ਐੱਨ. ਆਈ. ਐੈੱਸ. ਚੌਕ 'ਚ ਸ਼ੇਰ!
ਪਟਿਆਲਾ, (ਰਾਜੇਸ਼)-ਸ਼ਾਹੀ ਸ਼ਹਿਰ ਪਟਿਆਲਾ ਦੇ ਐੱਨ. ਆਈ. ਐੱਸ. ਚੌਕ ਵਿਚ ਕੀ ਅਸਲ ਵਿਚ ਰਾਤ ਸਮੇਂ ਸ਼ੇਰ ਘੁੰਮਦਾ ਹੈ। ਜੇਕਰ ਇਹ ਗੱਲ ਸੱਚ ਹੈ ਤਾਂ ਇਹ ਲੋਕਾਂ ਲਈ ਖਤਰੇ ਦੀ ਘੰਟੀ ਹੈ। ਸ਼ਹਿਰ ਪਟਿਆਲਾ ਦੇ ਲੋਕਾਂ ਦੇ ਵਟਸਐਪ 'ਤੇ ਲੰਘੀ ਰਾਤ ਲੋਅਰ ਮਾਲ ਰੋਡ 'ਤੇ ਐੱਨ. ਆਈ. ਐੱਸ. ਚੌਕ ਨੇੜੇ ਘੁੰਮਦੇ ਹੋਏ ਇਕ ਸ਼ੇਰ ਦਾ ਵੀਡੀਓ ਵਾਇਰਲ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਵੀਡੀਓ ਦੇਖਣ ਨਾਲ ਲੱਗ ਰਿਹਾ ਹੈ ਕਿ ਜਿਵੇਂ ਇਹ ਸ਼ੇਰ ਰਾਤ 12 ਵਜੇ ਇਕੱਲਾ ਘੁੰਮ ਰਿਹਾ ਹੋਵੇ। ਵੀਡੀਓ ਵਿਚ ਸਪਸ਼ਟ ਦਿਖਾਈ ਦਿੰਦਾ ਹੈ ਕਿ ਜਿਸ ਸੜਕ 'ਤੇ ਸ਼ੇਰ ਘੁੰਮ ਰਿਹਾ ਹੈ, ਉਹ ਮਾਲ ਰੋਡ ਅਤੇ ਐੱਨ. ਆਈ. ਐੱਸ. ਚੌਕ ਦਾ ਇਲਾਕਾ ਹੈ। ਜਿਸ ਵਿਅਕਤੀ ਨੇ ਵੀਡੀਓ ਬਣਾਇਆ ਹੈ, ਉਹ ਸ਼ੇਰ ਦੇ ਪਿੱਛੇ ਕਾਰ ਵਿਚ ਜਾ ਰਿਹਾ ਹੈ। ਲਗਭਗ ਇਕ ਮਿੰਟ ਦੇ ਇਸ ਵੀਡੀਓ ਕਲਿਪ ਵਿਚ ਸ਼ੇਰ ਲੋਅਰ ਮਾਲ ਰੋਡ 'ਤੇ ਬੇਖੌਫ ਘੁੰਮਦਾ ਦਿਖਾਈ ਦੇ ਰਿਹਾ ਹੈ ਅਤੇ ਜਦੋਂ ਵੀਡੀਓ ਬੰਦ ਹੁੰਦਾ ਹੈ ਤਾਂ ਸ਼ੇਰ ਸੜਕ ਦੇ ਕਿਨਾਰੇ ਬਣੀ ਇਕ ਝੁੱਗੀ ਵਿਚ ਵੜਦਾ ਦਿਖਾਈ ਦਿੰਦਾ ਹੈ। ਇਹ ਵੀਡੀਓ ਕਲਿਪ ਝੂਠ ਹੈ ਜਾਂ ਸੱਚ ਇਸ ਬਾਰੇ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਜਿਸ ਇਲਾਕੇ ਤੋਂ ਵੀਡੀਓ ਬਣਾਈ ਗਈ ਹੈ, ਉਸਦੀ ਪਛਾਣ ਸਪਸ਼ਟ ਤੌਰ 'ਤੇ ਹੁੰਦੀ ਹੈ ਕਿ ਉਹ ਇਲਾਕਾ ਲੋਅਰ ਮਾਲ ਰੋਡ ਦਾ ਹੀ ਹੈ, ਜਿਸ ਕਾਰਨ ਲੋਕਾਂ ਦੇ ਹੋਸ਼ ਉਡੇ ਹੋਏ ਹਨ। ਲੋਕਾਂ ਦੀ ਟੈਨਸ਼ਨ ਇਸ ਗੱਲ ਤੋਂ ਵੱਧ ਜਾਂਦੀ ਹੈ ਕਿ ਜਿਸ ਜਗ੍ਹਾ 'ਤੇ ਸ਼ੇਰ ਘੁੰਮਦਾ ਹੋਇਆ ਦਿਖਾਈ ਦਿੰਦਾ ਹੈ, ਸ਼ਹਿਰ ਦਾ ਡੀਅਰ ਪਾਰਕ ਉਸਦੇ ਬਿਲਕੁਲ ਨੇੜੇ ਹੈ। ਇਸ ਡੀਅਰ ਪਾਰਕ ਵਿਚ ਕਾਫੀ ਵੱਡਾ ਜੰਗਲ ਹੈ, ਜਿੱਥੇ ਕਈ ਤਰ੍ਹਾਂ ਦੇ ਜਾਨਵਰ ਰਹਿੰਦੇ ਹਨ। ਇਸ ਜੰਗਲ ਵਿਚ ਸ਼ੇਰ ਜਾਂ ਤੇਂਦੂਏ ਹਨ ਜਾਂ ਨਹੀਂ ਇਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੈ। ਜੰਗਲੀ ਜੀਵ ਵਿਭਾਗ ਨੇ ਵੀ ਕਦੀ ਇਥੇ ਸ਼ੇਰ ਜਾਂ ਚੀਤੇ ਦੇ ਹੋਣ ਦਾ ਖੁਲਾਸਾ ਨਹੀਂ ਕੀਤਾ ਹੈ। ਜੋ ਵੀ ਹੋਵੇ ਇਸ ਵੀਡੀਓ ਕਲਿਪ ਨੇ ਲੋਕਾਂ ਦੇ ਹੋਸ਼ ਉਡਾਏ ਹੋਏ ਹਨ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਬਾਰੇ ਲੋਕਾਂ ਦੇ ਭਰਮ ਦੂਰ ਕਰਨ।
ਵਿਵਾਦਾਂ 'ਚ ਘਿਰੀ ਸਰਕਾਰ ਵਿਧਾਨ ਸਭਾ ਸੈਸ਼ਨ ਸੱਦਣ ਤੋਂ ਭੱਜਣ ਲੱਗੀ : ਜਾਖੜ
NEXT STORY