ਜਲੰਧਰ, (ਧਵਨ)- ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਉਦਯੋਗਾਂ ਤੇ ਕਿਸਾਨਾਂ ਦਾ ਲੱਕ ਤੋੜਨ 'ਤੇ ਤੁਲੀ ਹੋਈ ਹੈ। ਉਨ੍ਹਾਂ ਨੇ ਪੰਜਾਬ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਅਧਿਕਾਰੀਆਂ ਤੇ ਮੈਂਬਰਾਂ ਵਲੋਂ ਡੀਜ਼ਲ ਦੀ ਖਰੀਦ ਨਾ ਕਰਨ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਹੜਤਾਲ ਨਾਲ ਕਿਸਾਨੀ ਤੇ ਇੰਡਸਟਰੀ ਦੋਵੇਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਡੀਜ਼ਲ ਦੀ ਕੀਮਤ 'ਚ ਮੰਦੀ ਦਾ ਦੌਰ ਵਿਸ਼ਵ ਵਿਆਪੀ ਹੈ ਪਰ ਪੰਜਾਬ ਸਰਕਾਰ 'ਤੇ ਹਾਵੀ ਅਕਾਲੀ ਨੇਤਾ ਖਪਤਕਾਰਾਂ ਨੂੰ ਰਾਹਤ ਦੇਣ ਲਈ ਤਿਆਰ ਨਹੀਂ ਹਨ।
ਜਾਖੜ ਨੇ ਕਿਹਾ ਕਿ ਸੀਮਾਵਰਤੀ ਖੇਤਰਾਂ 'ਚ ਡੀਜ਼ਲ ਦੀ ਖਪਤ ਜ਼ਿਆਦਾ ਮਾਤਰਾ 'ਚ ਹੁੰਦੀ ਹੈ। ਇਨ੍ਹਾਂ ਖੇਤਰਾਂ ਦੇ ਵਿਕਾਸ ਦੇ ਝੂਠੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਨੇ ਹੁਣ ਡੀਜ਼ਲ 'ਤੇ ਦੋ ਵਾਰ ਵੈਟ ਦਰਾਂ ਵਧਾ ਕੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਬਾਰਡਰ ਦੇ ਨਾਲ ਲੱਗਦੇ 500 ਪੈਟਰੋਲ ਪੰਪ ਇਸ ਵੈਟ ਵਾਧੇ ਕਾਰਨ ਬੰਦ ਹੋਣ ਦੇ ਕੰਢੇ ਪਹੁੰਚ ਗਏ ਹਨ। ਇਨ੍ਹਾਂ ਖੇਤਰਾਂ 'ਚ ਸਥਾਨਕ ਪੈਟਰੋਲ ਪੰਪਾਂ ਦੇ ਸੰਚਾਲਕਾਂ 'ਤੇ ਵੀ ਸਰਕਾਰ ਦੇ ਫੈਸਲੇ ਦਾ ਸੇਕ ਮਹਿਸੂਸ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਬਿਨਾਂ ਦੇਰੀ ਵੈਟ ਵਾਧਾ ਵਾਪਸ ਲੈਣ ਦਾ ਹੁਕਮ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੀ ਕਥਨੀ ਤੇ ਕਰਨੀ ਦੋਵਾਂ 'ਚ ਭਾਰੀ ਫਰਕ ਹੈ। ਸਰਕਾਰ ਨੇ ਬੱਸਾਂ ਦੇ ਕਿਰਾਏ ਉਸ ਸਮੇਂ ਵਧਾ ਦਿੱਤੇ ਸਨ ਜਦੋਂ ਕੱਚੇ ਤੇਲ ਦੇ ਭਾਅ ਉਚੇ ਹੋਣ ਕਾਰਨ ਪੈਟਰੋਲ ਤੇ ਡੀਜ਼ਲ ਦੇ ਭਾਅ ਵਧ ਗਏ ਸਨ। ਹੁਣ ਸਰਕਾਰ ਡੀਜ਼ਲ ਦੇ ਰੇਟ ਘੱਟ ਹੋਣ 'ਤੇ ਕਿਰਾਇਆ ਘਟਾਉਣ ਲਈ ਤਿਆਰ ਨਹੀਂ ਹੈ। ਸਰਕਾਰ ਦੇ ਕੰਟਰੋਲ 'ਚ ਚੱਲਣ ਵਾਲੀਆਂ ਟਰਾਂਸਪੋਰਟ ਨਿਗਮਾਂ ਨੇ ਵੀ ਬੱਸਾਂ ਦੇ ਕਿਰਾਇਆਂ 'ਚ ਕੋਈ ਰਾਹਤ ਖਪਤਕਾਰਾਂ ਨੂੰ ਨਹੀਂ ਦਿੱਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਰਵੱਈਆ ਲੋਕ ਵਿਰੋਧੀ ਹੈ । ਕਾਂਗਰਸ ਇਸ 'ਤੇ ਆਪਣਾ ਰੋਸ ਵਿਧਾਨ ਸਭਾ 'ਚ ਪ੍ਰਗਟ ਕਰੇਗੀ।
ਅੰਮ੍ਰਿਤਸਰ ਮੱਥਾ ਟੇਕਣ ਗਈ ਜਲੰਧਰ ਦੀ ਔਰਤ ਨਾਲ ਸਮੂਹਕ ਬਲਾਤਕਾਰ (ਵੀਡੀਓ)
NEXT STORY