ਮੁੱਲਾਂਪੁਰ ਦਾਖਾ (ਕਾਲੀਆ)-ਇਕ ਪਾਖੰਡੀ ਬਾਬੇ ਦੇ ਚੱਕਰਾਂ 'ਚ ਪੈ ਕੇ ਦੋ ਸਹੇਲੀਆਂ ਨੇ ਆਪਣਾ ਸਾਰਾ ਸੋਨਾ ਉਸ ਨੂੰ ਹੱਥੀਂ ਫੜ੍ਹਾ ਦਿੱਤਾ। ਬਾਬੇ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੋਨਾ ਦੁੱਗਣਾ ਹੋ ਜਾਵੇਗਾ ਪਰ ਜਦੋਂ ਘਰ ਜਾ ਕੇ ਉਨ੍ਹਾਂ ਨੇ ਸੋਨਾ ਦੁੱਗਣਾ ਹੋਣ ਵਾਲਾ ਰੁਮਾਲ ਖੋਲ੍ਹਿਆ ਤਾਂ ਉਸ 'ਚੋਂ ਪੱਥਰ ਦੇਖ ਕੇ ਦੋਹਾਂ ਦੇ ਹੋਸ਼ ਉੱਡ ਗਏ।
ਲੁੱਟ ਦਾ ਸ਼ਿਕਾਰ ਹੋਈਆਂ ਸਹੇਲੀਆਂ ਰਜਿੰਦਰ ਕੌਰ ਪਤਨੀ ਗੁਰਦੇਵ ਸਿੰਘ ਜੋ ਕਿ ਤਾਜ਼ੀ ਤਾਜ਼ੀ ਕੈਨੇਡਾ ਤੋਂ ਆਈ ਹੈ ਅਤੇ ਦੂਸਰੀ ਕ੍ਰਿਸ਼ਨਾ ਰਾਣੀ ਧੂੜੀਆ ਪਤਨੀ ਮੁਲਖ ਰਾਜ ਵਾਸੀ ਵਾਰਡ ਨੰਬਰ-7 ਪੁਰਾਣੀ ਮੰਡੀ ਮੁੱਲਾਂਪੁਰ ਨੇ ਦੱਸਿਆ ਕਿ ਉਹ ਇਕ ਸੋਗਮਈ ਸਮਾਗਮ ਤੋਂ ਵਾਪਸ ਘਰ ਆ ਰਹੀਆਂ ਸਨ ਤਾਂ ਇਕ ਬਾਬੇ ਨੇ ਰਾਧਾ ਸੁਆਮੀ ਦੇ ਡੇਰੇ ਬਾਰੇ ਪੁੱਛਿਆ। ਦੋਵੇਂ ਸਹੇਲੀਆਂ ਰਾਹ ਦੱਸ ਕੇ ਜਿਉਂ ਹੀ ਬੱਸ ਸਟੈਂਡ ਕੋਲ ਪੁੱਜੀਆਂ ਤਾਂ ਉਥੇ ਇਕ ਲੜਕਾ ਅਤੇ ਲੜਕੀ ਮਿਲ ਗਏ, ਜਿਨ੍ਹਾਂ ਕਿਹਾ ਕਿ ਤੁਹਾਨੂੰ ਜਿਹੜੇ ਬਾਬੇ ਨੇ ਰਾਹ ਪੁੱਛਿਆ ਉਹ ਬੜੀ ਕਰਨੀ ਵਾਲੇ ਨੇ ਅਤੇ ਉਹ ਤਾਂ ਕਿਸੇ ਨੂੰ ਬੁਲਾਉਂਦੇ ਵੀ ਨਹੀਂ ਅਤੇ ਸਾਡੀਆਂ ਤਾਂ ਉਨ੍ਹਾਂ ਨੇ ਪੌਂਅ-ਬਾਰਾਂ ਕਰ ਦਿੱਤੀਆਂ ਹਨ। ਇੰਨੇ ਨੂੰ ਢੌਂਗੀ ਬਾਬਾ ਜਿਸ ਨੇ ਚਿੱਟਾ ਕੁੜਤਾ-ਪਜ਼ਾਮਾ ਅਤੇ ਸਿਰ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਉਹ ਵੀ ਬੱਸ ਸਟੈਂਡ ਕੋਲ ਪੁੱਜ ਗਿਆ ਅਤੇ ਕਹਿਣ ਲੱਗਿਆ ਕਿ ਉਹ ਤੁਹਾਡਾ ਸੋਨਾ ਦੁੱਗਣਾ ਕਰ ਦੇਵੇਗਾ। ਦੋਹਾਂ ਨੇ ਲਾਲਚ ਵਿਚ ਆ ਕੇ ਦੋ ਚੂੜੀਆਂ (ਤਿੰਨ ਤੋਲੇ), ਦੋ ਮੁੰਦਰੀਆਂ ਅਤੇ ਇਕ ਸੋਨੇ ਦਾ ਕੜਾ ਲਾਹ ਕੇ ਹੱਥ ਵਿਚ ਫੜ੍ਹ ਲਿਆ ਅਤੇ ਕਾਗਜ਼ ਵਿਚ ਪਾ ਕੇ ਫੜਾਉਣ ਲਈ ਕਿਹਾ।
ਨੌਸਰਬਾਜ਼ ਬਾਬੇ ਨੇ ਸੋਨੇ ਦੇ ਗਹਿਣੇ ਕਾਗਜ਼ ਵਿਚ ਲਪੇਟ ਕੇ ਕਈ ਗੰਢਾਂ ਮਾਰ ਕੇ ਰੁਮਾਲ ਵਿਚ ਬੰਨ੍ਹ ਦਿੱਤੀਆਂ, ਅਤੇ ਦੋਹਾਂ ਨੂੰ ਕਿਹਾ ਕਿ ਉਹ ਇਸ ਨੂੰ ਘਰ ਜਾ ਕੇ ਖੋਲ੍ਹਣ ਕਿਉਂਨਕ ਜੇਕਰ ਰਾਹ ਵਿਚ ਖੋਲ੍ਹੀ ਤਾਂ ਸਭ ਕੁਝ ਭਸਮ ਹੋ ਜਾਵੇਗਾ।
ਜਦੋਂ ਦੋਵੇਂ ਸਹੇਲੀਆਂ ਨੇ ਘਰ ਜਾ ਕੇ ਰੁਮਾਲ ਦੀਆਂ ਗੰਢਾਂ ਬੜੀ ਮੁਸ਼ਕਿਲ ਨਾਲ ਖੋਲ੍ਹੀਆਂ ਤਾਂ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਜਦੋਂ ਦੁੱਗਣਾ ਸੋਨਾ ਹੋਣ ਦੀ ਥਾਂ ਪੱਥਰ ਦੀਆਂ ਬੱਟੀਆਂ ਨਿਕਲੀਆਂ। ਇਸ ਤਰ੍ਹਾਂ ਇਹ ਦੋਵੇਂ ਸਹੇਲੀਆਂ ਆਪਣੀਆਂ ਬਾਹਾਂ ਅਤੇ ਉਂਗਲੀਆਂ ਸੁੰਨੀਆਂ ਕਰਵਾ ਬੈਠੀਆਂ। ਸੋਨੇ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਹੈ। ਜ਼ਿਕਰਯੋਗ ਹੈ ਕਿ ਰਜਿੰਦਰ ਕੌਰ ਕੈਨੇਡੀਅਨ ਜਦੋਂ ਪਿਛਲੇ ਸਾਲ ਕੈਨੇਡਾ ਤੋਂ ਆਈ. ਸੀ. ਤਾਂ ਉਦੋਂ ਵੀ ਆਪਣੇ ਘਰ ਮੂਹਰੇ ਬੈਠੀ ਕੋਲੋਂ ਝਪਟਮਾਰ ਸੋਨੀ ਦੀ ਚੈਨੀ ਝਪਟ ਕੇ ਲੈ ਗਏ ਸਨ।
ਨਵਜੋਤ ਕੌਰ ਦੇ ਬਿਆਨ 'ਤੇ ਬੋਲੇ ਬਾਦਲ 'ਮੈਂ ਹੁਣ ਕੀ ਆਖਾ'! (ਵੀਡੀਓ)
NEXT STORY