ਖਰੜ, (ਅਮਰਦੀਪ/ਰਣਬੀਰ)- ਯੂ. ਟੀ. ਚੰਡੀਗੜ੍ਹ ਅਧੀਨ ਪੈਂਦੇ ਮਨੀਮਾਜਰਾ ਦੀ ਸ਼ਿਵਾਲਿਕ ਪਾਰਕ 'ਚੋਂ 1 ਦਸੰਬਰ ਨੂੰ 11 ਮਹੀਨੇ ਦਾ ਨੇਪਾਲੀ ਬੱਚਾ ਜੀਵਨ ਪੁੱਤਰ ਜੀਤ ਬਹਾਦਰ ਅਗਵਾ ਕੀਤਾ ਗਿਆ ਸੀ, ਜੋ ਬੁੱਧਵਾਰ 3 ਦਸੰਬਰ ਨੂੰ ਰਾਤ 11.30 ਵਜੇ ਖਰੜ ਤੋਂ ਇਕ ਢੋਆ-ਢੁਆਈ ਦੇ ਆਟੋ ਵਿਚੋਂ ਰੋਂਦਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਮਨੀਮਾਜਰਾ ਦੀ ਸ਼ਿਵਾਲਿਕ ਪਾਰਕ ਵਿਚੋਂ ਜੀਵਨ ਪੁੱਤਰ ਜੀਤ ਬਹਾਦਰ ਨਿਵਾਸੀ ਸ਼ਾਂਤੀ ਨਗਰ ਆਪਣੇ 10 ਸਾਲ ਦੇ ਵੱਡੇ ਭਰਾ ਸੁਰੇਸ਼ ਬਹਾਦਰ ਨਾਲ ਖੇਡ ਰਿਹਾ ਸੀ ਕਿ ਖੇਡਦਿਆਂ-ਖੇਡਦਿਆਂ ਪਾਰਕ ਵਿਚ ਇਕ ਔਰਤ ਉਨ੍ਹਾਂ ਕੋਲ ਆਈ ਅਤੇ ਉਸ ਦੇ ਵੱਡੇ ਭਰਾ ਨੂੰ ਮੂੰਗਫਲੀ ਖਿਲਾਉਣ ਦਾ ਲਾਲਚ ਦੇ ਕੇ ਉਸ ਨੂੰ ਪੈਸੇ ਦੇ ਕੇ ਮੂੰਗਫਲੀ ਲੈਣ ਰੇਹੜੀ 'ਤੇ ਭੇਜ ਦਿੱਤਾ ਅਤੇ ਪਿੱਛੋਂ ਔਰਤ 11 ਮਹੀਨੇ ਦੇ ਬੱਚੇ ਜੀਵਨ ਨੂੰ ਚੁੱਕ ਕੇ ਫਰਾਰ ਹੋ ਗਈ। ਇਸ ਸਬੰਧੀ ਮਨੀਮਾਜਰਾ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। 3 ਦਸੰਬਰ ਰਾਤ ਤਕਰੀਬਨ 11.30 ਵਜੇ ਜਦੋਂ ਖਰੜ ਦਾ ਇਕ ਵਿਅਕਤੀ ਜਸਪਾਲ ਸਿੰਘ ਪਾਲੀ ਖਰੜ-ਲਾਂਡਰਾਂ ਰੋਡ ਨੇੜੇ ਗੁਰਦੁਆਰਾ ਗੁਰੂ ਰਵਿਦਾਸ ਜੀ ਲਾਗਿਓਂ ਲੰਘ ਰਿਹਾ ਸੀ ਤਾਂ ਉਸ ਨੂੰ ਸੜਕ ਕਿਨਾਰੇ ਖੜ੍ਹੇ ਇਕ ਆਟੋ ਵਿਚ ਰੋਂਦੇ ਬੱਚੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਬੱਚਾ ਚੁੱਕ ਕੇ ਇਸ ਸਬੰਧੀ ਨਾਲ ਲੱਗਦੇ ਮੁਹੱਲੇ 'ਚ ਰਹਿੰਦੇ ਸਮਾਜ ਸੇਵੀ ਆਗੂ ਪੰਕਜ ਚੱਢਾ ਨੂੰ ਇਤਲਾਹ ਦਿੱਤੀ। ਪੰਕਜ ਚੱਢਾ ਨੇ ਦੱਸਿਆ ਕਿ ਉਸ ਨੇ ਇਕ ਬੱਚਾ ਅਗਵਾ ਹੋਣ ਦੀ ਖਬਰ ਪੰਜਾਬ ਕੇਸਰੀ ਅਖਬਾਰ ਵਿਚ ਪੜ੍ਹੀ ਸੀ ਅਤੇ ਉਸ ਨੂੰ ਸ਼ੱਕ ਹੋਇਆ ਕਿ ਇਹ ਉਹੀ ਬੱਚਾ ਤਾਂ ਨਹੀਂ ਤਾਂ ਉਸ ਨੇ ਇਸ ਸਬੰਧੀ ਸਿਟੀ ਥਾਣਾ ਪੁਲਸ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੂੰ ਸੂਚਨਾ ਦਿੱਤੀ ਅਤੇ ਉਨ੍ਹਾਂ ਮਨੀਮਾਜਰਾ ਯੂ. ਟੀ. ਦੇ ਐੱਸ. ਐੱਚ. ਓ. ਨਾਲ ਰਾਬਤਾ ਕਾਇਮ ਕੀਤਾ ਅਤੇ ਬੱਚੇ ਦੀਆਂ ਫੋਟੋਆਂ ਖਿੱਚ ਕੇ ਵ੍ਹਟਸਐਪ ਰਾਹੀਂ ਮਨੀਮਾਜਰਾ ਪੁਲਸ ਨੂੰ ਭੇਜੀਆਂ ਤਾਂ ਪਤਾ ਲੱਗਾ ਕਿ ਜੋ ਬੱਚਾ ਅਗਵਾ ਹੋਇਆ ਸੀ ਇਹ ਉਹੀ ਬੱਚਾ ਹੈ। ਇਸ ਸਬੰਧੀ ਐੱਸ. ਐੱਚ. ਓ. ਸਿਟੀ ਮਨਜੀਤ ਸਿੰਘ ਨੇ ਦੱਸਿਆ ਕਿ ਮਨੀਮਾਜਰਾ ਪੁਲਸ ਦੇ ਮੁਲਾਜ਼ਮ ਬੱਚੇ ਦੇ ਰਿਸ਼ਤੇਦਾਰ ਸਮੇਤ ਖਰੜ ਪੁੱਜੇ ਤਾਂ ਪੂਰੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਰਾਤ 2 ਵਜੇ ਬੱਚੇ ਨੂੰ ਉਸ ਦੇ ਮਾਮਾ ਟੌਮ ਬਹਾਦਰ ਦੇ ਹਵਾਲੇ ਕਰ ਦਿੱਤਾ ਗਿਆ। ਜੀਵਨ ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਆਗੂ ਪੰਕਜ ਚੱਢਾ ਅਤੇ ਖਰੜ ਪੁਲਸ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਬੱਚੇ ਨੂੰ ਸਹੀ-ਸਲਾਮਤ ਉਨ੍ਹਾਂ ਦੇ ਹਵਾਲੇ ਕੀਤਾ ਹੈ।
ਟਰੱਕ ਦੀ ਲਪੇਟ 'ਚ ਆ ਕੇ ਸਾਈਕਲ ਸਵਾਰ ਦੀ ਮੌਤ
NEXT STORY