ਚੰਡੀਗੜ੍ਹ : ਪੁਲਸ ਨੇ ਸੈਕਟਰ 17 ਸਥਿਤ ਬਸ ਸਟੈਂਡ ਤੋਂ ਇਕ ਨਵੰਬਰ ਨੂੰ ਜਿਊਲਰ ਸਮੀਰ ਜੈਨ ਤੋਂ ਹੋਈ 1 ਕਰੋੜ 10 ਲੱਖ ਰੁਪਏ ਦੀ ਲੁੱਟ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵਾਰਦਾਤ 'ਚ ਸ਼ਾਮਲ ਜਿਊਲਰੀ ਸ਼ੌਪ ਦੇ ਕਰਮਚਾਰੀ ਸਮੇਤ ਤਿੰਨਾਂ ਦੋਸ਼ੀਆਂਨੂੰ ਸੈਕਟਰ -17 ਦੇ ਬਸ ਸਟੈਂਡ ਕੋਲ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ 89 ਲੱਖ ਰੁਪਏ ਬਰਾਮਦ ਹੋਏ ਹਨ। ਐੱਸ.ਐੱਸ.ਪੀ. ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸਿਕੰਦਰ ਰਹਿਮਾਨ ਉਰਫ ਡੈਨੀ ਜਿਊਲਰ ਸਮੀਰ ਜੈਨ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਸ ਨੂੰ ਪੂਰੀ ਜਾਣਕਾਰੀ ਸੀ ਕਿ ਸਮੀਰ ਜੈਨ ਕਦੋਂ ਅਤੇ ਕਿੰਨੇ ਪੈਸੇ ਲੈ ਕੇ ਦਿੱਲੀ ਜਾਂਦਾ ਹੈ। ਪਹਿਲੀ ਵਾਰ ਸਮੀਰ ਘਰੋਂ ਇੰਨੇ ਜ਼ਿਆਦਾ ਪੈਸੇ ਲੈ ਕੇ ਨਿਕਲਿਆ ਸੀ, ਇਸ ਬਾਰੇ ਵੀ ਡੈਨੀ ਨੂੰ ਪਤਾ ਸੀ।
c ਤਿੰਨਾਂ ਦੋਸ਼ੀਆਂ ਵਿਚੋਂ ਬੁੜੈਲ ਦਾ ਰਹਿਣ ਵਾਲਾ ਸਿਕੰਦਰ ਰਹਿਮਾਨ ਉਰਫ ਡੈਨੀ ਸਮੀਰ ਜੈਨ ਦੀ ਜਿਊਲਰੀ ਸ਼ੌਪ ਵਿਚ ਗਹਿਣਿਆਂ 'ਤੇ ਹੋਲਮਾਰਕ ਲਗਾਉਣ ਦਾ ਕੰਮ ਕਰਦਾ ਸੀ। ਉਸ ਨੇ ਹੀ ਲੁੱਟ ਦੀ ਵਾਰਦਾਤ ਦੀ ਪਲਾਨਿੰਗ ਬਣਾਈ ਸੀ।
c ਬੁੜੈਲ ਨਿਵਾਸੀ ਜਿੰਮੀ ਬੰਸਲ ਸੈਕਟਰ-19 ਵਿਚ ਕੱਪੜਿਆਂ ਦੀ ਫੜ੍ਹੀ ਲਗਾਉਂਦਾ ਸੀ।
c ਤੀਜਾ ਦੋਸ਼ੀ ਰਾਹੁਲ ਬਗਿਆਲ ਮੂਲ ਰੂਪ ਵਿਚ ਟਿਹਰੀ ਗੜ੍ਹਵਾਲ ਦਾ ਰਹਿਣ ਵਾਲਾ ਹੈ। ਮੌਜੂਦਾ ਸਮੇਂ ਵਿਚ ਬੁੜੈਲ ਵਿਚ ਹੀ ਰਹਿ ਰਿਹਾ ਸੀ। ਉਹ ਕੁਲਚਿਆਂ ਦੀ ਦੁਕਾਨ 'ਤੇ ਹੀ ਕੰਮ ਕਰਦਾ ਸੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਤਿੰਨੇ ਦੋਸ਼ੀ ਆਲਟੋ ਕਾਰ ਵਿਚ ਸਵਾਰ ਹੋ ਕੇ ਬਸ ਸਟੈਂਡ ਦੇ ਪਿਛਲੇ ਪਾਸੇ ਬਣੀ ਪਾਰਕਿੰਗ ਵਿਚ ਸਮੀਰ ਜੈਨ ਦੇ ਆਉਣ ਦੀ ਉਡੀਕ ਕਰ ਰਹੇ ਸਨ। ਇਸ ਪਿੱਛੋਂ ਸਮੀਰ ਦਾ ਭਤੀਜਾ ਤੁਸ਼ਾਰ ਉਸ ਨੂੰ ਉਥੇ ਛੱਡ ਕੇ ਚਲਾ ਗਿਆ।
ਡੈਨੀ ਨੇ ਉਸ ਨੂੰ ਆਉਂਦਿਆਂ ਦੇਖਿਆ ਅਤੇ ਰਾਹੁਲ ਤੇ ਜਿੰਮੀ ਨੂੰ ਭੇਜਿਆ। ਇਸ ਪਿੱਛੋਂ ਇਨ੍ਹਾਂ ਦੋਹਾਂ ਨੇ ਪਿੱਛਿਓਂ ਹਮਲਾ ਕਰਕੇ ਸਮੀਰ ਜੈਨ ਤੋਂ ਬੈਗ ਖੋਹ ਲਿਆ। ਡੈਨੀ ਕਾਰ ਸਟਾਰਟ ਕਰੀ ਬੈਠਾ ਸੀ ਅਤੇ ਤਿੰਨੇ ਤੁਰੰਤ ਫਰਾਰ ਹੋ ਗਏ।
ਕ੍ਰਾਈਮ ਬ੍ਰਾਂਚ ਡੀ.ਐੱਸ.ਪੀ.ਜਗਬੀਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਤੋਂ ਬਾਅਦ ਸਮੀਰ ਜੈਨ ਦੇ ਨਜ਼ਦੀਕੀਆਂ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਫਿਰ ਸਾਰੇ ਕਰਮਚਾਰੀਆਂ 'ਤੇ ਦਿਨ-ਰਾਤ ਨਿਗਰਾਨੀ ਰੱਖੀ ਜਾਣ ਲੱਗੀ। ਉਨ੍ਹਾਂ ਦੀ ਹਰ ਹਲਚਲ 'ਤੇ ਪੁਲਸ ਦੀ ਪੂਰੀ ਨਜ਼ਰ ਸੀ। ਇਸ ਦੌਰਾਨ ਤਿੰਨਾਂ ਉਕਤ ਦੋਸ਼ੀਆਂ 'ਤੇ ਸ਼ੱਕ ਹੋਣ 'ਤੇ ਉਨ੍ਹਾਂ ਦੇ ਮੋਬਾਈਲ ਸਰਵੀਲਾਂਸ 'ਤੇ ਲਗਾਏ ਗਏ। ਉਹ ਤਿੰਨੇ ਹਮੇਸ਼ਾ ਇਕ-ਦੂਜੇ ਦੇ ਸੰਪਰਕ ਵਿਚ ਰਹਿੰਦੇ ਸਨ। ਇਸ ਤਰ੍ਹਾਂ ਪੁਲਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ।
ਲੁੱਟ ਦੀ ਵਾਰਦਾਤ ਦਾ ਦਿਲਚਸਪ ਪਹਿਲੂ ਇਹ ਰਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਦੋਸ਼ੀਆਂ ਨੇ ਭਿਖਾਰੀਆਂ ਨੂੰ ਦੋ-ਦੋ ਹਜ਼ਾਰ ਕਰਕੇ ਕੁਲ 10 ਹਜ਼ਾਰ ਰੁਪਏ ਵੰਡੇ, ਜੋ ਕਿ ਉਨ੍ਹਾਂ ਨੂੰ ਕਾਫੀ ਮਹਿੰਗੇ ਪਏ। ਇਕ ਦਿਨ ਡੈਨੀ ਸ਼ਾਮ ਨੂੰ ਮਜਾਰ 'ਤੇ ਗਿਆ ਅਤੇ ਉਥੇ 10 ਹਜ਼ਾਰ ਰੁਪਏ ਦੀ ਥੱਦੀ ਪਹਿਲਾਂ ਮਜਾਰ 'ਤੇ ਚੜ੍ਹਾਈ। ਇਸ ਪਿੱਛੋਂ ਉਸ ਨੇ 10 ਹਜ਼ਾਰ ਰੁਪਏ ਭਿਖਾਰੀਆਂ 'ਚ ਵੰਡ ਦਿੱਤੇ ਪਰ ਉਹ ਇਸ ਗੱਲੋਂ ਅਣਜਾਣ ਸੀ ਕਿ ਪੁਲਸ ਉਸ 'ਤੇ ਨਜ਼ਰ ਰੱਖ ਰਹੀ ਹੈ। ਇਸ ਅਧਾਰ 'ਤੇ ਉਸ ਨੂੰ ਫੜ ਲਿਆ ਗਿਆ। ਐੱਸ.ਐੱਸ.ਪੀ. ਡਾ. ਗਿੱਲ ਨੇ ਦੱਸਿਆ ਕਿ ਤਿੰਨੇ ਦੋਸ਼ੀ ਲੁੱਟ ਤੋਂ ਬਾਅਦ ਸ਼ਰੇਆਮ ਪੈਸਾ ਉਡਾ ਰਹੇ ਸਨ। ਰਾਹੁਲ ਨੇ ਟਿਹਰੀ ਗੜ੍ਹਵਾਲ ਵਿਚ ਆਪਣੀ ਭੈਣ ਦੇ ਵਿਆਹ 'ਤੇ 10 ਲੱਖ ਰੁਪਏ ਖਰਚ ਕੀਤੇ।
ਦੋਸ਼ੀਆਂ ਨੇ ਇਕ ਖੁਲਾਸਾ ਕਰਦਿਆਂ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਪੈਸੇ ਲੁੱਟ ਕੇ ਉਨ੍ਹਾਂ ਦੀ ਯੋਜਨਾ ਵਿਦੇਸ਼ ਵਿਚ ਅਰਾਮ ਨਾਲ ਜ਼ਿੰਦਗੀ ਜਿਊਣ ਦੀ ਸੀ। ਸ਼ਨੀਵਾਰ ਨੂੰ ਤਿੰਨੇ ਬਾਕੀ ਦੇ ਬਚੇ 89 ਲੱਖ ਰੁਪਏ ਲੈ ਕੇ ਚੰਡੀਗੜ੍ਹ ਤੋਂ ਬਾਹਰ ਜਾਣ ਲਈ ਸੈਕਟਰ-17 ਦੇ ਬਸ ਸਟੈਂਡ 'ਤੇ ਪਹੁੰਚੇ। ਇਸ ਦੌਰਾਨ ਕ੍ਰਾਈਮ ਬ੍ਰਾਂਚ ਦੀ ਟੀਮ ਉਥੇ ਪਹੁੰਚ ਗਈ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ।
ਦੋਸ਼ੀਆਂ ਨੇ ਵਾਰਦਾਤ ਦੌਰਾਨ ਇੰਨੀ ਚਲਾਕੀ ਤੋਂ ਕੰਮ ਲਿਆ ਕਿ ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ਨਹੀਂ ਵਰਤੇ। ਤਿੰਨਾਂ ਦੋਸ਼ੀਆਂ ਨੇ ਵਾਰਦਾਤ ਨੂੰ ਪੂਰੀ ਪਲਾਨਿੰਗ ਦੇ ਤਹਿਤ ਅੰਜਾਮ ਦਿੱਤਾ ਸੀ। ਉਹ ਜਾਣਦੇ ਸਨ ਕਿ ਪੁਲਸ ਉਨ੍ਹਾਂ ਨੂੰ ਮੋਬਾਈਲ ਦੀ ਲੋਕੇਸ਼ਨ 'ਤੇ ਫੜ ਸਕਦੀ ਹੈ। ਇਸ ਲਈ ਉਨ੍ਹਾਂ ਨੇ ਵਾਰਦਾਤ ਦੇ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕੀਤੀ ਸੀ।
ਸੜਕ ਹਾਦਸੇ 'ਚ ਦੋ ਦੀ ਮੌਤ
NEXT STORY