ਪਟਿਆਲਾ, (ਜੋਸਨ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਆਖਿਆ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਵਿੱਦਿਅਕ ਅਦਾਰਿਆਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ, ਜਿਸਨੂੰ ਬਚਾਉਣ ਲਈ ਅੱਜ ਸਮੁੱਚੀਆਂ ਰਾਜਨੀਤਕ ਪਾਰਟੀਆਂ ਨੂੰ ਆਪਣੀ ਤੋਹਮਤਬਾਜ਼ੀ ਤੋਂ ਉੱਪਰ ਉੱਠ ਕੇ ਇਕ ਮੰਚ 'ਤੇ ਇਕੱਠਾ ਹੋਣਾ ਚਾਹੀਦਾ ਹੈ। ਭਗਵੰਤ ਮਾਨ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੀ ਸਨ।
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਰਾਜਨੀਤਿਕ ਨੇਤਾ ਧਰਨਿਆਂ ਵਿਚ ਜਾਂਦੇ ਹਨ ਤੇ ਭਾਸ਼ਣ ਦੇ ਕੇ ਤੁਰ ਆਉਂਦੇ ਹਨ ਪਰ ਪ੍ਰੈਕਟੀਕਲ ਤੌਰ 'ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਅੱਜ ਵਿੱਦਿਅਕ ਅਦਾਰਿਆਂ ਨੂੰ ਬਚਾਉੁਣ ਦੀ ਲੋੜ ਹੈ ਤੇ ਸਰਕਾਰ 'ਤੇ ਤਾਂ ਹੀ ਪ੍ਰੈੱਸ਼ਰ ਬਣ ਸਕਦਾ ਹੈ, ਜੇਕਰ ਅਸੀਂ ਸਮੁੱਚੇ ਰਾਜਨੀਤਕ ਨੇਤਾ ਇਕ ਮੰਚ 'ਤੇ ਇਕੱਠੇ ਹੋ ਜਾਈਏ। ਮਾਨ ਨੇ ਕਿਹਾ ਕਿ ਮੈਂ ਇੱਥੇ ਆਮ ਆਦਮੀ ਪਾਰਟੀ ਵਲੋਂ ਨਹੀਂ ਆਇਆ। ਅਸੀਂ ਯੂਨੀਵਰਸਿਟੀਆਂ ਨੂੰ ਮਿਲਣ ਵਾਲੀ ਗ੍ਰਾਂਟ ਦੀ ਜਾਣਕਾਰੀ ਹਾਸਲ ਕੀਤੀ ਹੈ, ਜਿਸ ਵਿਚ ਇਹ ਸਪੱਸ਼ਟ ਹੋਇਆ ਹੈ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਸਭ ਤੋਂ ਘੱਟ ਪੰਜਾਬੀ ਯੂਨੀਵਰਸਿਟੀ ਨੂੰ ਫੰਡ ਜਾਰੀ ਹੋਏ ਹਨ, ਜਿਸ ਤੋਂ ਇਹ ਅੰਦਾਜ਼ਾ ਲਾਉਣਾ ਹੋਏਗਾ ਕਿ ਇਹ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੀ ਹੋਈ ਯੂਨੀਵਰਸਿਟੀ ਹੈ ਪਰ ਬਹੁਤ ਸਾਰੇ ਪੰਜਾਬੀ ਵਿਰੋਧੀ ਲੋਕ ਇਸ ਯੂਨੀਵਰਸਿਟੀ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਤੋਂ ਰੋਕਣਾ ਚਾਹੁੰਦੇ ਹਨ, ਜੋ ਬਿਲਕੁਲ ਹੀ ਰਾਸ਼ਟਰ ਦੇ ਵਿਰੁੱਧ ਕਾਰਵਾਈ ਹੈ।
ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸਾਰੀ ਦੁਨੀਆ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਯੂਨੀਵਰਸਿਟੀ ਵਿਚ ਪੁਲਸ ਕਿਸ ਦੀ ਆਗਿਆ ਨਾਲ ਦਾਖਲ ਹੋ ਕੇ ਸ਼ਾਂਤਮਈ ਸੰਘਰਸ਼ ਕਰ ਰਹੇ ਵਿਦਿਆਰਥੀਆਂ 'ਤੇ ਲਾਠੀ ਚਾਰਜ ਕਰਕੇ ਸਾਡੇ ਜਮਹੂਰੀ ਹੱਕ ਨੂੰ ਕੁਚਲ ਗਈ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵਿਚ ਫੰਡਾਂ ਦੀ ਘਾਟ ਹੈ, ਜਿਸ ਬਾਰੇ ਅਸੀਂ ਪਾਰਲੀਮੈਂਟ ਵਿਚ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਯੂਨੀਵਰਸਿਟੀਆਂ ਬਚਾਈਆਂ ਜਾਣ। ਯੂਨੀਵਰਸਿਟੀ ਦੇ ਹੋਸਟਲਾਂ ਵਿਚ ਪਸ਼ੂਆਂ ਵਾਂਗ ਰਹਿੰਦੇ ਹਨ ਵਿਦਿਆਰਥੀ। ਡਾ. ਧਰਮਵੀਰ ਗਾਂਧੀ ਨੇ ਇਸ ਮੌਕੇ ਕਿਹਾ ਕਿ ਵਾਈਸ ਚਾਂਸਲਰ ਪ੍ਰਤੀ ਮੇਰੀ ਨਿੱਜੀ ਰਾਏ ਹੈ ਕਿ ਉਹ ਬਹੁਤ ਚੰਗੇ ਇਨਸਾਨ ਹਨ, ਉਹ ਅਕਾਦਮਿਕ ਤੌਰ 'ਤੇ ਪਰਪੱਕ ਹਨ ਪਰ ਕੁੱਝ ਕਾਰਨ ਹਨ ਜਿਸ ਕਰਕੇ ਯੂਨੀਵਰਸਿਟੀ ਬਦਨਾਮ ਕੀਤੀ ਜਾ ਰਹੀ ਹੈ। ਉਹ ਹਰੇਕ ਵਿਅਕਤੀ ਦੇ ਹਰੇਕ ਮਸਲੇ ਦਾ ਹੱਲ ਕਰਦੇ ਹਨ, ਇਹੀ ਕਾਰਨ ਹੈ ਕਿ ਸਾਡੇ ਕਹਿਣ 'ਤੇ ਉਨ੍ਹਾਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਪਰ ਵਿਦਿਆਰਥੀ ਨਹੀਂ ਮਨ ਰਹੇ ਇਸ ਬਾਰੇ ਕੁੱਝ ਵੀ ਕਹਿਣਾ ਠੀਕ ਨਹੀਂ ਹੈ।
ਭਾਖੜਾ ਨਹਿਰ 'ਚ ਕਾਰ ਡਿੱਗੀ, ਦੋ ਬੱਚਿਆਂ ਦੇ ਵਹਿਣ ਦੀ ਸ਼ੰਕਾ
NEXT STORY