ਬਨੂੜ ਤੋਂ ਰਾਜਪੁਰਾ ਦੇ ਰਾਸ਼ਟਰੀ ਮਾਰਗ 'ਤੇ ਬੀਤੇ ਸ਼ਨੀਵਾਰ ਦੀ ਸਵੇਰ ਆਟੋ ਅਤੇ ਟਿੱਪਰ 'ਹਾਦਸੇ ਦੌਰਾਨ ਆਟੋ ਚਾਲਕ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਨਰਸਿੰਗ ਦੀ ਇਕ ਵਿਦਿਆਰਥਣ ਸਮੇਤ ਦੋ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਇਹ ਹਾਦਸਾ ਚਿਤਕਾਰਾ ਯੂਨੀਵਰਸਿਟੀ ਦੇ ਸਾਹਮਣੇ ਵਾਪਰਿਆ, ਜਦਕਿ ਇਕ ਹੋਰ ਹਾਦਸੇ 'ਚ ਆਟੋ ਪਲਟਣ ਨਾਲ ਇਕ ਸਾਈਕਲ ਸਵਾਰ ਅਤੇ ਨੌਂ ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਪਹਿਲੇ ਹਾਦਸੇ 'ਚ ਸਵੇਰੇ ਨੌਂ ਵਜੇ ਦੇ ਲੱਗਭਗ ਇਕ ਆਟੋ ਬਨੂੜ ਤੋਂ ਰਾਜਪੁਰਾ ਵੱਲ ਜਾ ਰਿਹਾ ਸੀ ਅਤੇ ਆਟੋ ਚਾਲਕ ਤੋਂ ਇਲਾਵਾ ਇਸ ਵਿਚ ਤਿੰਨ ਸਵਾਰੀਆਂ ਸਨ। ਚਿਤਕਾਰਾ ਯੂਨੀਵਰਸਿਟੀ ਦੇ ਨੇੜੇ ਚਾਲਕ ਨੇ ਆਟੋ ਸੜਕ ਕਿਨਾਰੇ ਖੜ੍ਹਾ ਕਰ ਲਿਆ। ਇਸ ਦੌਰਾਨ ਰਾਜਪੁਰਾ ਤੋਂ ਆ ਰਿਹਾ ਟਿੱਪਰ ਕੰਟਰੋਲ ਤੋਂ ਬਾਹਰ ਹੋ ਕੇ ਆਟੋ 'ਤੇ ਜਾ ਚੜ੍ਹਿਆ। ਹਾਦਸੇ ਪਿੱਛੋਂ ਦੋਵੇਂ ਵਾਹਨ ਖੇਤਾਂ ਵਿਚ ਜਾ ਡਿੱਗੇ। ਆਟੋ ਟਿੱਪਰ ਦੇ ਹੇਠਾਂ ਆ ਗਿਆ। ਲੋਕਾਂ ਨੇ ਮੁਸ਼ਕਿਲ ਨਾਲ ਆਟੋ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜ਼ਖਮੀਆਂ ਵਿਚ ਆਟੋ ਚਾਲਕ ਤਾਰਾ ਸਿੰਘ (40) ਨਿਵਾਸੀ ਚੌਹਾਨ ਕਾਲੋਨੀ ਅਤੇ ਸੁਨੀਲ ਕੁਮਾਰ ਨਿਵਾਸੀ ਮਾਨਕ ਨਗਰੀ ਜ਼ਿਲਾ ਕਾਸ਼ੀ ਰਾਮ ਨਗਰੀ ਉੱਤਰ ਪ੍ਰਦੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੁਲਦੀਪ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਨਰਸਿੰਗ ਕਾਲਜ ਤੋਂ ਸਵਾਰ ਹੋਈ ਦਾਮਿਨੀ ਮਹਿਰਾ ਨਾਮੀ ਵਿਦਿਆਰਥਣ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜਾ ਹਾਦਸਾ ਬਨੂੜ ਤੋਂ ਤੇਪਲਾ ਅੰਬਾਲਾ ਮਾਰਗ 'ਤੇ ਸਥਿਤ ਪਿੰਡ ਧਰਮਗੜ੍ਹ ਦੇ ਟੀ ਪੁਆਇੰਟ 'ਤੇ ਵਾਪਰਿਆ। ਹਾਦਸੇ ਵਿਚ ਨੌਂ ਸਵਾਰੀਆਂ ਨਾਲ ਭਰਿਆ ਇਕ ਤੇਜ਼ ਰਫ਼ਤਾਰ ਆਟੋ ਮੋੜ 'ਤੇ ਸਾਈਕਲ ਨਾਲ ਟਕਰਾ ਕੇ ਪਲਟ ਗਿਆ। ਇਹ ਆਟੋ ਲਾਲੜੂ ਤੋਂ ਬਨੂੜ ਵੱਲ ਆ ਰਿਹਾ ਸੀ। ਆਟੋ ਪਲਟਣ ਕਾਰਨ ਸਵਾਰ ਔਰਤਾਂ ਅਤੇ ਸਾਈਕਲ ਸਵਾਰ ਜ਼ਖਮੀ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ।
ਸਾਂਪਲਾ ਦੇ ਕਰੀਬੀ ਜਾਨ ਦੇ ਕਤਲ ਕਾਰਨ ਰਾਜਾ ਸਈਪੁਰੀਆ ਫਿਰ ਸੁਰਖੀਆਂ 'ਚ
NEXT STORY