ਬਰਨਾਲਾ (ਵਿਵੇਕ ਸਿੰਧਵਾਨੀ)- ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬ ਵਿਚ ਵੀ ਭਾਜਪਾ ਦਾ ਆਧਾਰ ਵਧਦਾ ਵਿਖਾਈ ਦੇ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਜ਼ਿਲਾ ਬੀ.ਜੇ.ਪੀ. ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਰਵਹਿੱਤਕਾਰੀ ਸਕੂਲ ਵਿਚ ਪਹੁੰਚੇ ਤਾਂ ਭਾਜਪਾ ਵਰਕਰਾਂ ਦਾ ਹੜ੍ਹ ਆ ਗਿਆ। ਇਸ ਤੋਂ ਪਹਿਲਾਂ ਜਦੋਂ ਭਾਜਪਾ ਦੀਆਂ ਮੀਟਿੰਗਾਂ ਹੁੰਦੀਆਂ ਸਨ ਤਾਂ ਇੰਨਾ ਇਕੱਠ ਵੇਖਣ ਨੂੰ ਨਹੀਂ ਮਿਲਦਾ ਸੀ। ਹੁਣ ਦੀ ਮੀਟਿੰਗ ਵਿਚ ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਨੇ ਹੋਰ ਪਾਰਟੀਆਂ ਛੱਡ ਕੇ ਭਾਜਪਾ ਦਾ ਪੱਲਾ ਫੜ੍ਹਿਆ।
ਇਹ ਮਾਹੌਲ ਵੇਖ ਕੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਵੀ ਪੂਰੇ ਉਤਸ਼ਾਹਿਤ ਵਿਖਾਈ ਦਿੱਤੇ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਨਰਿੰਦਰ ਮੋਦੀ ਇਹ ਕਹਿੰਦੇ ਸਨ ਕਿ ਭਾਜਪਾ ਦਾ ਮਿਸ਼ਨ ਆਪਣੇ ਤੌਰ 'ਤੇ 272 ਸੀਟਾਂ ਜਿੱਤਣ ਦਾ ਹੈ ਤਾਂ ਲੋਕ ਉਨ੍ਹਾਂ ਦੀ ਗੱਲ ਨੂੰ ਮਜ਼ਾਕ ਸਮਝਦੇ ਸਨ ਕਿਉਂਕਿ 1985 ਦੀ ਚੋਣ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਆਪਣੇ ਤੌਰ 'ਤੇ ਲੋਕ ਸਭਾ ਵਿਚ ਬਹੁਮਤ ਨਹੀਂ ਮਿਲਿਆ ਸੀ ਪਰ ਦੇਸ਼ ਵਿਚ ਨਰਿੰਦਰ ਮੋਦੀ ਦਾ ਕ੍ਰਿਸ਼ਮਾ ਚੱਲਿਆ ਅਤੇ ਭਾਜਪਾ ਆਪਣੇ ਬਲਬੂਤੇ 'ਤੇ 272 ਸੀਟਾਂ ਜਿੱਤਣ 'ਚ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਹਰਿਆਣਾ ਵਿਚ ਪਹਿਲਾਂ ਬੀ.ਜੇ.ਪੀ. ਕੋਲ ਸਿਰਫ਼ ਚਾਰ ਵਿਧਾਨ ਸਭਾ ਦੀਆਂ ਸੀਟਾਂ ਸਨ। ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਸਨੇ ਆਪਣੇ ਬਲਬੂਤੇ 'ਤੇ ਸਰਕਾਰ ਬਣਾਈ ਹੈ।
ਬੀ. ਜੇ. ਪੀ. ਪ੍ਰਤੀ ਆਮ ਲੋਕਾਂ ਦਾ ਰੁਝਾਨ ਇੰਨਾ ਵਧ ਗਿਆ ਹੈ ਕਿ ਕਸ਼ਮੀਰ ਘਾਟੀ ਵਿਚ ਵੀ ਮੁਸਲਿਮ ਲੋਕ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਇਸ ਮੌਕੇ ਬੀ.ਜੇ.ਪੀ.ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਜ਼ਿਲਾ ਬਰਨਾਲਾ ਦੇ ਇੰਚਾਰਜ ਜਤਿੰਦਰ ਕਾਲੜਾ, ਜ਼ਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ ਸੰਘੇੜਾ, ਸੀਨੀਅਰ ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ, ਮੰਡਲ ਪ੍ਰਧਾਨ ਨਰਿੰਦਰ ਗਰਗ ਨੀਟਾ, ਸੀਨੀਅਰ ਭਾਜਪਾ ਆਗੂ ਸੋਹਣ ਮਿੱਤਲ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਆਪਣੇ-ਆਪ ਵਿਚ ਇਕ ਮਜ਼ਬੂਤ ਥੰਮ੍ਹ ਹੈ : ਟੌਹੜਾ, ਖੱਟੜਾ
NEXT STORY