ਮੋਦੀ ਸਰਕਾਰ ਐੱਫ. ਸੀ. ਆਈ. ਖਤਮ ਕਰਕੇ ਕਿਸਾਨਾਂ ਦੀ ਕਰਵਾਏਗੀ ਲੁੱਟ
ਗੜ੍ਹਸ਼ੰਕਰ, (ਸ਼ੋਰੀ)-ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਪਿੰਡ ਬੋੜਾ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਅਕਾਲੀ ਭਾਜਪਾ ਸਰਕਾਰ 'ਤੇ ਵੱਖ-ਵੱਖ ਹਮਲੇ ਕੀਤੇ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਜਿਥੇ ਨਸ਼ਿਆਂ ਦੇ ਵੱਧ ਰਹੇ ਕਾਰੋਬਾਰ ਲਈ ਸਿੱਧੇ ਤੌਰ 'ਤੇ ਗਠਜੋੜ ਨੂੰ ਦੋਸ਼ੀ ਕਰਾਰ ਦਿੱਤਾ, ਉਥੇ ਨਾਲ ਹੀ ਕਾਂਗਰਸੀ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਸਰਕਾਰੀ ਬਾਬੂਆਂ ਨੂੰ ਵੀ ਖਬਰਦਾਰ ਕੀਤਾ।
ਬਾਜਵਾ ਨੇ ਇਸ ਮੌਕੇ ਐਲਾਨ ਕੀਤਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਸਪੈਸ਼ਲ ਕੋਰਟ ਗਠਿਤ ਕਰ ਕੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ ਤੇ ਦੋਸ਼ੀ ਵਿਅਕਤੀਆਂ ਦੀਆਂ ਜਾਇਦਾਦਾਂ ਸਰਕਾਰ ਜ਼ਬਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹਰ ਸਾਲ ਪੰਜਾਬ ਸਿਰ 11000 ਕਰੋੜ ਦਾ ਕਰਜ਼ ਚੜ੍ਹ ਰਿਹਾ ਹੈ। ਜਿਸ ਨੂੰ ਉਤਾਰਣ ਲਈ ਬਾਦਲ ਸਰਕਾਰ ਸ਼ਹਿਰੀ ਲੋਕਾਂ 'ਤੇ ਨਵੇਂ ਟੈਕਸ ਲਾਉਣ ਦੀ ਫਿਰਾਕ ਵਿਚ ਹੈ।
ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਨੂੰ ਖਤਮ ਕਰ ਕੇ ਕਿਸਾਨਾਂ ਦੀ ਵਪਾਰੀਆਂ ਹੱਥੋਂ ਲੁੱਟ ਦਾ ਰਾਹ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਫ. ਸੀ. ਆਈ. ਖਤਮ ਹੁੰਦੀ ਹੈ ਤਾਂ 1400 ਰੁਪਏ ਵਿਕਣ ਵਾਲਾ ਝੋਨਾ 600 ਤੋਂ 700 ਰੁਪਏ ਤੱਕ ਵੇਚਣ ਲਈ ਕਿਸਾਨ ਮਜਬੂਰ ਹੋ ਜਾਣਗੇ। ਪੰਜਾਬ ਅੰਦਰ ਪਿਛਲੇ 7 ਸਾਲਾਂ ਵਿਚ 18770 ਕਾਰਖਾਨੇ ਬੰਦ ਹੋਣ, 70 ਫੀਸਦੀ ਤੱਕ ਪੰਜਾਬੀ ਨੌਜਵਾਨਾਂ ਦਾ ਨਸ਼ੇ ਦੀ ਆਦਤ ਦਾ ਸ਼ਿਕਾਰ ਹੋਣਾ ਅਤੇ ਅਕਾਲੀ ਭਾਜਪਾ ਸਰਕਾਰ ਵਲੋਂ ਆਪਣੇ ਚੋਣ ਐਲਾਨ ਪੱਤਰ ਅਨੁਸਾਰ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਗਠਜੋੜ ਸਰਕਾਰ ਦੀ ਰੱਜ ਕੇ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਬੜੇ ਅਫਸੋਸ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਡਾਂਸ ਦੇਖਣ ਲਈ ਫੁਰਸਤ (ਵੇਹਲ) ਹੈ ਪਰ ਡਾਕਟਰਾਂ ਦੀ ਲਾਪ੍ਰਵਾਹੀ ਨਾਲ ਅੰਨ੍ਹੇ ਹੋਏ ਬਜ਼ੁਰਗਾਂ ਦੀ ਉਨ੍ਹਾਂ ਨੂੰ ਪਰਵਾਹ ਨਹੀਂ ਹੈ। ਇਸ ਮੌਕੇ ਉਨ੍ਹਾਂ ਪਾਰਟੀ ਦੀ ਨਵੀਂ ਸ਼ੁਰੂ ਹੋ ਰਹੀ ਭਰਤੀ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਗੜ੍ਹਸ਼ੰਕਰ ਵਿਧਾਨਸਭਾ ਹਲਕਾ ਵਿਚੋਂ ਪਾਰਟੀ ਨੇ 25 ਹਜ਼ਾਰ ਮੈਂਬਰਸ਼ਿਪ ਦਾ ਟੀਚਾ ਰੱਖਿਆ ਹੈ ਅਤੇ ਹਰ ਯੂਥ 'ਤੇ 11 ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਕਮਲਜੀਤ ਓਹਰੀ, ਡਾ. ਕੁਲਦੀਪ , ਡਾ. ਰਾਮ ਲਾਲ ਜੱਸੀ, ਨਰੇਸ਼ ਠਾਕੁਰ, ਕ੍ਰਿਸ਼ਨ ਦੇਵ, ਹਰਵੇਲ ਸਿੰਘ ਸੈਣੀ, ਪੰਕਜ ਕ੍ਰਿਪਾਲ, ਖਰੇਤੀ ਲਾਲ, ਹਰਪ੍ਰੀਤ ਸਿੰਘ ਸਾਧੋਵਾਲ, ਕੁਲਵਿੰਦਰ ਬਿੱਟੂ, ਸਰਵਣ ਰਾਮ ਸਹਿਤ ਹੋਰਾਂ ਨੇ ਵੀ ਸੰਬੋਧਨ ਕੀਤਾ।
ਬਾਦਲ ਸਰਕਾਰ ਨੇ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ : ਪ੍ਰਨੀਤ ਕੌਰ
NEXT STORY