ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਾਲ ਹੀ 'ਚ ਵਾਪਰੀ ਇਕ ਘਟਨਾ ਵਿਚ ਤਿੰਨ ਨੌਜਵਾਨਾਂ ਨੂੰ ਇਕ ਔਰਤ ਨਾਲ ਛੇੜਖਾਨੀ ਕਰਨੀ ਉਸ ਸਮੇਂ ਭਾਰੀ ਪੈ ਗਈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਔਰਤ ਪੁਲਸ ਕਾਂਸਟੇਬਲ ਹੈ। ਹਾਲ ਹੀ 'ਚ ਪੱਛਮੀ ਦਿੱਲੀ ਦੇ ਮਾਇਆਪੁਰੀ ਇਲਾਕੇ ਵਿਚ ਰਾਤ ਤਕਰੀਬਨ 10 ਵਜੇ ਦੇ ਕਰੀਬ ਕੰਮ ਤੋਂ ਵਾਪਸ ਪਰਤ ਰਹੀ ਇਕ ਔਰਤ ਦਾ ਤਿੰਨ ਨੌਜਵਾਨਾਂ ਨੇ ਪਿਛਾ ਕੀਤਾ ਅਤੇ ਅਪਮਾਨਜਨਕ ਅਤੇ ਭੱਦੇ ਕੁਮੈਂਟ ਵੀ ਕੀਤੇ। ਇੰਨਾ ਹੀ ਨਹੀਂ ਨੌਜਵਾਨਾਂ ਨੇ ਉਸ ਦਾ ਹੱਥ ਫੜਨ ਦੀ ਵੀ ਕੋਸ਼ਿਸ਼ ਕੀਤੀ।
ਜਦੋਂ ਔਰਤ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਇਕ ਪੁਲਸ ਅਧਿਕਾਰੀ ਹੈ ਤਾਂ ਤਿੰਨੋਂ ਨੌਜਵਾਨ ਸਿਰ 'ਤੇ ਪੈਰ ਰੱਖ ਕੇ ਦੌੜ ਗਏ। ਔਰਤ ਨੇ ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ਤਿੰਨਾਂ ਨੌਜਵਾਨਾਂ ਵਿਰੁੱਧ ਐਫ. ਆਈ. ਆਰ. ਦਰਜ ਕਰਵਾਈ। ਜਿਸ ਕਾਰਨ ਇਹ ਮਾਮਲਾ ਦਿੱਲੀ ਹਾਈਕੋਰਟ ਤੱਕ ਜਾ ਪੁੱਜਾ। ਮਾਮਲੇ ਦੀ ਸੁਣਵਾਈ ਕਰ ਰਹੀ ਜਸਟਿਸ ਪ੍ਰਤਿਭਾ ਰਾਣੀ ਇਸ ਗੱਲ ਤੋਂ ਹੈਰਾਨ ਰਹਿ ਗਈ ਕਿ ਨਾ ਸਿਰਫ ਆਮ ਔਰਤਾਂ ਸਗੋਂ ਕਿ ਇਕ ਮਹਿਲਾ ਪੁਲਸ ਅਧਿਕਾਰੀ ਵੀ ਦਿੱਲੀ ਵਿਚ ਸੁਰੱਖਿਅਤ ਨਹੀਂ ਹੈ।
ਜਸਟਿਸ ਪ੍ਰਤਿਭਾ ਰਾਣੀ ਨੇ ਔਰਤਾਂ ਦਾ ਅਪਮਾਨ ਕਰਨ ਲਈ ਨੌਜਵਾਨਾਂ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਮਹਿਲਾ ਪੁਲਸ ਅਧਿਕਾਰੀ ਸੜਕ 'ਤੇ ਇਕੱਲੀ ਨਹੀਂ ਚੱਲ ਸਕਦੀ ਤਾਂ ਆਮ ਔਰਤਾਂ ਦਾ ਕੀ ਹੋਵੇਗਾ? ਦੋ ਸਾਲ ਪਹਿਲੇ 16 ਦਸੰਬਰ ਨੂੰ ਰਾਜਧਾਨੀ ਵਿਚ ਵਾਪਰੇ ਸਮੂਹਕ ਬਲਾਤਕਾਰ ਮਾਮਲੇ ਦੇ ਪ੍ਰਤੀ ਉਭਰੇ ਜਨਤਾ ਦੇ ਗੁੱਸੇ ਦੇ ਬਾਵਜੂਦ ਇਸ ਸਾਲ ਔਰਤਾਂ ਵਿਰੁੱਧ ਅਪਰਾਧਕ ਮਾਮਲਿਆਂ ਵਿਚ 35 ਫੀਸਦੀ ਰਿਕਾਰਡ ਦਰਜ ਕੀਤਾ ਗਿਆ ਹੈ, ਜਿਸ ਵਿਚ 1,794 ਮਾਮਲੇ ਬਲਾਤਕਾਰ ਦੇ ਹਨ। ਹਾਈਕੋਰਟ ਨੇ ਤਿੰਨਾਂ ਦੋਸ਼ੀਆਂ ਨੂੰ ਆਸਾਨੀ ਨਾਲ ਨਾ ਛੱਡਣ ਦਾ ਸਪੱਸ਼ਟ ਸੰਕੇਤ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਮਾਂ-ਬਾਪ ਨਾਲ ਮਾਮਲੇ ਦੀ ਅਗਲੀ ਸੁਣਵਾਈ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਘਰੇਲੂ ਕਲੇਸ਼ ਨੇ ਖੋਹ ਲਈ ਤਿੰਨ ਮਾਸੂਮ ਬੱਚੀਆਂ ਦੀ ਜ਼ਿੰਦਗੀ
NEXT STORY