ਮੋਗਾ- ਜਿਥੇ ਇਕ ਪਾਸੇ ਖ੍ਰੀਦ ਏਜੰਸੀਆਂ ਅਤੇ ਕਣਕ, ਝੋਨੇ ਦੀ ਸਾਂਭ-ਸੰਭਾਲ ਕਰਨ ਵਾਲੀਆਂ ਏਜੰਸੀਆਂ ਨਾਲ ਨਹੁੰ-ਮਾਸ ਦੇ ਰਿਸ਼ਤੇ ਵਾਂਗ ਨਿਭਣ ਵਾਲੇ ਸ਼ੈਲਰਾਂ ਦੇ ਮਾਲਕ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀਆਂ ਉਪਰ ਕੰਮ 'ਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾ ਰਹੇ ਹਨ, ਉਥੇ ਅੱਜ ਪੱਤਰਕਾਰਾਂ ਦੀ ਟੀਮ ਨੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਗੁਦਾਮਾਂ ਦਾ ਜਦ ਦੌਰਾ ਕੀਤਾ ਤਾਂ ਉਥੇ ਕਣਕ ਦੇ ਖਰਾਬ ਗੱਟੇ ਵੀ ਦੇਖਣ ਨੂੰ ਮਿਲੇ, ਜਿਸ ਨੇ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਦੀ ਪੋਲ ਖੋਲ੍ਹੀ। ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਕਰਦੇ ਹਨ ਅਤੇ ਇਨ੍ਹਾਂ ਛੁੱਟੀ ਵਾਲੇ ਦੋ ਦਿਨਾਂ 'ਚ ਗੁਦਾਮਾਂ 'ਚ ਪਈ ਕਣਕ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਜੇਕਰ ਇਨ੍ਹਾਂ ਛੁੱਟੀ ਵਾਲੇ ਦਿਨਾਂ ਵਿਚ ਮੀਂਹ ਜਾਂ ਹਨ੍ਹੇਰੀ ਆ ਜਾਵੇ ਤਾਂ ਗੁਦਾਮਾਂ 'ਚ ਖੁੱਲ੍ਹੇ ਆਸਮਾਨ ਹੇਠ ਪਈ ਜਿਣਸ ਦਾ ਮੰਦਾ ਹਾਲ ਹੋ ਜਾਂਦਾ ਹੈ। ਬੀਤੇ ਕੱਲ ਵੀ ਆਏ ਮੀਂਹ ਨੇ ਗੁਦਾਮਾਂ 'ਚ ਪਈ ਕਣਕ ਨੂੰ ਖਰਾਬ ਕਰ ਦਿੱਤਾ। ਇਕ ਪਾਸੇ ਭਾਰਤ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵੱਛ ਭਾਰਤ, ਈਮਾਨਦਾਰੀ ਵਰਗੀਆਂ ਮੁਹਿੰਮਾਂ ਚਲਾ ਕੇ ਦੇਸ਼ ਨੂੰ ਨਵੀਂ ਦਿਸ਼ਾ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਅਧਿਕਾਰੀ ਮੋਦੀ ਦੀ ਇਸ ਮੁਹਿੰਮ ਦਾ ਹਿੱਸਾ ਨਾ ਬਣਨ ਦੀ ਬਜਾਏ ਸਰਕਾਰ ਨੂੰ ਰਗੜਾ ਲਗਾਉਣ ਲਈ ਉਤਾਵਲੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਦਾਮਾਂ 'ਚ ਖਰਾਬ ਹੋਈ ਕਣਕ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਦੂਸਰੇ ਰਾਜਾਂ ਨੂੰ ਭੇਜੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਾਣੀ ਨਾਲ ਖਰਾਬ ਹੋਈ ਕਣਕ ਫੁੱਲ ਜਾਂਦੀ ਹੈ, ਜਦਕਿ ਇਸ ਫੁੱਲ੍ਹੀ ਹੋਈ ਕਣਕ ਦਾ ਵਜ਼ਨ ਵੀ ਆਮ ਕਣਕ ਦੇ ਮੁਕਾਬਲੇ ਵਧ ਜਾਂਦਾ ਹੈ। ਕਣਕ ਅਤੇ ਚਾਵਲ ਦੇ ਕਿੱਤੇ ਨਾਲ ਜੁੜੇ ਇਕ ਵਪਾਰੀ ਅਤੇ ਇਨ੍ਹਾਂ ਮਹਿਕਮਿਆਂ ਨਾਲ ਸੰਬੰਧ ਰੱਖਣ ਵਾਲੇ ਇਕ ਮੁਲਾਜ਼ਮ ਨੇ ਆਪਣਾ ਨਾਂ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਪਹਿਲਾਂ ਤਾਂ ਗੁਦਾਮਾਂ ਦੀ ਨਿਗਰਾਨੀ ਕਰਨ ਵਾਲੇ ਕਈ ਭ੍ਰਿਸ਼ਟ ਅਧਿਕਾਰੀ ਕਥਿਤ ਤੌਰ 'ਤੇ ਕਣਕ ਵੇਚ ਦਿੰਦੇ ਹਨ ਪਰ ਨਾਲ ਹੀ ਵੇਚੀ ਹੋਈ ਕਣਕ ਦਾ ਬਾਰਦਾਨਾ ਵਾਪਸ ਆਪਣੇ ਪਾਸ ਮੰਗਵਾ ਲੈਂਦੇ ਹਨ। ਅਜਿਹੀ ਸਥਿਤੀ 'ਚ ਉਹ ਗਿੱਲੀ ਕਣਕ ਜੋ ਕਿ ਫੁਲਾਵਟ 'ਚ ਹੁੰਦੀ ਹੈ, ਦੀਆਂ ਕਥਿਤ ਬੋਰੀਆਂ ਭਰ ਕੇ ਨਗਾਂ ਦੀ ਪੂਰਤੀ ਕਰ ਲੈਂਦੇ ਹਨ। ਉਕਤ ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਅਜਿਹਾ ਵਰਤਾਰਾ ਪੰਜਾਬ ਦੀ ਇਕ ਏਜੰਸੀ ਦੇ ਅਧਿਕਾਰੀ ਕੇਂਦਰ ਪੱਧਰ ਦੀ ਇਕ ਏਜੰਸੀ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਕਰਦੇ ਹਨ। ਦੋਵਾਂ ਵਿਅਕਤੀਆਂ ਨੇ ਇਹ ਵੀ ਇੰਕਸਾਫ ਕੀਤਾ ਕਿ ਜੇਕਰ ਮੋਗਾ ਜ਼ਿਲੇ ਅੰਦਰ ਵੱਖ-ਵੱਖ ਥਾਵਾਂ 'ਤੇ ਸਟੋਰ ਕੀਤੀ ਕਣਕ ਦੇ ਚੱਕੇ ਪੁਟਵਾ ਕੇ ਜਾਂਚ ਕੀਤੀ ਜਾਵੇ ਤਾਂ ਕਣਕ ਦੀ ਬਜਾਏ ਕਈ ਥਾਵਾਂ 'ਤੇ ਗੱਟਿਆਂ ਵਿਚੋਂ ਮਿੱਟੀ-ਘੱਟਾ ਅਤੇ ਖਰਾਬ ਕਣਕ ਮਿਲ ਸਕਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਇਸ ਸਾਰੇ ਮਾਮਲੇ ਦੀ ਵਿਜੀਲੈਂਸ ਜਾਂਚ ਹੋਵੇ ਤਾਂ ਕਰੋੜਾਂ ਰੁਪਏ ਦੇ ਘੋਟਾਲਿਆਂ ਦਾ ਪਰਦਾਫਾਸ਼ ਹੋ ਸਕਦਾ ਹੈ।
ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਕਥਿਤ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਅੱਕੇ ਹੋਏ ਸ਼ੈਲਰ ਮਾਲਕਾਂ ਨੇ ਅੱਜ ਕਾਰਪੋਰੇਸ਼ਨ ਦੇ ਵਿਰੁੱਧ ਰੋਸ ਧਰਨਾ ਦਿੱਤਾ, ਜਿਸ ਦੌਰਾਨ ਸ਼ੈਲਰ ਐਸੋਸੀਏਸ਼ਨ ਮੋਗਾ ਨੇ ਡੀ. ਐੱਮ. ਦੇ ਦਫਤਰ ਅੱਗੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ਼ੈਲਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਪ੍ਰੇਮ ਸਿੰਗਲਾ ਨੇ ਦੋਸ਼ ਲਗਾਇਆ ਕਿ ਝੋਨੇ 'ਚੋਂ ਚਾਵਲ ਕੱਢਣ ਉਪਰੰਤ ਉਨ੍ਹਾਂ ਨੂੰ ਸਰਕਾਰ ਹਵਾਲੇ ਕਰਨ ਅਤੇ ਚਾਵਲ ਡੰਪ ਕਰਨ ਦਾ ਸੀਜ਼ਨ ਹੋ ਚੁੱਕਾ ਹੈ ਪਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਆਪਣੀਆਂ ਮਨਮਰਜ਼ੀਆਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਕੰਮ-ਕਾਰ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਦੀਆਂ ਛੁੱਟੀਆਂ ਕੱਟਣ ਉਪਰੰਤ ਸੋਮਵਾਰ ਨੂੰ ਵੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਆਪਣੇ ਦਫਤਰ 'ਚ ਨਹੀਂ ਆਏ ਅਤੇ ਚਾਵਲ ਜਮ੍ਹਾ ਕਰਵਾਉਣ ਗਏ ਸ਼ੈਲਰ ਮਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਨਸ਼ੀਲੇ ਪਾਊਡਰ, ਨਾਜਾਇਜ਼ ਸ਼ਰਾਬ ਅਤੇ ਦੜੇ ਸੱਟੇ ਲਗਾਉਂਦੇ 3 ਕਾਬੂ
NEXT STORY