ਨਵੀਂ ਦਿੱਲੀ - ਅਰਥਵਿਵਸਥਾ 'ਚ ਸੁਧਾਰ ਦੀ ਉਮੀਦ ਨੂੰ ਝੱਟਕਾ ਲੱਗਾ ਹੈ। ਅਕਤੂਬਰ 'ਚ ਵਿਨਿਰਮਾਣ ਖੇਤਰ ਦੇ ਖਰਾਬ ਪ੍ਰਦਰਸ਼ਨ ਤੇ ਪੂੰਜੀਗਤ ਤੇ ਉਪਭੋਗਤਾ ਵਸਤੂਆਂ ਦੇ ਉਤਪਾਦਨ 'ਚ ਗਿਰਾਵਟ ਨਾਲ ਕੁੱਲ ਉਦਯੋਗਿਕ ਉਤਪਾਦਨ 'ਚ 4.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ 2 ਸਾਲਾਂ 'ਚ ਉਦਯੋਗਿਕ ਉਤਪਾਦਨ ਦੀ ਇਹ ਸਭ ਤੋਂ ਤੇਜ਼ ਗਿਰਾਵਟ ਹੈ। ਬੀਤੇ ਸਾਲ ਇਸੇ ਮਹੀਨੇ 'ਚ 1.2 ਫੀਸਦੀ ਗਿਰਾਵਟ ਆਈ ਸੀ। ਕੇਂਦਰੀ ਅੰਕੜਾ ਦਫਤਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਅਨੁਸਾਰ ਅਪ੍ਰੈਲ-ਅਕਤੂਬਰ ਦੌਰਾਨ ਉਦਯੋਗਿਕ ਉਤਪਾਦਨ 1.9 ਫੀਸਦੀ ਵਧਿਆ ਜਦਕਿ ਬੀਤੇ ਸਾਲ ਦੇ ਇਸੇ ਸਮੇਂ ਦੌਰਾਨ ਇਸ 'ਚ 0.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਚਕ ਅੰਕ 'ਚ 75 ਫੀਸਦੀ ਤੋਂ ਵੱਧ ਹਿੱਸੇਦਾਰੀ ਰੱਖਣ ਵਾਲੇ ਵਿਨਿਰਮਾਣ ਖੇਤਰ ਦੇ ਉਤਪਾਦਨ 'ਚ ਅਕਤੂਬਰ 'ਚ 7.6 ਫੀਸਦੀ ਦੀ ਗਿਰਾਵਟ ਆਈ ਜਦਕਿ 1 ਸਾਲ ਪਹਿਲਾਂ ਇਸੇ ਮਹੀਨੇ 'ਚ 1.3 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ। ਅਪ੍ਰੈਲ-ਅਕਤੂਬਰ ਦੌਰਾਨ ਇਸ ਖੇਤਰ 'ਚ 0.7 ਫੀਸਦੀ ਵਾਧਾ ਹੋਇਆ ਸੀ ਜਦਕਿ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 0.1 ਫੀਸਦੀ ਦੀ ਗਿਰਾਵਟ ਹੋਈ ਸੀ। ਪੂੰਜੀਗਤ ਵਸਤੂਆਂ ਦਾ ਉਤਪਾਦਨ ਅਕਤੂਬਰ 'ਚ 2.3 ਫੀਸਦੀ ਘਟਿਆ ਜਦਕਿ ਬੀਤੇ ਸਾਲ ਇਸੇ ਮਹੀਨੇ 2.5 ਫੀਸਦੀ ਵਾਧਾ ਦਰਜ ਹੋਇਆ ਸੀ। ਅਪ੍ਰੈਲ-ਅਕਤੂਬਰ ਪੂੰਜੀਗਤ ਵਸਤੂਆਂ ਦੇ ਉਤਪਾਦਨ 'ਚ 4.8 ਫੀਸਦੀ ਦਾ ਵਾਧਾ ਹੋਇਆ ਜਦ ਕਿ ਬੀਤੇ ਸਾਲ ਦੇ ਇਸੇ ਸਮੇਂ ਦੌਰਾਨ 0.2 ਫੀਸਦੀ ਗਿਰਾਵਟ ਦਰਜ ਹੋਈ ਸੀ। ਸੋਧੇ ਅੰਕੜਿਆਂ 'ਚ ਸਤੰਬਰ ਦਾ ਉਦਯੋਗਿਕ ਵਾਧਾ 2.8 ਫੀਸਦੀ ਕਰ ਦਿੱਤਾ ਗਿਆ ਜਦ ਕਿ ਬੀਤੇ ਮਹੀਨੇ ਜਾਰੀ ਅਸਥਾਈ ਅੰਦਾਜ਼ੇ 'ਚ ਇਹ 2.5 ਫੀਸਦੀ ਦੱਸਿਆ ਗਿਆ ਸੀ। ਵਿਨਿਰਮਾਣ ਖੇਤਰ 'ਚ 22 'ਚੋਂ 16 ਉਦਯੋਗਾਂ ਦਾ ਉਤਪਾਦਨ ਘਟਿਆ ਹੈ। ਸਭ ਤੋਂ ਜ਼ਿਆਦਾ 70.2 ਫੀਸਦੀ ਗਿਰਾਵਟ ਰੇਡੀਓ, ਟੀ. ਵੀ. ਤੇ ਸੰਚਾਰ ਉਪਕਰਨ ਖੇਤਰ ਦੇ ਉਦਯੋਗ 'ਚ ਆਈ ਹੈ। ਇਸ ਦੇ ਬਾਅਦ ਕ੍ਰਮਵਾਰ ਦਫਤਰੀ ਲੇਖਾ ਤੇ ਕੰਪਿਊਟਰਿੰਗ ਮਸ਼ੀਨਰੀ ਉਦਯੋਗ 'ਚ 31.6 ਫੀਸਦੀ ਤੇ ਫਰਨੀਚਰ ਵਿਨਿਰਮਾਣ 'ਚ 24. 7 ਫੀਸਦੀ ਦੀ ਕਮੀ ਆਈ ਹੈ। ਦੂਜੇ ਪਾਸੇ ਬਿਜਲੀ ਉਪਕਰਨਾਂ ਦੇ ਉਦਯੋਗ 'ਚ ਸਭ ਤੋਂ ਜ਼ਿਆਦਾ 10.5 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਅਦ ਰੈਡੀਮੇਡ ਕੱਪੜਿਆਂ 'ਚ 9.6 ਫੀਸਦੀ ਤੇ ਹੈਂਡ ਬੈਗ, ਬੂਟ-ਚੱਪਲਾਂ ਅਤੇ ਚਮੜਾ ਉਦਯੋਗ 'ਚ 5.3 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਟੀ. ਸੀ. ਐੱਸ. 55000 ਲੋਕਾਂ ਦੀ ਨਿਯੁਕਤੀ ਦੇ ਟੀਚੇ ਵਲ ਵਧਿਆ
NEXT STORY