ, ਦਲੀਲਬਾਜ਼ੀ ਕੀਤੀ ਪਰ ਨਾਕਾਮ ਰਿਹਾ। ਫਿਰ ਕੋਈ ਕਰਾਮਾਤ ਵਿਖਾਉਣ ਲਈ ਆਖਿਆ ਪਰ ਗੁਰੂ ਜੀ ਨੇ ਅਜਿਹਾ ਨਾ ਕੀਤਾ। ਆਪਣੀ ਇਸ ਅਸਫਲਤਾ ਤੋਂ ਬਾਅਦ ਗੁਰੂ ਜੀ ਤੇ ਸਾਥੀ ਸਿੱਖਾਂ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਗੁਰੂ ਜੀ ਨੂੰ ਤੰਗ ਪਿੰਜਰੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ। ਉਸ ਦੇ ਨਾਲ ਆਏ ਸਿੱਖਾਂ 'ਚੋਂ ਭਾਈ ਦਿਆਲਾ ਜੀ ਨੂੰ ਜਿਊਂਦਿਆਂ ਦੇਗ 'ਚ ਉਬਾਲਿਆ ਗਿਆ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਤੇ ਬਾਕੀ ਸਿੱਖਾਂ ਨੂੰ ਵੀ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਅੰਤ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ਼ਾਹੀ ਹੁਕਮ ਨਾਲ ਜਲਾਲਦੀਨ ਨਾਂ ਦੇ ਜਲਾਦ ਨੇ ਧੜ ਨਾਲੋਂ ਵੱਖ ਕਰ ਦਿੱਤਾ। ਦਿੱਲੀ 'ਚ ਜਿਸ ਥਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ ਚਾਂਦਨੀ ਚੌਕ 'ਚ ਗੁਰਦੁਆਰਾ 'ਸੀਸ ਗੰਜ' ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਿਸ ਦਿਨ ਜਿਸ ਵੇਲੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ 'ਚ ਜ਼ੋਰਦਾਰ ਹਨੇਰੀ ਆਈ ਅਤੇ ਸਾਰਾ ਅਸਮਾਨ ਖੂਨ ਵਰਗਾ ਲਾਲ ਹੋ ਗਿਆ। ਗੁਰੂ ਜੀ ਦਾ ਇਕ ਸ਼ਰਧਾਲੂ ਸਿੱਖ ਭਾਈ ਜੈਤਾ ਬੜੀ ਸਿਆਣਪ ਨਾਲ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਸਾਹਿਬ ਪਹੁੰਚ ਗਿਆ। ਭਾਈ ਜੈਤਾ ਰੰਗਰੇਟਾ ਸਿੱਖ ਸੀ। ਦਸਮੇਸ਼ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਛਾਤੀ ਨਾਲ ਲਾ ਲਿਆ ਅਤੇ ਆਖਿਆ 'ਰੰਗਰੇਟਾ ਗੁਰੂ ਕਾ ਬੇਟਾ!'' ਗੁਰੂ ਜੀ ਤੇ ਸਿੱਖ ਸੰਗਤਾਂ ਵਲੋਂ ਸ਼ਰਧਾ ਤੇ ਸਤਿਕਾਰ ਨਾਲ 'ਸੀਸ' ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹੁਣ ਇਸ ਥਾਂ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ। ਇਕ ਸ਼ਰਧਾਲੂ ਸਿੱਖ, ਲੱਖੀ ਸ਼ਾਹ ਲੁਬਾਣਾ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਪਹਿਰੇਦਾਰਾਂ ਦੀ ਨਜ਼ਰ ਤੋਂ ਬਚ ਕੇ ਗੁਰੂ ਜੀ ਦੇ ਧੜ ਨੂੰ ਕੱਪੜੇ 'ਚ ਲਪੇਟ ਕੇ ਆਪਣੇ ਘਰ ਲੈ ਆਇਆ ਅਤੇ ਬੜੇ ਅਦਬ ਨਾਲ ਪਲੰਘ ਉੱਪਰ ਪਾ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ। ਦੂਜੇ ਦਿਨ ਅਸਥੀਆਂ ਇਕੱਤਰ ਕਰ ਕੇ ਇਕ ਗਾਗਰ ਵਿਚ ਪਾ ਲਈਆਂ ਅਤੇ ਗਾਗਰ ਧਰਤੀ 'ਚ ਦਫਨਾ ਦਿੱਤੀ। ਦਿੱਲੀ 'ਚ ਇਸ ਥਾਂ 'ਤੇ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਹੈ।
- ਡਾ. ਹਰਨੇਕ ਸਿੰਘ ਕੋਮਲ