ਬਠਿੰਡਾ (ਬਲਵਿੰਦਰ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਦਾ ਆਪਸੀ ਕਲੇਸ਼ ਅਜੇ ਕਿਸੇ ਤਣ ਪੱਤਣ ਲੱਗਿਆ ਨਹੀਂ ਸੀ ਕਿ ਭਾਜਪਾ ਦਾ ਆਪਸੀ ਘਮਾਸਾਨ ਵੀ ਸਾਹਮਣੇ ਆ ਗਿਆ ਹੈ। ਅੱਜ ਕਈ ਸਾਬਕਾ ਕੌਂਸਲਰ ਤੇ ਅਹੁਦੇਦਾਰ ਸੂਬਾ ਪ੍ਰਧਾਨ ਕਮਲ ਸ਼ਰਮਾ ਨੂੰ ਵੀ ਮਿਲੇ ਅਤੇ ਵਾਰਡਬੰਦੀ ਵਿਚ ਗੜਬਣ ਹੋਣ ਦਾ ਦੋਸ਼ ਲਾਇਆ, ਜਿਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਮੁੱਖ ਅਹੁਦੇਦਾਰ ਨਾਲ ਬਦਲੇ ਗਏ ਤਾਂ ਨਿਗਮ ਚੋਣਾਂ 'ਚ ਭਾਜਪਾ ਵਿਰੁੱਧ ਭਾਜਪਾ ਹੀ ਡਟੇਗੀ।
ਜ਼ਿਕਰਯੋਗ ਹੈ ਕਿ ਅੱਜ ਇਥੇ ਸੂਬਾ ਪ੍ਰਧਾਨ ਕਮਲ ਸ਼ਰਮਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਸਾਬਕਾ ਕੌਂਸਲਰਾਂ ਤੇ ਸਾਬਕਾ ਜਾਂ ਮੌਜ਼ੂਦਾ ਅਹੁਦੇਦਾਰਾਂ ਦਾ 25 ਮੈਂਬਰੀ ਇਕ ਵਫਦ ਉਨ੍ਹਾਂ ਨੂੰ ਮਿਲਿਆ। ਵਫਦ ਦਾ ਦੋਸ਼ ਸੀ ਕਿ ਭਾਜਪਾ ਦੇ ਦੋ ਪ੍ਰਮੁੱਖ ਆਗੂ ਇਥੇ ਪਾਰਟੀ ਨੂੰ ਪਰਿਵਾਰਕ ਜਗੀਰ ਸਮਝ ਕੇ ਚਲਾ ਰਹੇ ਹਨ। ਇਹ ਦੋਵੇਂ ਆਗੂ ਬਾਕੀ ਸਾਰੇ ਵਰਕਰਾਂ ਤੇ ਆਗੂਆਂ ਨੂੰ ਟੁੱਕ ਦੇ ਡੇਲਾ ਹੀ ਸਮਝਦੇ ਹਨ ਤੇ ਆਪਣੀ ਮਨਮਰਜ਼ੀ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਮਾਂ ਪਹਿਲਾਂ ਹੋਈ ਵਾਰਡਬੰਦੀ ਵਿਚ ਜਾਣਬੁੱਝ ਕੇ ਗੜਬੜ ਕੀਤੀ ਗਈ ਤਾਂ ਕਿ ਪ੍ਰਮੁੱਖ ਆਗੂ ਨਾ ਜਿੱਤ ਸਕਣ ਤੇ ਮੇਅਰ ਜਾਂ ਡਿਪਟੀ ਮੇਅਰ ਦੇ ਅਹੁਦੇ ਇਨ੍ਹਾਂ ਦੀ ਝੋਲੀ ਵਿਚ ਪੈ ਸਕਣ। ਵਫਦ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਰਟੀ ਨੇ ਉਕਤ ਦੋਵੇਂ ਆਗੂਆਂ ਨੂੰ ਅਹੁਦਿਆਂ ਤੋਂ ਲਾਂਬੇ ਨਾ ਕੀਤਾ ਗਿਆ ਤਾਂ ਨਿਗਮ ਚੋਣਾਂ ਵਿਚ ਉਹ ਸਾਰੇ ਭਾਜਪਾ ਉਮੀਦਵਾਰਾਂ ਵਿਰੁੱਧ ਮੈਦਾਨ ਵਿਚ ਡਟਣਗੇ।
ਕਮਲ ਸ਼ਰਮਾ ਨੇ ਵਫਦ ਦੀ ਗੱਲਬਾਤ ਸੁਨਣ ਉਪਰੰਤ ਸੰਦੀਪ ਰਿਣਵਾ ਸੂਬਾ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਖੁਦ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਅਤੇ ਦੋਵੇਂ ਧਿਰਾਂ ਵਿਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ। ਜੇਕਰ ਜ਼ਰੂਰਤ ਪਵੇ ਤਾਂ ਸਖ਼ਤ ਕਦਮ ਵੀ ਚੁੱਕੇ ਜਾਣ।
2017 ਤਕ ਅਕਾਲੀ-ਭਾਜਪਾ ਹੋ ਜਾਣਗੇ ਵੱਖ : ਮਨਪ੍ਰੀਤ ਬਾਦਲ (ਵੀਡੀਓ)
NEXT STORY