ਖਰੜ, (ਰਣਬੀਰ/ਸ਼ਸ਼ੀ/ਅਮਰਦੀਪ)- ਦਸ਼ਮੇਸ਼ ਨਗਰ ਵਿਚ ਅਚਾਨਕ ਫਰਿੱਜ ਵਿਚ ਹੋਏ ਵਿਸਫੋਟ ਕਾਰਨ ਲੱਗੀ ਅੱਗ ਨਾਲ ਘਰ ਵਿਚ ਪਈ ਨਕਦੀ ਅਤੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਘਰ ਦੇ ਮਾਲਕ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਨੂੰ ਦਿੱਤੀ। ਕੁਝ ਹੀ ਮਿੰਟਾਂ ਵਿਚ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ। ਅੱਗ ਦੇ ਸੰਬੰਧੀ ਦੱਸਦੇ ਹੋਏ ਘਰ ਦੇ ਮਾਲਕ ਨਰੇਸ਼ ਕੁਮਾਰ ਮਿੱਤਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮਕਾਨ ਨੰਬਰ 177 ਏ ਦਸ਼ਮੇਸ਼ ਨਗਰ ਵਿਚ ਸੁੱਤੇ ਪਏ ਸਨ। ਉਸ ਨੇ ਦੱਸਿਆ ਕਿ ਸਵੇਰੇ ਕਰੀਬ ਪੌਣੇ 4 ਵਜੇ ਪਟਾਕਾ ਚੱਲਣ ਜਿਹੀ ਆਵਾਜ਼ ਸੁਣਾਈ ਦਿੱਤੀ। ਇਸ 'ਤੇ ਜਦੋਂ ਖਿੜਕੀ ਖੋਲ੍ਹਕੇ ਦੇਖਿਆ ਤਾਂ ਧੂੰਏ ਅਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀ। ਨਰੇਸ਼ ਨੇ ਦੱਸਿਆ ਕਿ ਘਰ ਦੀ ਰਸੋਈ ਦੇ ਨਾਲ ਲਗਦੇ ਕਮਰੇ ਵਿਚ ਰੱਖਿਆ ਫਰਿੱਜ਼ ਧੂ-ਧੂ ਕੇ ਜਲ ਰਿਹਾ ਸੀ ਅਤੇ ਅੱਗ ਨੇ ਹੋਰ ਸਾਮਾਨ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਸੀ। ਉਸ ਨੇ ਦੱਸਿਆ ਕਿ ਇਸ 'ਤੇ ਉਹ ਆਪਣੇ ਪਰਿਵਾਰ ਸਮੇਤ ਘਰ ਦੇ ਬਾਹਰ ਨਿਕਲ ਆਏ ਅਤੇ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਕੁਝ ਹੀ ਦੇਰ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਨਰੇਸ਼ ਨੇ ਦੱਸਿਆ ਕਿ ਅੱਗ ਦੀ ਲਪੇਟ ਵਿਚ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਆ ਗਿਆ। ਉਸ ਨੇ ਦੱਸਿਆ ਕਿ ਇਸ ਅੱਗ ਨਾਲ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਅੱਗ ਫਰਿੱਜ ਵਿਚ ਲੱਗੇ ਕੰਪਰੈਸ਼ਰ ਵਿਚ ਹੋਏ ਵਿਸਫੋਟ ਨਾਲ ਲੱਗੀ। ਪੁਲਸ ਕੰਟਰੋਲ ਰੂਮ ਮੋਹਾਲੀ ਵਲੋਂ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਿਟੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ।
ਅਨੁਪਮਾ ਕੇਸ ਵਿਚ ਪੀ. ਜੀ. ਆਈ. ਦੀ ਦਲੀਲ ਖਾਰਿਜ
NEXT STORY