ਬੇਸ਼ੱਕ ਅਤਿਅੰਤ ਸੂਖ਼ਮ ਸਤਰਾਂ ਜਾਂ ਬੀਜ ਰੂਪ ਵਿਚ ਤਾਂ 'ੴ' ਦਾ ਅਲੌਕਿਕ ਨਾਦ ਖੰਡ ਮੰਡਲ ਬ੍ਰਹਿਮੰਡਾਂ 'ਚ ਤੇ ਚਾਰੇ ਖਾਣੀਆਂ 'ਚ ਗੂੰਜ ਹੀ ਰਿਹਾ ਹੈ ਪਰ ਵਿਸ਼ੇਸ਼ ਰੂਪ ਨਾਲ ਉਥੇ ਪ੍ਰਗਟ ਹੈ, ਜਿਥੇ ਪ੍ਰਮਾਤਮੀ ਜੋਤਿ ਵਿਸ਼ੇਸ਼ ਪ੍ਰਕਾਸ਼ਿਤ ਹੈ।
ਧਰਤੀ ਤੋਂ ਸਿੱਧੇ ਹੀ ਪ੍ਰਗਟ ਹੋ ਰਹੀਆਂ ਦਰੱਖਤ ਬਨਸਪਤੀ ਆਦਿ ਉਤਭੁਜ ਜੂਨਾਂ ਹਨ, ਜੋ ਪਸੀਨੇ ਆਦਿ ਪ੍ਰਾਣੀਆਂ ਦੇ ਅੰਸ਼ ਜਲ ਤੱਤ ਤੋਂ ਪੈਦਾ ਹੋਣ ਵਾਲੇ ਜੂੰਆਂ, ਲੀਖਾਂ, ਕੀੜੇ ਆਦਿ ਹਨ, ਉਹ ਸੇਤਜ ਜੂਨਾਂ ਹਨ। ਜੋ ਅੰਡਿਆਂ ਤੋਂ ਪੰਛੀ, ਕੁੱਕੜ, ਸੱਪ ਆਦਿ ਹੁੰਦੇ ਹਨ, ਉਹ ਅੰਡਜ ਹਨ। ਜੋ ਇਸਤਰੀ ਦੇ ਗਰਭ 'ਚੋਂ ਹੀ ਸਿੱਧੇ ਮਨੁੱਖ ਤੇ ਪਸ਼ੂ ਆਦਿ ਪੈਦਾ ਹੁੰਦੇ ਹਨ, ਉਹ ਜੇਰਜ ਹਨ। ਚੁਰਾਸੀ ਲੱਖ ਜੂਨਾਂ ਦੀ ਉਤਪਤਿ ਇਨ੍ਹਾਂ ਚਾਰ ਤਰੀਕਿਆਂ ਨਾਲ ਹੀ ਹੁੰਦੀ ਹੈ।
ਇਹ ਸਹੀ ਹੈ ਕਿ ਇਨ੍ਹਾਂ ਚੁਰਾਸੀ ਲੱਖ ਜੂਨਾਂ ਵਿਚ (ਮਨੁੱਖ ਨੂੰ ਛੱਡ ਦੇਈਏ ਤਾਂ) ਸਾਧਾਰਨ ਤੌਰ 'ਤੇ ਬੀਜ ਰੂਪ ਵਿਚ ਤਾਂ ਇਲਾਹੀ ਨਾਦ ਦਾ ਸੰਗੀਤ ਸਦਾ ਹੀ ਚੱਲ ਰਿਹਾ ਹੈ ਕਿਉਂਕਿ ਉਸ ਦੇ ਬਿਨਾਂ ਤਾਂ ਸ੍ਰਿਸ਼ਟੀ ਹੀ ਸੰਭਵ ਨਹੀਂ ਪਰ ਵਿਸ਼ੇਸ਼ ਰੂਪ ਨਾਲ ਇਹ ਪ੍ਰਗਟ ਨਹੀਂ ਹੈ। ਜੇ ਕਿਤੇ ਵਿਸ਼ੇਸ਼ ਰੂਪ ਨਲ ਪ੍ਰਗਟ ਵੀ ਹੈ ਤਾਂ ਉਹ ਪ੍ਰਾਣਾਂ ਦੀ ਸ਼ਕਤੀ ਤੇ ਸੂਰਬੀਰਤਾ ਦੇ ਰੂਪ ਵਿਚ ਹੀ ਹੋ ਰਿਹਾ ਹੈ, ਨਾ ਕਿ ਵਿਵੇਕ ਵਿਚਾਰ ਰਾਹੀਂ ਪ੍ਰਮਾਤਮੀ ਜੋਤਿ ਨਾਲ ਜੁੜਨ ਦੀ ਸਾਧਨਾ ਦੇ ਰਾਹੀਂ।
ਸਭ ਜਾਣਦੇ ਹਨ ਕਿ ਪਸ਼ੂ-ਪੰਛੀ ਹਮੇਸ਼ਾ ਆਪੋ ਆਪਣੇ ਝੁੰਡ ਬਣਾ ਕੇ ਹੀ ਰਹਿੰਦੇ ਹਨ ਤੇ ਹਰ ਇਕ ਝੁੰਡ ਦਾ ਇਕ ਲੀਡਰ ਹੁੰਦਾ ਹੈ। ਹਾਥੀਆਂ ਦਾ, ਗਊਆਂ ਦਾ, ਕੀੜੀਆਂ ਦਾ, ਮੱਖੀਆਂ ਦਾ, ਬਾਂਦਰਾਂ ਦਾ ਆਦਿ ਸਭ ਦਾ ਇਕ ਲੀਡਰ ਹੁੰਦਾ ਹੈ, ਜਿਹੜਾ ਸਭ ਤੋਂ ਜ਼ਿਆਦਾ ਸੂਰ, ਮਹਾਬਲ ਤੇ ਯੋਧਾ ਹੁੰਦਾ ਹੈ। ਬਾਕੀ ਸਾਰੇ ਪਸ਼ੂ ਆਪਣੇ ਲੀਡਰ ਦੇ ਪਿੱਛੇ-ਪਿੱਛੇ ਚੱਲਦੇ ਹਨ।
ਇਕ ਮਨੁੱਖੀ ਪ੍ਰਾਣੀ ਦਾ ਤਾਂ ਆਪਣਾ ਸੁਤੰਤਰ ਵਿਅਕਤੀਤਵ ਹੁੰਦਾ ਹੈ ਪਰ ਪਸ਼ੂਆਂ-ਪੰਛੀਆਂ, ਦਰੱਖਤਾਂ ਵਿਚ ਚੇਤਨਾ ਦਾ ਐਨਾ ਵਿਕਾਸ ਨਹੀਂ ਹੋਇਆ ਹੁੰਦਾ, ਉਨ੍ਹਾਂ ਦੀ ਚੇਤਨਾ ਦਾ ਵਿਕਾਸ ਇਕ ਝੁੰਡ ਵਿਚ ਸਮੂਹਿਕ ਰੂਪ ਨਾਲ ਹੀ ਹੁੰਦਾ ਹੈ। ਇਸ ਦੇ ਲੀਡਰ ਵਿਚ ਬਾਕੀਆਂ ਨਾਲੋਂ ਜ਼ਿਆਦਾ ਸੂਰਬੀਰਤਾ ਤੇ ਔਕੜਾਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਆਪਣੇ ਲੀਡਰ ਸੂਰ ਯੋਧਾ ਦੀ ਅਗਵਾਈ ਵਿਚ ਉਹ ਆਪਣੇ ਅਸਤਿੱਤਵ ਨੂੰ ਬਚਾਉਣ ਦੀ ਲੜਾਈ ਲੜਦੇ ਹਨ।
ਇਸ ਤਰ੍ਹਾਂ ਦੇ ਸੰਘਰਸ਼ ਨਾਲ ਉਨ੍ਹਾਂ ਦੀ ਤਾਕਤ ਵਧਦੀ ਹੈ, ਉਨ੍ਹਾਂ ਦੇ ਪ੍ਰਾਣਾਂ 'ਚ ਚੇਤਨਾ ਦਾ ਵਿਕਾਸ ਹੁੰਦਾ ਹੈ। ਭਾਵੇਂ ਇਹ ਚੇਤਨਾ ਦੇ ਵਿਕਾਸ ਦੀ ਪ੍ਰਕਿਰਿਆ ਬਹੁਤ ਹੀ ਹੌਲੀ ਤੇ ਕੀੜੀ ਦੀ ਚਾਲ ਨਾਲੋਂ ਵੀ ਕਿਤੇ ਮੰਦ ਹੈ ਪਰ ਇਸ ਵਿਕਾਸ ਵਿਚ ਆਪੋ-ਆਪਣੇ ਝੁੰਡ ਦੇ ਲੀਡਰ ਦਾ ਖਾਸ ਹੱਥ ਹੁੰਦਾ ਹੈ।
ਭਾਰਤੀ ਸੰਸਕ੍ਰਿਤੀ ਨੂੰ ਸਮੋਈ ਬੈਠਾ
NEXT STORY