ਚੰਡੀਗੜ੍ਹ, (ਅਸ਼ਵਨੀ)- ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਦੇਸ਼ ਦੀਆਂ ਜੇਲਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ 'ਚ ਹੁਣ ਪੰਜਾਬ ਸਰਕਾਰ ਵੀ ਮੋਚਰਾ ਖੋਲ੍ਹਣ ਦੀ ਤਿਆਰੀ 'ਚ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਛੇਤੀ ਹੀ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖੇਗੀ ਤਾਂ ਜੋ ਸਿੱਖ ਕੈਦੀਆਂ ਦੀ ਰਿਹਾਈ ਯਕੀਨੀ ਹੋ ਸਕੇ। ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ 'ਚ ਲੰਬੇ ਸਮੇਂ ਤੋਂ ਤੂਲ ਫੜਿਆ ਹੋਇਆ ਹੈ। ਇਸੇ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਪਿਛਲੇ 22 ਦਿਨਾਂ ਤੋਂ ਅੰਬਾਲਾ ਦੇ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ 'ਚ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਜਦੋਂ ਉਹ ਭੁੱਖ ਹੜਤਾਲ 'ਤੇ ਬੈਠੇ ਸਨ ਤਾਂ ਉਨ੍ਹਾਂ ਦਾ ਵਜ਼ਨ 80 ਕਿਲੋ ਦੇ ਕਰੀਬ ਸੀ ਜੋ ਕਿ ਹੁਣ ਲਗਭਗ 67 ਕਿਲੋ ਰਹਿ ਗਿਆ ਹੈ। ਭੁੱਖ ਹੜਤਾਲ ਖਤਮ ਕਰਵਾਉਣ ਲਈ ਜ਼ਿਲਾ ਪੱਧਰੀ ਅਧਿਕਾਰੀ ਕਈ ਵਾਰ ਭਾਈ ਗੁਰਬਖਸ਼ ਸਿੰਘ ਨੂੰ ਅਪੀਲ ਕਰ ਚੁੱਕੇ ਹਨ ਪਰ ਉਨ੍ਹਾਂ ਸਪੱਸ਼ਟ ਕਹਿ ਦਿੱਤਾ ਹੈ ਕਿ ਜਦੋਂ ਤਕ ਸਿੱਖ ਕੈਦੀਆਂ ਦੀ ਰਿਹਾਈ ਯਕੀਨੀ ਨਹੀਂ ਹੋ ਜਾਂਦੀ ਉਦੋਂ ਤਕ ਉਹ ਟਸ ਤੋਂ ਮਸ ਨਹੀਂ ਹੋਣਗੇ।
ਖਾਲਸਾ ਮੁਤਾਬਿਕ ਬੁੜੈਲ, ਨਾਭਾ, ਤਿਹਾੜ, ਕਰਨਾਟਕ ਅਤੇ ਬਰੇਲੀ ਜੇਲ 'ਚ 7 ਸਿੱਖ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਹੁਣ ਵੀ ਜਬਰੀ ਕੈਦ ਕਰਕੇ ਰੱਖਿਆ ਹੋਇਆ ਹੈ। ਗੁਰਬਖਸ਼ ਸਿੰਘ ਨੇ ਇਸ ਬਾਬਤ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਚਿੱਠੀ ਭੇਜੀ ਹੈ ਪਰ ਹੁਣ ਤਕ ਇਸ 'ਤੇ ਕੋਈ ਜਵਾਬ ਨਹੀਂ ਆਇਆ ਹੈ। ਖਾਲਸਾ ਇਸ ਤੋਂ ਪਹਿਲਾਂ ਵੀ 14 ਨਵੰਬਰ 2013 ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ 'ਚ ਭੁੱਖ ਹੜਤਾਲ 'ਤੇ ਬੈਠੇ ਸਨ। ਉਦੋਂ ਕਰੀਬ 44 ਦਿਨ ਲੰਬੀ ਭੁੱਖ ਹੜਤਾਲ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਨੇ ਖਾਲਸਾ ਨੂੰ ਇਸ ਮਾਮਲੇ ਦਾ ਛੇਤੀ ਤੋਂ ਛੇਤੀ ਹੱਲ ਕਰਵਾਉਣ ਸੰਬੰਧੀ ਭਰੋਸਾ ਦਿਵਾਇਆ ਸੀ। ਜਿਸ 'ਤੇ ਗੁਰਬਖਸ਼ ਸਿੰਘ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ। ਇਹ ਵੱਖਰੀ ਗੱਲ ਹੈ ਕਿ ਇਸੇ ਮਾਮਲੇ ਨੂੰ ਲੈ ਕੇ ਹੁਣ ਇਕ ਵਾਰ ਮੁੜ ਤੋਂ ਉਨ੍ਹਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ।
ਨਸ਼ੇ ਦੇ ਮਾਮਲੇ 'ਚ ਜਾਂਚ ਏਜੰਸੀਆਂ 'ਤੇ ਨੋ ਕੁਮੈਂਟ : ਪੰਜਾਬ 'ਚ ਡਰੱਗ ਰੈਕੇਟ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਸੁਖਬੀਰ ਬਾਦਲ ਪੂਰੀ ਤਰ੍ਹਾਂ ਚੁੱਪੀ ਸਾਧ ਗਏ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੇ। ਸੁਖਬੀਰ ਬਾਦਲ ਤੋਂ ਜਦੋਂ ਪੁੱਛਿਆ ਗਿਆ ਕਿ ਸੂਬਾ ਸਰਕਾਰਾਂ ਲਗਾਤਾਰ ਕੇਂਦਰ ਸਰਕਾਰ 'ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾ ਰਹੀਆਂ ਹਨ ਕੀ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਦਬਾਅ 'ਚ ਹੈ?, ਇਸ 'ਤੇ ਵੀ ਉਪ ਮੁੱਖ ਮੰਤਰੀ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਥੇ ਹੀ ਭਾਜਪਾ ਦੀ ਪੰਜਾਬ ਇਕਾਈ ਦੇ ਨੇਤਾਵਾਂ ਵਲੋਂ ਚੀਫ ਪਾਰਲੀਮੈਂਟ ਸੈਕਟਰੀ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਲਗਾਤਾਰ ਮੰਗ ਦੇ ਸੁਆਲ 'ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਾਲ ਹੁਣ ਤਕ ਕਿਸੇ ਵੀ ਭਾਜਪਾ ਨੇਤਾ ਨੇ ਇਸ ਸੰਬੰਧ 'ਚ ਗੱਲਬਾਤ ਨਹੀਂ ਕੀਤੀ ਹੈ ਅਤੇ ਨਾ ਹੀ ਇਹ ਮਾਮਲਾ ਹੁਣ ਤਕ ਉਨ੍ਹਾਂ ਕੋਲ ਆਇਆ ਹੈ। ਹਾਲਾਂਕਿ ਉਨ੍ਹਾਂ ਨੇ ਨਸ਼ੇ ਦੇ ਕਾਰੋਬਾਰ 'ਤੇ ਪੰਜਾਬ ਸਰਕਾਰ ਦੀ ਸਖਤੀ ਦਾ ਹਵਾਲਾ ਜ਼ਰੂਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ 'ਤੇ ਵਚਨਬੱਧ ਹੈ ਪਰ ਦੋਸ਼ ਦੇ ਆਧਾਰ 'ਤੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਪੰਜਾਬ ਕਾਂਗਰਸ ਨੇ ਹਾਲ ਹੀ 'ਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਰੈਕੇਟ 'ਚ ਸ਼ਾਮਲ ਹੋਣ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਸਨ। ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕੈਬਨਿਟ ਮੰਤਰੀ ਖਿਲਾਫ ਕਈ ਸਬੂਤ ਦਿੱਤੇ ਹਨ, ਜਿਸਦੇ ਆਧਾਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਮਜੀਠੀਆ ਨੂੰ ਸੰਮਨ ਜਾਰੀ ਕਰਨਾ ਚਾਹੁੰਦੀ ਹੈ ਪਰ ਪੰਜਾਬ ਸਰਕਾਰ ਲਗਾਤਾਰ ਇਸਦੇ ਵਿਰੋਧ 'ਚ ਕੇਂਦਰ ਸਰਕਾਰ 'ਤੇ ਦਬਾਅ ਬਣਾ ਰਹੀ ਹੈ।
ਜਨਤਾ ਪਰਿਵਾਰ ਦੀ ਜਾਣਕਾਰੀ ਨਹੀਂ- ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਰੀਬੀ ਹੋਣ ਦੇ ਬਾਵਜੂਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਲਾਇਮ ਦੇ 'ਜਨਤਾ ਪਰਿਵਾਰ' ਦੀ ਕਵਾਇਦ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਮੁਲਾਇਮ ਸਿੰਘ ਯਾਦਵ ਜਨਤਾ ਪਰਿਵਾਰ ਨੂੰ ਇਕਜੁਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਰੀਬੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾਵਾਂ ਦੀ ਵੀ ਮੁਲਾਇਮ ਨਾਲ ਮੁਲਾਕਾਤ 'ਤੇ ਉਨ੍ਹਾਂ ਕਿਹਾ ਕਿ ਇਹ ਇਨੈਲੋ ਦੇ ਨੇਤਾ ਹੀ ਤੈਅ ਕਰਨਗੇ ਕਿ ਉਨ੍ਹਾਂ ਨੇ ਕਿਸ ਦੇ ਨਾਲ ਰਹਿਣਾ ਹੈ। ਵੀਰਵਾਰ ਨੂੰ ਹੀ ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਅਤੇ ਰਾਸ਼ਟਰੀ ਲੋਕ ਦਲ ਦੇ ਨੇਤਾਵਾਂ ਨੇ ਇਕਜੁਟ ਹੋਣ ਦਾ ਐਲਾਨ ਕੀਤਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਸਾਬਕਾ ਜਨਤਾ ਪਰਿਵਾਰ ਨਾਲ ਸੰਬੰਧਤ ਸਾਰੀਆਂ ਪਾਰਟੀਆਂ ਨੂੰ ਇਕਜੁਟ ਕਰਨ ਲਈ ਹੋਣ ਵਾਲੀਆਂ ਬੈਠਕਾਂ ਕਰਨ ਦਾ ਵੀ ਐਲਾਨ ਕੀਤਾ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਨਾਲ ਕੰਮ ਕਰਨ 'ਤੇ ਤਾਂ ਪਹਿਲਾਂ ਹੀ ਸਹਿਮਤੀ ਬਣ ਗਈ ਸੀ। ਹੁਣ ਅਸੀਂ ਇਕ ਦਲ ਬਣਾਉਣ ਦੀ ਦਿਸ਼ਾ 'ਚ ਮੁਲਾਇਮ ਸਿੰਘ ਨੂੰ ਕੰਮ ਕਰਨ ਦੀ ਜ਼ਿੰਮੇਦਾਰੀ ਸੌਂਪੀ ਹੈ। ਅਸੀਂ ਇਕ ਪਾਰਟੀ ਬਣਾਉਣ ਦੀ ਦਿਸ਼ਾ 'ਚ ਵਧ ਰਹੇ ਹਾਂ। ਆਸ਼ੂਤੋਸ਼ ਮਹਾਰਾਜ ਮਾਮਲੇ ਦੀ ਰਿਪੋਰਟ ਵੇਖ ਕੇ ਲਵਾਂਗੇ ਐਕਸ਼ਨ : ਆਸ਼ੂਤੋਸ਼ ਮਹਾਰਾਜ ਦੇ ਸਸਕਾਰ ਨੂੰ ਲੈ ਕੇ ਹਾਈਕੋਰਟ ਦੇ ਆਦੇਸ਼ 'ਤੇ ਡੇਰਾ ਪ੍ਰੇਮੀਆਂ ਦੇ ਵਿਰੋਧ ਕਾਰਨ ਪੈਦਾ ਹੋਏ ਤਣਾਅ ਦੇ ਮਾਮਲੇ 'ਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤਕ ਹੁਕਮਾਂ ਨੂੰ ਸਟੱਡੀ ਨਹੀਂ ਕੀਤਾ ਹੈ। ਹੁਕਮਾਂ ਦਾ ਅਧਿਅਨ ਕਰਨ ਮਗਰੋਂ ਹੀ ਅਗਲੀ ਕਾਰਵਾਈ ਲਈ ਆਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਸੂਬੇ 'ਚ ਲਾਅ ਐਂਡ ਆਰਡਰ ਨੂੰ ਦਰੁੱਸਤ ਰੱਖਣ ਦੀ ਹੈ ਅਤੇ ਇਸ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾਏਗੀ। ਹਾਈਕੋਰਟ ਨੇ ਹਾਲ ਹੀ 'ਚ 11 ਮਹੀਨੇ ਤੋਂ ਗੁਰੂ ਆਸ਼ੂਤੋਸ਼ ਮਹਾਰਾਜ ਦੇ ਫਰੀਜ਼ਰ 'ਚ ਪਏ ਸਰੀਰ ਦਾ ਸਸਕਾਰ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਉਨ੍ਹਾਂ ਦੇ ਚੇਲੇ ਗੁਰੂ ਦਾ ਸਸਕਾਰ ਨਾ ਕਰਨ 'ਤੇ ਅੜੇ ਹੋਏ ਹਨ। ਇਸਦੇ ਚਲਦੇ ਪੰਜਾਬ 'ਚ ਆਸ਼ੂਤੋਸ਼ ਮਹਾਰਾਜ ਦੇ ਡੇਰੇ ਅਤੇ ਆਸ਼ਰਮ ਨੇੜੇ ਪੁਲਸ ਦੀ ਤੈਨਾਤੀ ਦੁੱਗਣੀ ਕਰ ਦਿੱਤੀ ਗਈ ਹੈ। ਮਹਾਰਾਜ ਦੇ ਭਗਤਾਂ ਦਾ ਕਹਿਣਾ ਹੈ ਕਿ ਗੁਰੂ ਦੀ ਮੌਤ ਨਹੀਂ ਹੋਈ ਹੈ ਸਗੋਂ ਉਹ ਸਮਾਧੀ 'ਚ ਗੰਭੀਰ ਚਿੰਤਨ ਕਰ ਰਹੇ ਹਨ। ਡੇਰੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਅਪੀਲ ਕਰਨਗੇ ਜਦੋਂਕਿ ਹਾਈਕੋਰਟ ਨੇ ਇਸੇ ਹਫਤੇ 15 ਦਿਨਾਂ ਦੇ ਅੰਦਰ ਸਸਕਾਰ ਕਰਨ ਦਾ ਹੁਕਮ ਦਿੱਤਾ ਹੈ।
ਸੜਕ ਹਾਦਸੇ 'ਚ ਟਰੈਕਟਰ ਚਾਲਕ ਦੀ ਮੌਤ
NEXT STORY